
ਸੰਸਦ ਮੈਂਬਰ ਦੀ 12 ਕਰੋੜ 50 ਲੱਖ ਦੀ ਜਾਇਦਾਦ ਕੁਰਕ
ਲਖਨਊ - ਗਾਜ਼ੀਪੁਰ ਜ਼ਿਲ੍ਹਾ ਪੁਲੀਸ ਨੇ ਸ਼ੁੱਕਰਵਾਰ 28 ਅਕਤੂਬਰ ਨੂੰ ਗਾਜ਼ੀਪੁਰ ਲੋਕ ਸਭਾ ਹਲਕੇ ਤੋਂ ਕਥਿਤ ਬਾਹੂਬਲੀ ਮੁਖਤਾਰ ਅੰਸਾਰੀ ਦੇ ਵੱਡੇ ਭਰਾ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਅਫ਼ਜ਼ਲ ਅੰਸਾਰੀ ਦੀ ਲਖਨਊ ਵਿੱਚ 12 ਕਰੋੜ 50 ਲੱਖ ਰੁਪਏ ਦੀ ਅਚੱਲ ਜਾਇਦਾਦ ਕੁਰਕ ਕਰ ਲਈ ਹੈ। ਪੁਲਿਸ ਨੇ ਇਹ ਕਾਰਵਾਈ ਗੈਂਗਸਟਰ ਐਕਟ ਤਹਿਤ ਕੀਤੀ ਹੈ।
ਗਾਜ਼ੀਪੁਰ ਜ਼ਿਲ੍ਹੇ ਦੇ ਐੱਸ.ਪੀ. ਰੋਹਨ ਪੀ. ਬੋਤਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਫ਼ਜ਼ਲ ਅੰਸਾਰੀ ਵੱਲੋਂ ਗ਼ੈਰ-ਕਨੂੰਨੀ ਢੰਗ ਨਾਲ ਹਾਸਲ ਕੀਤੀ ਗਈ ਕੁੱਲ 12 ਕਰੋੜ 50 ਲੱਖ ਰੁਪਏ ਦੀ ਅਚੱਲ ਜਾਇਦਾਦ ਨੂੰ ਗਾਜ਼ੀਪੁਰ ਪੁਲਿਸ ਵੱਲੋਂ ਕੁਰਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮੁਲਜ਼ਮ ਦੀ ਨਾਜਾਇਜ਼ ਢੰਗ ਨਾਲ ਬਣਾਈ ਗਈ ਜਾਇਦਾਦ ਕੁਰਕ ਕੀਤੀ ਗਈ ਹੈ।
ਐੱਸ.ਪੀ. ਨੇ ਦੱਸਿਆ ਕਿ ਦੋਸ਼ੀ ਅਫ਼ਜ਼ਲ ਅੰਸਾਰੀ ਨੇ ਆਪਣੇ ਸੰਗਠਿਤ ਅਪਰਾਧ ਤੋਂ ਕਮਾਏ ਪੈਸੇ ਨਾਲ ਲਖਨਊ ਦੇ ਮੁਹੱਲਾ ਡਾਲੀਬਾਗ ਸਥਿਤ ਪਲਾਟ 'ਚ ਪਤਨੀ ਫ਼ਰਹਤ ਅੰਸਾਰੀ ਦੇ ਨਾਂ 'ਤੇ ਇਮਾਰਤ ਤੇ ਚਾਰਦੀਵਾਰੀ ਦਾ ਨਿਰਮਾਣ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਜਾਇਦਾਦ ਦੀ ਬਜ਼ਾਰੀ ਕੀਮਤ 12 ਕਰੋੜ 50 ਲੱਖ ਰੁਪਏ ਹੈ।
ਗਾਜ਼ੀਪੁਰ ਤੋਂ ਪੁਲਿਸ ਅਧਿਕਾਰੀ ਉਕਤ ਜਾਇਦਾਦ ਕੁਰਕ ਕਰਨ ਲਈ ਡਾਲੀਬਾਗ ਇਲਾਕੇ ਵਿਚ ਪਹੁੰਚੇ ਸਨ। ਐੱਸ.ਪੀ. ਨੇ ਕਿਹਾ, “ਪਿਛਲੇ ਕੁਝ ਮਹੀਨਿਆਂ ਦੌਰਾਨ ਮੁਖਤਾਰ ਅੰਸਾਰੀ ਅਤੇ ਉਸ ਦੇ ਗਿਰੋਹ ਦੇ ਮੈਂਬਰਾਂ ਦੀਆਂ 70 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁਰਕ ਕੀਤੀਆਂ ਗਈਆਂ ਹਨ। ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ।"