
Dr. Manmohan Singh Cremation News: ਤਿੰਨਾਂ ਫ਼ੌਜਾਂ ਨੇ ਦਿੱਤੀ ਸਲਾਮੀ, ਰਾਸ਼ਟਰਪਤੀ-PM ਅਤੇ ਸੋਨੀਆ-ਰਾਹੁਲ ਵੀ ਪਹੁੰਚੇ
Dr. Manmohan Singh Cremation News: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸ਼ਨੀਵਾਰ ਨੂੰ ਨਿਗਮ ਬੋਧਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫ਼ੌਜ ਦੀ ਗੱਡੀ ਰਾਹੀਂ ਦਿੱਲੀ ਦੇ ਨਿਗਮਬੋਧ ਘਾਟ ਲਿਆਂਦਾ ਗਿਆ। ਇੱਥੇ ਤਿੰਨਾਂ ਫ਼ੌਜਾਂ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਸਰਕਾਰੀ ਸਨਮਾਨਾਂ ਤੋਂ ਬਾਅਦ ਅੰਤਿਮ ਸਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।
ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਤੇ ਵੱਡੀ ਬੇਟੀ ਉਪਿੰਦਰ ਸਿੰਘ (65), ਦੂਜੀ ਬੇਟੀ ਦਮਨ ਸਿੰਘ (61) ਅਤੇ ਤੀਜੀ ਬੇਟੀ ਅੰਮ੍ਰਿਤ ਸਿੰਘ (58) ਨਿਗਮ ਘਾਟ ਵਿਖੇ ਮੌਜੂਦ ਸਨ। ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ।
ਇਸ ਮੌਕੇ 'ਤੇ ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ ਅਤੇ ਸੀਨੀਅਰ ਕਾਂਗਰਸ ਨੇਤਾਵਾਂ ਨੇ ਨਿਗਮਬੋਧ ਘਾਟ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ।
ਸਸਕਾਰ ਮੌਕੇ ਵੀ ਡਾ.ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਮਨਪਸੰਦ ਨੀਲੀ ਪੱਗ ਬੰਨ੍ਹੀ ਗਈ ਸੀ। ਕੈਂਬਰਿਜ ਯੂਨੀਵਰਸਿਟੀ ਨੂੰ ਯਾਦ ਕਰਨ ਲਈ, ਉਨ੍ਹਾਂ ਨੇ ਇਕ ਰੰਗ ਨੂੰ ਆਪਣੀ ਪੱਗ ਦਾ ਸਿਗਨੇਚਰ ਰੰਗ ਬਣਾ ਲਿਆ ਸੀ। ਡਾ.ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਸਵੇਰੇ 9:30 ਵਜੇ ਉਨ੍ਹਾਂ ਦੀ ਰਿਹਾਇਸ਼ ਤੋਂ ਕਾਂਗਰਸ ਹੈੱਡਕੁਆਰਟਰ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਅੰਤਿਮ ਯਾਤਰਾ ਸ਼ੁਰੂ ਹੋਈ। ਇਸ ਮੌਕੇ ਸ਼ਰਧਾਂਜਲੀ ਦੇਣ ਲਈ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਸੀ। ਇਸ ਤੋਂ ਪਹਿਲਾਂ ਅਕਾਲੀ ਲੀਡਰਸ਼ਿਪ ਨੇ ਵੀ ਕਾਂਗਰਸ ਦੇ ਹੈੱਡਕੁਆਟਰ ਪਹੁੰਚ ਕੇ ਡਾ.ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ।
ਅੰਤਿਮ ਸਸਕਾਰ ਦੀਆਂ ਧਾਰਮਿਕ ਰਸਮਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਨਿਭਾਈਆਂ ਗਈਆਂ। ਸਸਕਾਰ ਤੋਂ ਪਹਿਲਾਂ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ ਤੇ ਅੰਤਿਮ ਅਰਦਾਸ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਚਿਖ਼ਾ ਨੂੰ ਅਗਨੀ ਦਿੱਤੀ।