
ਜਿਨ੍ਹਾਂ ਕਿਸਾਨਾਂ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ, ਉਹ ਭਲਾ ਉਨ੍ਹਾਂ ਵਿਰੁਧ ਕਾਨੂੰਨ ਕਿਉਂ ਬਣਾਉਣਗੇ
ਲਖਨਊ : ਕੇਂਦਰੀ ਸਮਾਜਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਕਿਸਾਨਾਂ ਦੇ ਹਿਤ ਲਈ ਬਣੇ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦਾ ਕੋਈ ਸਵਾਲ ਨਹੀਂ ਹੈ। ਅਠਾਵਲੇ ਨੇ ਬੁਧਵਾਰ ਨੂੰ ਇਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ, ਉਹ ਭਲਾ ਉਨ੍ਹਾਂ ਵਿਰੁਧ ਕਾਨੂੰਨ ਕਿਉਂ ਬਣਾਉਣਗੇ। ਇਹ ਤਿੰਨੇ ਕਾਨੂੰਨ ਕਿਸਾਨਾਂ ਦੇ ਹਿਤ ’ਚ ਹਨ, ਇਸ ਲਈ ਕਾਨੂੰਨ ਤੋਂ ਪਿਛੇ ਨਹੀਂ ਹਟਿਆ ਜਾ ਸਕਦਾ ਹਾਲਾਂਕਿ ਗੱਲਬਾਤ ਰਾਹੀਂ ਇਸ ’ਚ ਤਬਦੀਲੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਉਤਰ ਪ੍ਰਦੇਸ਼ ਦੀ ਸਰਕਾਰ ਸਾਰੇ ਜਾਤ ਧਰਮ ਦੇ ਲੋਕਾਂ ਦੀ ਮਦਦ ਕਰਦੀ ਹੈ। ਮੁਦਰਾ ਯੋਜਨਾ ਨਾਲ ਗ਼ਰੀਬਾਂ ਨੂੰ ਬਹੁਤ ਲਾਭ ਹੋਇਆ।
Farmers Protest
ਦੇਸ਼ ’ਚ ਕਰੀਬ 31 ਕਰੋੜ 47 ਲੱਖ ਲੋਕਾਂ ਨੂੰ ਇਸ ਦਾ ਫ਼ਾਇਦਾ ਹੋਇਆ, ਜਦੋਂ ਕਿ 2 ਕਰੋੜ ਤੋਂ ਵੱਧ ਲੋਕਾਂ ਨੂੰ ਉੱਤਰ ਪ੍ਰਦੇਸ਼ ’ਚ ਕਰਜ਼ਾ ਮਿਲਿਆ ਹੈ। ਪੂਰੇ ਦੇਸ਼ ’ਚ 8 ਕਰੋੜ ਲੋਕਾਂ ਨੂੰ ਗੈਸ ਕੁਨੈਕਸ਼ਨ ਮਿਲੇ ਹਨ, ਜਿਨ੍ਹਾਂ ’ਚ ਉਤਰ ਪ੍ਰਦੇਸ਼ ਦੇ ਲਾਭਪਾਤਰੀਆਂ ਦੀ ਗਿਣਤੀ ਇਕ ਕਰੋੜ ਤੋਂ ਵੱਧ ਹੈ। ਅਠਾਵਲੇ ਨੇ ਵਿਸ਼ਵਾਸ ਪ੍ਰਗਟਾਇਆ ਕਿ 2022 ਦੀਆਂ ਚੋਣਾਂ ’ਚ ਮੁੱਖ ਮੰਤਰੀ ਯੋਗੀ ਆਦਿਤਿਯਨਾਥ ਦੀ ਅਗਵਾਈ ’ਚ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਯੋਗ ਨਾਲ ਮੁੜ ਭਾਜਪਾ ਦੀ ਸਰਕਾਰ ਸੱਤਾ ’ਚ ਆਏਗੀ। ਇਸ ਵਾਰ ਵੀ 300 ਤੋਂ ਵੱਧ ਸੀਟਾਂ ਭਾਜਪਾ ਅਤੇ ਉਸ ਦੇ ਸਹਿਯੋਗੀ ਦਲਾਂ ਕੋਲ ਆਉਣੀਆਂ ਤੈਅ ਹਨ।