
ਕਿਹਾ, ਭਾਰਤ ਨੂੰ ਅਮਰੀਕੀ ਆਯਾਤ ਉਤੇ ਜ਼ਿਆਦਾ ਟੈਰਿਫ ਲਗਾਉਣੇ ਚਾਹੀਦੇ ਹਨ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਉਤੇ ਦੇਸ਼ ਦੇ ਨਰਮਾ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਵੀਰਵਾਰ ਨੂੰ ਮੰਗ ਕੀਤੀ ਕਿ ਭਾਰਤ ਅਮਰੀਕੀ ਆਯਾਤ ਉਤੇ ਜ਼ਿਆਦਾ ਟੈਰਿਫ ਲਗਾਵੇ ਅਤੇ ਕਿਹਾ ਕਿ ਪੂਰਾ ਦੇਸ਼ ਇਸ ਫੈਸਲੇ ਦਾ ਸਮਰਥਨ ਕਰੇਗਾ।
ਕੇਜਰੀਵਾਲ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ ਕਪਾਹ ਉਤੇ 11 ਫੀ ਸਦੀ ਡਿਊਟੀ ਮੁਆਫ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਸਥਾਨਕ ਕਿਸਾਨਾਂ ਦਾ ਕਾਰੋਬਾਰ ਪ੍ਰਭਾਵਤ ਹੋ ਸਕਦਾ ਹੈ। ਕੇਂਦਰ ਸਰਕਾਰ ਵਲੋਂ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਆਈ।
ਇਹ ਟਿਪਣੀ ਕਰਦਿਆਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੈਸਲਾ ਭਾਰਤ ਦੇ ਕਿਸਾਨਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ, ‘ਆਪ’ ਮੁਖੀ ਨੇ ਮੰਗ ਕੀਤੀ ਕਿ ਸਰਕਾਰ ਅਮਰੀਕੀ ਆਯਾਤ ਉਤੇ ਵਧੇਰੇ ਟੈਰਿਫ ਲਗਾਏ।
ਉਨ੍ਹਾਂ ਕਿਹਾ, ‘‘ਦੂਜੇ ਦੇਸ਼ ਨਹੀਂ ਝੁਕੇ, ਉਨ੍ਹਾਂ ਨੇ ਜ਼ਿਆਦਾ ਟੈਰਿਫ ਲਗਾਏ। ਸਾਨੂੰ ਵਧੇਰੇ ਟੈਰਿਫ ਵੀ ਲਗਾਉਣੇ ਚਾਹੀਦੇ ਹਨ। ਜੇਕਰ ਅਮਰੀਕਾ 50 ਫੀ ਸਦੀ ਟੈਰਿਫ ਲਗਾ ਰਿਹਾ ਹੈ ਤਾਂ ਸਾਨੂੰ ਇਸ ਨੂੰ ਦੁੱਗਣਾ ਕਰ ਕੇ 100 ਫੀ ਸਦੀ ਕਰਨਾ ਚਾਹੀਦਾ ਹੈ। ਪੂਰਾ ਦੇਸ਼ ਇਸ ਫੈਸਲੇ ਦਾ ਸਮਰਥਨ ਕਰੇਗਾ। ਕੋਈ ਵੀ ਦੇਸ਼ ਭਾਰਤ ਨੂੰ ਨਾਰਾਜ਼ ਨਹੀਂ ਕਰ ਸਕਦਾ। ਅਸੀਂ 140 ਕਰੋੜ ਲੋਕਾਂ ਦਾ ਦੇਸ਼ ਹਾਂ।’’
ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਤੋਂ ਆਯਾਤ ਹੋਣ ਵਾਲੇ ਕਪਾਹ ਉਤੇ 11 ਫੀ ਸਦੀ ਡਿਊਟੀ ਲਗਾਉਂਦਾ ਸੀ। ਇਸ ਦਾ ਮਤਲਬ ਇਹ ਸੀ ਕਿ ਅਮਰੀਕੀ ਕਪਾਹ ਘਰੇਲੂ ਕਪਾਹ ਨਾਲੋਂ ਮਹਿੰਗੀ ਸੀ। ਪਰ ਮੋਦੀ ਸਰਕਾਰ ਨੇ 19 ਅਗੱਸਤ ਤੋਂ 30 ਸਤੰਬਰ ਤਕ ਇਹ ਡਿਊਟੀ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਕਪੜਾ ਉਦਯੋਗਾਂ ਨੂੰ ਸਸਤਾ ਕਪਾਹ ਮਿਲੇਗਾ। ਕੇਜਰੀਵਾਲ ਨੇ ਦਾਅਵਾ ਕੀਤਾ, ‘‘ਜਦੋਂ ਅਕਤੂਬਰ ’ਚ ਸਾਡੀ ਕਪਾਹ ਬਾਜ਼ਾਰ ’ਚ ਵਿਕਰੀ ਲਈ ਆਵੇਗੀ ਤਾਂ ਇਸ ਨੂੰ ਲੈਣ ਵਾਲੇ ਬਹੁਤ ਘੱਟ ਹੋਣਗੇ। ਇਸ ਫੈਸਲੇ ਨਾਲ ਤੇਲੰਗਾਨਾ, ਪੰਜਾਬ, ਵਿਦਰਭ ਅਤੇ ਗੁਜਰਾਤ ਦੇ ਕਿਸਾਨ ਬਹੁਤ ਪ੍ਰਭਾਵਤ ਹੋਣਗੇ।’’ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚਾਹੁੰਦੀ ਹੈ ਕਿ ਕੇਂਦਰ ਅਮਰੀਕੀ ਕਪਾਹ ਉਤੇ 11 ਫ਼ੀ ਸਦੀ ਡਿਊਟੀ ਦੁਬਾਰਾ ਲਗਾਵੇ।
ਉਨ੍ਹਾਂ ਕਿਹਾ ਕਿ 7 ਸਤੰਬਰ ਨੂੰ ‘ਆਪ’ ਇਸ ਮੁੱਦੇ ਉਤੇ ਗੁਜਰਾਤ ਦੇ ਚੋਟੀਲਾ ’ਚ ਇਕ ਵਿਸ਼ਾਲ ਰੈਲੀ ਕਰੇਗੀ।