
ਜੋਸ਼ੀ ਨੇ ਚੌਲ ਮਿੱਲਾਂ ਨੂੰ ਇਕ ਮਹੱਤਵਪੂਰਨ ਹਿੱਸੇਦਾਰ ਅਤੇ ਖੁਰਾਕ ਸੁਰੱਖਿਆ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਦਸਿਆ
ਨਵੀਂ ਦਿੱਲੀ : ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੋਮਵਾਰ ਨੂੰ ਚੌਲ ਮਿੱਲਾਂ ਲਈ ਐਫ.ਸੀ.ਆਈ. ਸ਼ਿਕਾਇਤ ਨਿਵਾਰਣ ਪ੍ਰਣਾਲੀ (ਐਫ.ਸੀ.ਆਈ.-ਜੀ.ਆਰ.ਐਸ.) ਦੀ ਮੋਬਾਈਲ ਐਪ ਲਾਂਚ ਕੀਤੀ। ਸਰਕਾਰ ਨੇ ਇਹ ਕਦਮ ਪਾਰਦਰਸ਼ਤਾ, ਜਵਾਬਦੇਹੀ ਅਤੇ ਹਿੱਸੇਦਾਰਾਂ ਦੀ ਸੰਤੁਸ਼ਟੀ ਵਧਾਉਣ ਲਈ ਚੁਕਿਆ ਹੈ।
ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਅਨਾਜ ਦੀ ਖਰੀਦ ਅਤੇ ਵੰਡ ਲਈ ਨੋਡਲ ਏਜੰਸੀ ਹੈ। ਇਸ ਮੌਕੇ ਜੋਸ਼ੀ ਨੇ ਕਿਹਾ, ‘‘ਚੌਲ ਮਿੱਲਾਂ ਨੂੰ ਇਕ ਮਹੱਤਵਪੂਰਨ ਹਿੱਸੇਦਾਰ ਅਤੇ ਖੁਰਾਕ ਸੁਰੱਖਿਆ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਦਸਦੇ ਹੋਏ ਜੋਸ਼ੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹੈ।’’
ਉਨ੍ਹਾਂ ਕਿਹਾ, ‘‘ਮੋਬਾਈਲ ਐਪ ਰਾਈਸ ਮਿੱਲ ਮਾਲਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ’ਚ ਸਹਾਇਤਾ ਕਰੇਗੀ। ਇਸ ਮੋਬਾਈਲ ਐਪ ਨੂੰ ਐਂਡਰਾਇਡ ਫੋਨ ਯੂਜ਼ਰਸ ਗੂਗਲ ਪੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ।’’ ਜੋਸ਼ੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਕੰਮ ਕਰਨ ਤੋਂ ਇਲਾਵਾ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਖਪਤਕਾਰਾਂ ਨੂੰ ਵਾਜਬ ਦਰਾਂ ’ਤੇ ਭੋਜਨ ਉਤਪਾਦ ਮਿਲਣ।
ਇਸ ਐਪ ਦੀ ਵਰਤੋਂ ਕਰ ਕੇ ਮਿੱਲ ਮਾਲਕ ਆਸਾਨੀ ਨਾਲ ਅਪਣੇ ਮੋਬਾਈਲ ਦੀ ਮਦਦ ਨਾਲ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਉਨ੍ਹਾਂ ਨੂੰ ਸਿਰਫ ਇਕ ਵਾਰ ਰਜਿਸਟਰ ਕਰਨਾ ਪਏਗਾ ਅਤੇ ਉਸ ਤੋਂ ਬਾਅਦ ਕਿਸੇ ਵੀ ਗਿਣਤੀ ’ਚ ਸ਼ਿਕਾਇਤਾਂ ਦਾਇਰ ਕੀਤੀਆਂ ਜਾ ਸਕਦੀਆਂ ਹਨ।
ਐਪ ਸ਼ਿਕਾਇਤ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ, ਜੋ ਮਿੱਲ ਮਾਲਕਾਂ ਨੂੰ ਦੱਸੀ ਜਾਂਦੀ ਹੈ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦੀ ਹੈ। ਸ਼ਿਕਾਇਤ ਮਿਲਣ ’ਤੇ ਐਫ.ਸੀ.ਆਈ. ਇਸ ਨੂੰ ਅਗਲੇਰੀ ਕਾਰਵਾਈ ਲਈ ਅਪਣੇ ਆਪ ਸਬੰਧਤ ਨੋਡਲ ਅਧਿਕਾਰੀਆਂ ਨੂੰ ਸੌਂਪ ਦੇਵੇਗਾ।