
ਤਿੰਨ ਪ੍ਰਾਜੈਕਟਾਂ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ’ਚ ਲਗਭਗ 300 ਕਿਲੋਮੀਟਰ ਦਾ ਵਾਧਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 6,456 ਕਰੋੜ ਰੁਪਏ ਦੀ ਕੁਲ ਅਨੁਮਾਨਿਤ ਲਾਗਤ ਨਾਲ ਤਿੰਨ ਰੇਲਵੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇ ਦਿਤੀ ਹੈ। ਰੇਲ ਮੰਤਰਾਲੇ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿਤੀ।ਮੰਤਰਾਲੇ ਅਨੁਸਾਰ, ਇਹ ਪ੍ਰਾਜੈਕਟ ਦੂਰ-ਦੁਰਾਡੇ ਦੇ ਇਲਾਕਿਆਂ ਨੂੰ ਆਪਸ ’ਚ ਜੋੜ ਕੇ ਢੋਆ-ਢੁਆਈ ਸਬੰਧੀ ਸਮਰੱਥਾ ’ਚ ਸੁਧਾਰ ਲਿਆਉਣ, ਮੌਜੂਦਾ ਲਾਈਨ ਸਮਰੱਥਾ ਨੂੰ ਵਧਾਉਣ ਅਤੇ ਆਵਾਜਾਈ ਨੈਟਵਰਕ ਦਾ ਵਿਸਥਾਰ ਕਰਨ ਦੇ ਨਾਲ ਹੀ ਸਪਲਾਈ ਲੜੀ ਨੂੰ ਸੁਚਾਰੂ ਕੀਤਾ ਜਾ ਸਕੇਗਾ, ਜਿਸ ਨਾਲ ਤੇਜ਼ ਆਰਥਕ ਵਿਕਾਸ ਹੋਵੇਗਾ।
ਮੰਤਰਾਲੇ ਨੇ ਕਿਹਾ, ‘‘ਨਵੀਂ ਲਾਈਨ ਦੇ ਪ੍ਰਸਤਾਵ ਸਿੱਧੇ ਸੰਪਰਕ ਪ੍ਰਦਾਨ ਕਰਨਗੇ ਅਤੇ ਕਨੈਕਟੀਵਿਟੀ ’ਚ ਸੁਧਾਰ ਕਰਨਗੇ ਅਤੇ ਭਾਰਤੀ ਰੇਲਵੇ ਦੀ ਕੁਸ਼ਲਤਾ ਅਤੇ ਸੇਵਾ ਭਰੋਸੇਯੋਗਤਾ ਨੂੰ ਵਧਾਉਣਗੇ। ਮਲਟੀ-ਟਰੈਕਿੰਗ ਪ੍ਰਸਤਾਵ ਸੰਚਾਲਨ ਨੂੰ ਆਸਾਨ ਬਣਾਏਗਾ ਅਤੇ ਭੀੜ ਨੂੰ ਘਟਾਏਗਾ, ਜਿਸ ਨਾਲ ਭਾਰਤੀ ਰੇਲਵੇ ਦੇ ਸੱਭ ਤੋਂ ਵਿਅਸਤ ਸੈਕਸ਼ਨਾਂ ’ਤੇ ਬੁਨਿਆਦੀ ਢਾਂਚੇ ਦਾ ਬਹੁਤ ਜ਼ਰੂਰੀ ਵਿਕਾਸ ਹੋਵੇਗਾ।’’
ਬਿਆਨ ’ਚ ਕਿਹਾ ਗਿਆ, ‘‘ਇਹ ਪ੍ਰਾਜੈਕਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਭਾਰਤ ਦੀ ਸੋਚ ਦੇ ਅਨੁਸਾਰ ਹਨ ਜੋ ਵੱਖ-ਵੱਖ ਖੇਤਰਾਂ ’ਚ ਵਿਆਪਕ ਵਿਕਾਸ ਲਿਆਏਗਾ ਅਤੇ ਲੋਕਾਂ ਨੂੰ ਆਤਮ ਨਿਰਭਰ ਬਣਾਏਗਾ ਅਤੇ ਉਨ੍ਹਾਂ ਦੇ ਰੁਜ਼ਗਾਰ/ਸਵੈ-ਰੁਜ਼ਗਾਰ ਦੇ ਮੌਕਿਆਂ ’ਚ ਵਾਧਾ ਕਰੇਗਾ।’’
ਮੰਤਰਾਲੇ ਅਨੁਸਾਰ, ਇਹ ਪ੍ਰਾਜੈਕਟ ਮਲਟੀ-ਮਾਡਲ ਕਨੈਕਟੀਵਿਟੀ ਲਈ ‘ਪੀ.ਐਮ.-ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ’ ਦਾ ਨਤੀਜਾ ਹਨ, ਜੋ ਇਕ ਏਕੀਕ੍ਰਿਤ ਯੋਜਨਾ ਦੇ ਨਿਰਮਾਣ ਨਾਲ ਸੰਭਵ ਹੋਇਆ ਹੈ ਜੋ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਲਈ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰੇਗਾ।
ਮੰਤਰਾਲੇ ਨੇ ਕਿਹਾ, ‘‘ਓਡੀਸ਼ਾ, ਝਾਰਖੰਡ, ਪਛਮੀ ਬੰਗਾਲ ਅਤੇ ਛੱਤੀਸਗੜ੍ਹ ਵਰਗੇ ਚਾਰ ਸੂਬਿਆਂ ਦੇ ਸੱਤ ਜ਼ਿਲ੍ਹਿਆਂ ’ਚ ਲਾਗੂ ਕੀਤੇ ਜਾਣ ਵਾਲੇ ਤਿੰਨ ਪ੍ਰਾਜੈਕਟਾਂ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ’ਚ ਲਗਭਗ 300 ਕਿਲੋਮੀਟਰ ਦਾ ਵਾਧਾ ਹੋਵੇਗਾ।’’
ਉਨ੍ਹਾਂ ਕਿਹਾ, ‘‘ਇਨ੍ਹਾਂ ਪ੍ਰਾਜੈਕਟਾਂ ਦੇ ਨਾਲ, 14 ਨਵੇਂ ਸਟੇਸ਼ਨਾਂ ਦਾ ਨਿਰਮਾਣ ਕੀਤਾ ਜਾਵੇਗਾ ਜੋ ਦੋ ਖਾਹਿਸ਼ੀ ਜ਼ਿਲ੍ਹਿਆਂ (ਨੂਆਪਾੜਾ ਅਤੇ ਪੂਰਬੀ ਸਿੰਘਭੂਮ) ਨੂੰ ਬਿਹਤਰ ਸੰਪਰਕ ਪ੍ਰਦਾਨ ਕਰਨਗੇ।’’ ਨਵੀਂ ਲਾਈਨ ਪ੍ਰਾਜੈਕਟ ਲਗਭਗ 1,300 ਪਿੰਡਾਂ ਅਤੇ ਲਗਭਗ 11 ਲੱਖ ਲੋਕਾਂ ਨੂੰ ਕਨੈਕਟੀਵਿਟੀ ਪ੍ਰਦਾਨ ਕਰਨਗੇ। ਇਸ ’ਚ ਕਿਹਾ ਗਿਆ, ‘‘ਮਲਟੀ-ਟਰੈਕਿੰਗ ਪ੍ਰਾਜੈਕਟ ਲਗਭਗ 1,300 ਪਿੰਡਾਂ ਅਤੇ ਲਗਭਗ 19 ਲੱਖ ਲੋਕਾਂ ਨੂੰ ਕਨੈਕਟੀਵਿਟੀ ਪ੍ਰਦਾਨ ਕਰੇਗਾ।’’