
ਪੋਤਾ-ਪੋਤੀ ਅਤੇ ਦੋਹਤੇ ਪਹੁੰਚੇ ਵਧਾਈ ਦੇਣ
ਜੈਪੁਰ : ਉਦੈਪੁਰ ਦੇ ਝਡੋਲ ਵਿੱਚ ਇੱਕ 55 ਸਾਲਾ ਔਰਤ ਨੇ ਆਪਣੇ 17ਵੇਂ ਬੱਚੇ ਨੂੰ ਜਨਮ ਦਿੱਤਾ। ਰੇਖਾ ਕਾਲਬੇਲੀਆ ਨੇ ਧੀ ਨੂੰ ਜਨਮ ਦਿੱਤਾ ਅਤੇ ਉਸਦੇ ਪੋਤੇ-ਪੋਤੀਆਂ ਅਤੇ ਦੋਹਤੇ ਵੀ ਉਸਨੂੰ ਵਧਾਈ ਦੇਣ ਲਈ ਝਡੋਲ ਪਹੁੰਚੇ। ਝਡੋਲ ਕਮਿਊਨਿਟੀ ਹੈਲਥ ਸੈਂਟਰ ਦੇ ਡਾਕਟਰ ਰੋਸ਼ਨ ਦਰੰਗੀ ਨੇ ਕਿਹਾ ਕਿ ਔਰਤ ਨੇ ਸਾਨੂੰ ਦੱਸਿਆ ਸੀ ਕਿ ਇਹ ਉਸਦਾ ਚੌਥਾ ਬੱਚਾ ਹੈ। ਜਦਕਿ ਸਾਨੂੰ ਬਾਅਦ ’ਚ ਪਤਾ ਲੱਗਾ ਕਿ ਉਸਦੇ ਪਹਿਲਾਂ 16 ਬੱਚੇ ਹਨ। ਜਿਨ੍ਹਾਂ ’ਚੋਂ 5 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 11 ਜ਼ਿੰਦਾ ਹਨ। ਡਾਕਟਰ ਦਾ ਕਹਿਣਾ ਹੈ ਕਿ ਇਤਿਹਾਸ ਦੱਸੇ ਬਿਨਾਂ ਅਜਿਹੀ ਡਿਲੀਵਰੀ ਜ਼ਿਆਦਾ ਖਤਰੇ ਵਾਲੀ ਹੋ ਸਕਦੀ ਸੀ।
ਲੀਲਾਵਾਸ ਦੀ ਰਹਿਣ ਵਾਲੀ ਰੇਖਾ ਕਾਲਬੇਲੀਆ ਦੀ ਡਿਲੀਵਰੀ ਝਡੋਲ ਕਮਿਊਨਿਟੀ ਹੈਲਥ ਸੈਂਟਰ ਵਿੱਚ ਹੋਈ। ਉਸਦਾ ਪਤੀ ਕਵਰਾਰਾਮ ਕਾਲਬੇਲੀਆ (55) ਸਕ੍ਰੈਪ ਡੀਲਰ ਵਜੋਂ ਕੰਮ ਕਰਦਾ ਹੈ। ਕਵਾਰਾ ਰਾਮ ਕਾਲਬੇਲੀਆ ਨੇ ਕਿਹਾ ਉਸਦੇ ਪਹਿਲਾਂ ਹੀ 7 ਪੁੱਤਰ ਅਤੇ 4 ਧੀਆਂ ਹਨ। ਜਦੋਂ ਕਿ 4 ਮੁੰਡੇ ਅਤੇ ਇੱਕ ਕੁੜੀ ਜਨਮ ਤੋਂ ਬਾਅਦ ਮਰ ਗਈ। ਇੱਕ ਹੋਰ ਧੀ ਦੇ ਜਨਮ ਨਾਲ ਹੁਣ ਉਸਦੇ ਕੁੱਲ 12 ਬੱਚੇ ਹਨ। ਇਹਨਾਂ ਵਿੱਚੋਂ ਦੋ ਪੁੱਤਰ ਅਤੇ ਤਿੰਨ ਧੀਆਂ ਵਿਆਹੀਆਂ ਹੋਈਆਂ ਹਨ। ਇਹਨਾਂ ਵਿਆਹੇ ਹੋਏ ਪੁੱਤਰਾਂ ਅਤੇ ਧੀਆਂ ਦੇ ਵੀ ਦੋ ਤੋਂ ਤਿੰਨ ਬੱਚੇ ਹਨ।