
ਜਨਰਲ ਬਿਪਿਨ ਰਾਵਤ ਦੀ ਮੌਤ ਤੋਂ ਬਾਅਦ ਸੀਡੀਐਸ ਦਾ ਅਹੁਦਾ ਖਾਲੀ ਹੋਇਆ ਸੀ। ਅਨਿਲ ਚੌਹਾਨ ਦੇਸ਼ ਦੇ ਦੂਜੇ ਸੀਡੀਐਸ ਹੋਣਗੇ।
ਨਵੀਂ ਦਿੱਲੀ: ਭਾਰਤ ਸਰਕਾਰ ਨੇ ਸੇਵਾਮੁਕਤ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੂੰ ਨਵਾਂ ਚੀਫ਼ ਆਫ਼ ਡਿਫੈਂਸ ਸਟਾਫ (CDS) ਨਿਯੁਕਤ ਕੀਤਾ ਹੈ। ਉਹ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਕੰਮ ਕਰਨਗੇ। ਜਨਰਲ ਬਿਪਿਨ ਰਾਵਤ ਦੀ ਮੌਤ ਤੋਂ ਬਾਅਦ ਸੀਡੀਐਸ ਦਾ ਅਹੁਦਾ ਖਾਲੀ ਹੋਇਆ ਸੀ। ਅਨਿਲ ਚੌਹਾਨ ਦੇਸ਼ ਦੇ ਦੂਜੇ ਸੀਡੀਐਸ ਹੋਣਗੇ।
ਲੈਫਟੀਨੈਂਟ ਜਨਰਲ ਅਨਿਲ ਚੌਹਾਨ ਪੂਰਬੀ ਕਮਾਂਡ ਦੇ ਅਫਸਰ ਕਮਾਂਡਿੰਗ-ਇਨ-ਚੀਫ ਰਹਿ ਚੁੱਕੇ ਹਨ। ਉਹਨਾਂ ਨੇ 1 ਸਤੰਬਰ 2019 ਨੂੰ ਇਹ ਅਹੁਦਾ ਸੰਭਾਲਿਆ ਸੀ। ਉਹ ਭਾਰਤੀ ਫੌਜ ਦੇ ਡੀਜੀਐਮਓ ਰਹਿ ਚੁੱਕੇ ਹਨ। ਲੈਫਟੀਨੈਂਟ ਜਨਰਲ ਚੌਹਾਨ 1981 ਤੋਂ 2021 ਤੱਕ ਫੌਜ ਵਿਚ ਵੱਖ-ਵੱਖ ਅਹੁਦਿਆਂ 'ਤੇ ਰਹੇ। ਉਹ ਪਰਮ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਕਰ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਸੀਡੀਐਸ ਬਿਪਿਨ ਰਾਵਤ ਦੀ ਦਸੰਬਰ 2021 ਨੂੰ ਕੂਨੂਰ ਤਾਮਿਲਨਾਡੂ ਵਿਚ ਇਕ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਸੀ। ਉਹ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਯਾਨੀ ਸੀਡੀਐਸ ਸਨ। ਇਸ ਹਾਦਸੇ ਵਿਚ ਜਨਰਲ ਰਾਵਤ ਦੀ ਪਤਨੀ ਮਧੁਲਿਕਾ ਰਾਵਤ ਸਮੇਤ 14 ਲੋਕਾਂ ਦੀ ਮੌਤ ਹੋਈ ਸੀ।