
'ਘਿਨਾਉਣੇ ਗੁਨਾਹ' ਦੀ ਕੌਮੀ ਮਹਿਲਾ ਕਮਿਸ਼ਨ ਕਰੇਗਾ ਜਾਂਚ
ਨਵੀਂ ਦਿੱਲੀ - ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਕਰਜ਼ੇ ਦੀ ਅਦਾਇਗੀ ਲਈ ਲੜਕੀਆਂ ਦੀ ਨਿਲਾਮੀ ਦੇ ਦੋਸ਼ਾਂ ਦੀ ਜਾਂਚ ਲਈ ਕੌਮੀ ਮਹਿਲਾ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਦੋ ਮੈਂਬਰੀ ਤੱਥ ਖੋਜ ਟੀਮ ਦਾ ਗਠਨ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੇ ਆਈਆਂ ਕਈ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ ਹੈ ਕਿ ਭੀਲਵਾੜਾ ਵਿੱਚ ਕਰਜ਼ ਅਦਾਇਗੀ ਦੇ ਨਿਪਟਾਰੇ ਲਈ ਕੁੜੀਆਂ ਦੀ ਨਿਲਾਮੀ ਕੀਤੀ ਜਾ ਰਹੀ ਹੈ।
ਕਮਿਸ਼ਨ ਨੇ ਕਿਹਾ ਕਿ ਖ਼ਬਰਾਂ ਮੁਤਾਬਿਕ ਕਈ ਮਾਮਲਿਆਂ ਵਿੱਚ ਲੜਕੀਆਂ ਨੂੰ ਸਟੈਂਪ ਪੇਪਰ 'ਤੇ ਲਿਖਵਾ ਕੇ ਦੇਹ ਵਪਾਰ ਲਈ ਵੇਚ ਦਿੱਤਾ ਜਾਂਦਾ ਹੈ। ਕੁਝ ਮਾਮਲਿਆਂ ਵਿੱਚ, ਝਗੜਿਆਂ ਨੂੰ ਨਿਪਟਾਉਣ ਲਈ 'ਖਾਪ' (ਜਾਤੀ) ਪੰਚਾਇਤਾਂ ਦੇ ਹੁਕਮਾਂ 'ਤੇ ਉਨ੍ਹਾਂ ਦੀਆਂ ਮਾਵਾਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਕਮਿਸ਼ਨ ਨੇ ਆਪਣੇ ਬਿਆਨ ਵਿੱਚ ਇਨ੍ਹਾਂ ਅਪਰਾਧਾਂ ਨੂੰ 'ਬੇਹੱਦ ਭਿਆਨਕ ਅਤੇ ਦਰਦਨਾਕ' ਦੱਸਿਆ, ਅਤੇ ਕਿਹਾ ਕਿ ਇਸ ਨੇ ਮਾਮਲੇ ਦੀ ਜਾਂਚ ਲਈ ਦੋ ਮੈਂਬਰੀ ਤੱਥ ਖੋਜ ਟੀਮ ਦਾ ਗਠਨ ਕੀਤਾ ਹੈ।
ਕੌਮੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਰਾਜਸਥਾਨ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਰਮਾ ਨੇ ਮੁੱਖ ਸਕੱਤਰ ਨੂੰ ਇਹ ਵੀ ਅਪੀਲ ਕੀਤੀ ਕਿ ਹੋਈਆਂ ਕਾਰਵਾਈਆਂ ਬਾਰੇ ਕਮਿਸ਼ਨ ਨੂੰ ਜਾਣੂ ਕਰਵਾਇਆ ਜਾਵੇ। ਕਮਿਸ਼ਨ ਨੇ ਰਾਜਸਥਾਨ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੂੰ ਵੀ ਸੰਬੰਧਿਤ ਧਾਰਾਵਾਂ ਤਹਿਤ ਤੁਰੰਤ ਐਫ਼ਆਈਆਰ ਦਰਜ ਕਰਨ ਅਤੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਲਈ ਲਿਖਿਆ ਹੈ। ਪੱਤਰ ਦੀ ਇੱਕ ਕਾਪੀ ਐਸ.ਪੀ. ਭੀਲਵਾੜਾ ਨੂੰ ਵੀ ਭੇਜੀ ਗਈ ਹੈ।
ਬਾਲ ਅਧਿਕਾਰਾਂ ਦੀ ਸਰਵਉੱਚ ਸੰਸਥਾ ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਦੇ ਚੇਅਰਮੈਨ ਪ੍ਰਿਯਾਂਕ ਕਾਨੂੰਗੋ ਵੀ ਦੋਸ਼ਾਂ ਦੀ ਵਿਸਥਾਰਤ ਜਾਂਚ ਲਈ 7 ਨਵੰਬਰ ਨੂੰ ਭੀਲਵਾੜਾ ਦਾ ਦੌਰਾ ਕਰਨਗੇ। ਕਾਨੂੰਗੋ ਨੇ ਕਿਹਾ ਕਿ ਉਹ ਸੰਬੰਧਿਤ ਲੋਕਾਂ ਅਤੇ ਪ੍ਰਭਾਵਿਤ ਪਿੰਡਾਂ ਦੀ ਜਾਂਚ ਕਰਨਗੇ।