
ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਬਦਲੇ ਜਾਣ ਤੋਂ ਨਾਰਾਜ਼ ਸਾਬਕਾ ਮੁੱਖ ਮੰਤਰੀ
ਨਵੀਂ ਦਿੱਲੀ, 27 ਜੁਲਾਈ : ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਬਦਲੇ ਜਾਣ ਤੋਂ ਨਾਰਾਜ਼ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਉਹ ਰਾਜ ਦਾ ਦਰਜਾ ਬਹਾਲ ਹੋਣ ਤਕ ਵਿਧਾਨ ਸਭਾ ਚੋਣ ਨਹੀਂ ਲੜਨਗੇ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਕੇਂਦਰ ਵਿਚ ਮੰਤਰੀ ਰਹਿ ਚੁਕੇ ਉਮਰ ਨੇ ਇਹ ਸਪੱਸ਼ਟ ਕੀਤਾ ਕਿ ਉਹ ਅਪਣੀ ਪਾਰਟੀ ਨੈਸ਼ਨਲ ਕਾਨਫ਼ਰੰਸ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਕੰਮ ਕਰਦੇ ਰਹਿਣਗੇ। 50 ਸਾਲਾ ਉਮਰ ਨੇ ਕਿਹਾ,
Omar Abdhulla
‘ਮੈਂ ਰਾਜ ਦੀ ਵਿਧਾਨ ਸਭਾ ਦਾ ਆਗੂ ਰਿਹਾ ਹਾਂ। ਅਪਣੇ ਸਮੇਂ ਵਿਚ ਇਹ ਸੱਭ ਤੋਂ ਮਜ਼ਬੂਤ ਵਿਧਾਨ ਸਭਾ ਸੀ। ਹੁਣ ਇਹ ਦੇਸ਼ ਦੀ ਸੱਭ ਤੋਂ ਸ਼ਕਤੀਹੀਣ ਵਿਧਾਨ ਸਭਾ ਬਣ ਚੁਕੀਹੈ ਅਤੇ ਮੈਂ ਇਸ ਦਾ ਮੈਂਬਰ ਨਹੀਂ ਬਣਾਂਗਾ।’ ਉਨ੍ਹਾਂ ਕਿਹਾ, ‘ਇਹ ਕੋਈ ਧਮਕੀ ਜਾਂ ਬਲੈਕਮੇਲ ਨਹੀਂ। ਇਹ ਨਿਰਾਸ਼ਾ ਦਾ ਇਜ਼ਹਾਰ ਨਹੀਂ। ਇਹ ਇਕ ਆਮ ਗੱਲ ਹੈ ਕਿ ਮੈਂ ਇਸ ਤਰ੍ਹਾਂ ਦੀ ਕਮਜ਼ੋਰ ਵਿਧਾਨ ਸਭਾ, ਕੇਂਦਰ ਸ਼ਾਸਤ ਪ੍ਰਦੇਸ਼ ਦੀ ਵਿਧਾਨ ਸਭਾ ਦੀ ਅਗਵਾਈ ਕਰਨ ਲਈ ਚੋਣ ਨਹੀਂ ਲੜਾਂਗਾ।’ ਸੰਵਿਧਾਨ ਦੀ ਧਾਰਾ 370 ਦੀਆਂ ਬਹੁਤੀਆਂ ਸ਼ਰਤਾਂ ਖ਼ਤਮ ਕੀਤੇ ਜਾਣ ਦੇ ਸਖ਼ਤ ਆਲੋਚਕ ਉਮਰ ਨੇ ਕਿਹਾ ਕਿ ਵਿਸ਼ੇਸ਼ ਦਰਜਾ ਖ਼ਤਮ ਕਰਨ ਲਈ ਕਈ ਕਾਰਨ ਗਿਣਾਏ ਗਏ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਵਿਚੋਂ ਕਿਸੇ ਵੀ ਤਰਕ ਦੀ ਕੋਈ ਜਾਂਚ ਨਹੀਂ ਕੀਤੀ ਗਈ।
ਨੈਸ਼ਨਲ ਕਾਨਫ਼ਰੰਸ ਦੇ ਮੀਤ ਪ੍ਰਧਾਨ ਨੇ ਪਿਛਲੇ ਸਾਲ ਪੰਜ ਅਗੱਸਤ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ ਨੂੰ ਖ਼ਤਮ ਕੀਤੇ ਜਾਣ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਸੁਪਰੀਮ ਕੋਰਟ ਵਿਚ ਇਸ ਦਾ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਉਹ ਜਮਹੂਰੀਅਤ ਵਿਚ ਸ਼ਾਂਤਮਈ ਵਿਰੋਧੀ ਧਿਰ ਵਿਚ ਵਿਸ਼ਵਾਸ ਰਖਦੇ ਹਨ। (ਏਜੰਸੀ)