
2 ਅਕਤੂਬਰ ਮੌਕੇ ਲੋਕਾਂ ਨੂੰ ਖਾਦੀ ਵਸਤਾਂ ਖ਼ਰੀਦਣ ਦੀ ਅਪੀਲ ਕੀਤੀ
ਨਵੀਂ ਦਿੱਲੀ : ਅਪਣੇ 126ਵੇਂ ‘ਮਨ ਕੀ ਬਾਤ’ ਰੇਡੀਓ ਪ੍ਰਸਾਰਣ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਦੇਸ਼ੀ ਉਤੇ ਇਕ ਹੋਰ ਜ਼ੋਰ ਦਿਤਾ ਅਤੇ ਲੋਕਾਂ ਨੂੰ 2 ਅਕਤੂਬਰ ਨੂੰ ਗਾਂਧੀ ਜਯੰਤੀ ਉਤੇ ਖਾਦੀ ਵਸਤਾਂ ਖਰੀਦਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਇਸ ਤਿਉਹਾਰੀ ਸੀਜ਼ਨ ਨੂੰ ਸਿਰਫ ਸਵਦੇਸ਼ੀ ਵਸਤੂਆਂ ਨਾਲ ਮਨਾਉਣ ਦਾ ਸੰਕਲਪ ਲੈਣ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਖੁਸ਼ੀ ਕਈ ਗੁਣਾ ਵਧ ਜਾਵੇਗੀ।
ਉਨ੍ਹਾਂ ਕਿਹਾ, ‘‘ਲੋਕ ’ਵੋਕਲ ਫਾਰ ਲੋਕਲ’ ਨੂੰ ਅਪਣਾ ਖਰੀਦਦਾਰੀ ਮੰਤਰ ਬਣਾਉਣ। ਸੰਕਲਪ ਕਰੋ, ਕਿ ਹਮੇਸ਼ਾ ਲਈ, ਤੁਸੀਂ ਸਿਰਫ ਉਹੀ ਖਰੀਦੋਗੇ ਜੋ ਦੇਸ਼ ਵਿਚ ਪੈਦਾ ਹੁੰਦਾ ਹੈ। ਤੁਸੀਂ ਉਹੀ ਘਰ ਲੈ ਜਾਓਗੇ ਜੋ ਦੇਸ਼ ਦੀ ਜਨਤਾ ਬਣਾਉਂਦੀ ਹੈ। ਤੁਸੀਂ ਸਿਰਫ ਉਹੀ ਚੀਜ਼ਾਂ ਵਰਤੋਗੇ ਜਿਸ ਵਿਚ ਦੇਸ਼ ਦੇ ਨਾਗਰਿਕ ਦੀ ਮਿਹਨਤ ਹੋਵੇ।’’ ਉਨ੍ਹਾਂ ਕਿਹਾ ਕਿ ਇਹ ਇਕ ਪਰਵਾਰ ਵਿਚ ਉਮੀਦ ਲਿਆਵੇਗਾ, ਇਕ ਕਾਰੀਗਰ ਦੀ ਸਖ਼ਤ ਮਿਹਨਤ ਦਾ ਸਨਮਾਨ ਕਰੇਗਾ ਅਤੇ ਇਕ ਨੌਜੁਆਨ ਉੱਦਮੀ ਦੇ ਸੁਪਨਿਆਂ ਨੂੰ ਖੰਭ ਦੇਵੇਗਾ।
ਪ੍ਰਸਾਰਣ ਦੌਰਾਨ, ਪ੍ਰਧਾਨ ਮੰਤਰੀ ਨੇ ਨੇਵੀ ਦੀਆਂ ਮਹਿਲਾ ਅਧਿਕਾਰੀਆਂ ਲੈਫਟੀਨੈਂਟ ਕਮਾਂਡਰ ਦਿਲਨਾ ਅਤੇ ਲੈਫਟੀਨੈਂਟ ਕਮਾਂਡਰ ਰੂਪਾ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਹਿਲਾਵਾਂ ਹਰ ਖੇਤਰ ਵਿਚ ਤੇਜ਼ੀ ਨਾਲ ਪੁਲਾਂਘਾਂ ਪੁੱਟ ਰਹੀਆਂ ਹਨ।
2 ਅਕਤੂਬਰ ਨੂੰ ਗਾਂਧੀ ਜਯੰਤੀ ਹੋਣ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਬਦਕਿਸਮਤੀ ਨਾਲ ਆਜ਼ਾਦੀ ਤੋਂ ਬਾਅਦ ਭਾਰਤ ’ਚ ਖਾਦੀ ਪ੍ਰਤੀ ਖਿੱਚ ਘੱਟ ਗਈ ਹੈ। ਉਨ੍ਹਾਂ ਕਿਹਾ, ‘‘ਹਾਲਾਂਕਿ, ਪਿਛਲੇ 11 ਸਾਲਾਂ ’ਚ, ਖਾਦੀ ਲਈ ਖਿੱਚ ਵਿਚ ਸ਼ਾਨਦਾਰ ਵਾਧਾ ਹੋਇਆ ਹੈ, ਵਿਕਰੀ ਵਿਚ ਲਗਾਤਾਰ ਵਾਧਾ ਹੋਇਆ ਹੈ।
ਮੋਦੀ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਅਤੇ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੀ ਜਯੰਤੀ ਉਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰ ਸ਼ਹੀਦ ਭਗਤ ਸਿੰਘ ਹਰ ਭਾਰਤੀ, ਖਾਸ ਕਰ ਕੇ ਦੇਸ਼ ਦੇ ਨੌਜੁਆਨਾਂ ਲਈ ਪ੍ਰੇਰਣਾ ਸਰੋਤ ਹਨ। ਲਤਾ ਮੰਗੇਸ਼ਕਰ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਭਗਤੀ ਦੇ ਗੀਤ ਗਾਏ, ਜਿਨ੍ਹਾਂ ਨੇ ਲੋਕਾਂ ਨੂੰ ਬਹੁਤ ਪ੍ਰੇਰਿਤ ਕੀਤਾ। ਰੇਡੀਓ ਪ੍ਰਸਾਰਣ ਦੌਰਾਨ ਮੰਗੇਸ਼ਕਰ ਵਲੋਂ ਗਾਇਆ ਗਿਆ ਗੀਤ ‘ਜਯੋਤੀ ਕਲਸ਼ ਛਲਕੇ’ ਵੀ ਵਜਾਇਆ ਗਿਆ।
ਅਪਣੀ ਟਿਪਣੀ ’ਚ, ਮੋਦੀ ਨੇ ਅਸਾਮ ਦੇ ਪ੍ਰਸਿੱਧ ਗਾਇਕ ਜ਼ੁਬੇਨ ਗਰਗ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੀ ਬੇਵਕਤੀ ਮੌਤ ਨੇ ਰਾਜ ਨੂੰ ਸਮੂਹਿਕ ਦੁੱਖ ਵਿਚ ਡੁਬੋ ਦਿਤਾ, ਲੱਖਾਂ ਲੋਕ ਸੋਗ ਵਿਚ ਸ਼ਾਮਲ ਹੋਏ, ਅਤੇ ਉੱਘੇ ਕੰਨੜ ਲੇਖਕ ਐਸ ਐਲ ਭੈਰੱਪਾ ਨੂੰ ਵੀ ਸ਼ਰਧਾਂਜਲੀ ਦਿਤੀ।
ਇਸ ਤੋਂ ਇਲਾਵਾ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਵਲੋਂ ਅਪਣੀ 100ਵੀਂ ਵਰ੍ਹੇਗੰਢ ਮਨਾਉਣ ਤੋਂ ਕੁੱਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਹਿੰਦੂਤਵ ਸੰਗਠਨ ਦੀ ਨਿਸ਼ਕਾਮ ਸੇਵਾ ਅਤੇ ਅਨੁਸ਼ਾਸਨ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਪਣੇ ਵਲੰਟੀਅਰਾਂ ਦੇ ਹਰ ਕੰਮ ’ਚ ‘ਰਾਸ਼ਟਰ ਪਹਿਲਾਂ’ ਹਮੇਸ਼ਾ ਸਰਵਉੱਚ ਹੁੰਦਾ ਹੈ।