
ਮਾਂ ਗ੍ਰਿਫ਼ਤਾਰ, ਪਿਤਾ ਫ਼ਰਾਰ
ਕੋਲਕਾਤਾ: ਪਛਮੀ ਬੰਗਾਲ ਦੇ ਉੱਤਰੀ 24 ਪਰਗਨਾ ’ਚ ਇਕ ਜੋੜੇ ਨੇ ਕਥਿਤ ਤੌਰ ’ਤੇ ਰੀਲ ਬਣਾਉਣ ਲਈ ਆਈਫੋਨ ਖਰੀਦਣ ਲਈ ਅਪਣੇ ਅੱਠ ਮਹੀਨਿਆਂ ਦੇ ਬੇਟੇ ਨੂੰ ਵੇਚ ਦਿਤਾ। ਪੁਲਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਪੁਲਸ ਨੇ ਦਸਿਆ ਕਿ ਇਹ ਘਟਨਾ ਕੋਲਕਾਤਾ ਨੇੜੇ ਪਾਣੀਹਾਟੀ ਦੇ ਗੰਗਾਨਗਰ ਇਲਾਕੇ ’ਚ ਵਾਪਰੀ। ਜਿਸ ’ਚ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਫਰਾਰ ਪਿਤਾ ਦੀ ਭਾਲ ਜਾਰੀ ਹੈ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦਸਿਆ ਕਿ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸਥਾਨਕ ਲੋਕਾਂ ਨੇ ਬੱਚੇ ਨੂੰ ਹਫਤਿਆਂ ਤਕ ਪਤੀ-ਪਤਨੀ ਨਾਲ ਨਹੀਂ ਵੇਖਿਆ ਅਤੇ ਉਨ੍ਹਾਂ ਨੂੰ ਸ਼ੱਕ ਹੋਇਆ। ਜਿਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ।
ਅਧਿਕਾਰੀ ਨੇ ਦਸਿਆ, ‘‘ਅਸੀਂ ਬੱਚੇ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕੇਸ ਦਰਜ ਹੋਣ ਤੋਂ ਬਾਅਦ ਤੋਂ ਫਰਾਰ ਪਿਤਾ ਦੀ ਭਾਲ ਕਰ ਰਹੇ ਹਾਂ। ਜੋੜੇ ਨੇ ਬੱਚੇ ਨੂੰ ਵੇਚ ਕੇ ਰੀਲ ਬਣਾਉਣ ਲਈ ਆਈਫੋਨ 14 ਖਰੀਦਿਆ।’’
ਛੋਟੀਆਂ ਵੀਡੀਓਜ਼ ਨੂੰ ਰੀਲ ਕਿਹਾ ਜਾਂਦਾ ਹੈ ਜੋ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ, ‘‘ਮਾਂ ਨੇ ਮੰਨਿਆ ਹੈ ਕਿ ਉਸ ਨੇ ਬੱਚੇ ਨੂੰ ਵੇਚਣ ਤੋਂ ਮਿਲੇ ਪੈਸਿਆਂ ਨਾਲ ਦੀਘਾ ਅਤੇ ਮੰਦਾਰਮੋਨੀ ਦੀ ਸੈਰ ਕੀਤੀ।’’
ਅਧਿਕਾਰੀ ਨੇ ਦਸਿਆ ਕਿ ਘਟਨਾ ਇਕ ਮਹੀਨਾ ਪਹਿਲਾਂ ਵਾਪਰੀ ਸੀ, ਜਿਸ ਦੀ ਸੂਚਨਾ 24 ਜੁਲਾਈ ਨੂੰ ਪੁਲਸ ਨੂੰ ਦਿਤੀ ਗਈ ਸੀ। ਉਨ੍ਹਾਂ ਕਿਹਾ ਕਿ ਬੱਚੇ ਨੂੰ ਖਰੀਦਣ ਵਾਲੇ ਜੋੜੇ ਦਾ ਵੀ ਪਤਾ ਲਾਇਆ ਜਾ ਰਿਹਾ ਹੈ ਅਤੇ ਬੱਚੇ ਨੂੰ ਵੇਚਣਾ ਗੈਰ-ਕਾਨੂੰਨੀ ਹੋਣ ਕਾਰਨ ਉਨ੍ਹਾਂ ਵਿਰੁਧ ਕੇਸ ਦਰਜ ਕੀਤਾ ਜਾਵੇਗਾ।