ਭਾਈ ਮਨਧੀਰ ਸਿੰਘ ਨੇ ਦੱਸੇ ਕਿਸਾਨੀ ਮੋਰਚੇ ਦੇ ਹਾਲਾਤ
ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ): ਕਿਸਾਨ ਟਰੈਕਟਰ ਪਰੇਡ ਮੌਕੇ ਹੋਈ ਹਿੰਸਾਂ ਤੋਂ ਬਾਅਦ ਦਿੱਲੀ ਬਾਰਡਰਾਂ ‘ਤੇ ਇੰਟਰਨੈੱਟ ਸੇਵਾਵਾਂ ਠੱਪ ਹਨ। ਇਸ ਦੇ ਚਲਦਿਆਂ ਕਿਸਾਨੀ ਮੋਰਚੇ ਸਬੰਧੀ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਤਾਜ਼ਾ ਹਲਾਤ ਸਬੰਧੀ ਕੁੰਡਲੀ ਬਾਰਡਰ ‘ਤੇ ਕਿਸਾਨਾਂ ਦਾ ਸਮਰਥਨ ਕਰ ਰਹੇ ਭਾਈ ਮਨਧੀਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਭਾਈ ਮਨਧੀਰ ਸਿੰਘ ਨੇ ਕਿਹਾ ਜਿੰਨੇ ਵੀ ਕਿਸਾਨ ਸੰਘਰਸ਼ ਵਿਚ ਡਟੇ ਹੋਏ ਹਨ, ਉਹ ਖੇਤੀਬਾੜੀ ਲਈ ਨਵੇਂ ਮਾਡਲ ਦੀ ਮੰਗ ਕਰ ਰਹੇ ਹਨ, ਜੋ ਕਿਸਾਨ ਅਤੇ ਕੁਦਕਤ ਪੱਖੀ ਹੋਵੇ। ਇਸ ਦੇ ਨਾਲ ਹੀ ਮਾਡਲ ਪੰਜਾਬ ਕੇਂਦਰਿਤ ਹੋਵੇ। ਉਹਨਾਂ ਦੱਸਿਆ ਕਿ ਪੁਰਾਣਾ ਖੇਤੀਬਾੜੀ ਮਾਡਲ ਫੇਲ ਹੋ ਚੁੱਕਿਆ ਹੈ, ਉਸ ਮਾਡਲ ਨੇ ਪੰਜਾਬ ਦੀ ਮਿੱਟੀ, ਪਾਣੀ ਅਤੇ ਆਰਥਕ ਪੱਖੋਂ ਕਾਫੀ ਨੁਕਸਾਨ ਕੀਤਾ ਹੈ। ਇਸ ਦੀ ਪੂਰਤੀ ਲਈ ਸਰਕਾਰ ਨੇ ਨਵਾਂ ਮਾਡਲ ਲਿਆਉਣ ਦੀ ਬਜਾਏ ਕਾਰਪੋਰੇਟ ਪੱਖੀ ਨਵਾਂ ਮਾਡਲ ਲਿਆ ਦਿੱਤਾ ਹੈ। ਉਹਨਾਂ ਕਿਹਾ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ, ਕੁਦਰਤ ਪੱਖੀ ਮਾਡਲ ਵੱਲ ਪਹਿਲਾਂ ਕਦਮ ਹੋਵੇਗਾ।
ਭਾਈ ਮਨਧੀਰ ਸਿੰਘ ਦਾ ਕਹਿਣਾ ਹੈ ਕਿ ਹਰੇਕ ਸੰਘਰਸ਼ ਵਿਚ ਉਤਰਾ ਚੜਾਅ ਆਉਂਦੇ ਰਹਿੰਦੇ ਹਨ ਤੇ ਇਸ ਸੰਘਰਸ਼ ਵਿਚ ਵੀ ਕਈ ਉਤਰਾ ਚੜਾਅ ਆਏ ਪਰ ਬੀਤੇ ਦੋ ਦਿਨੀਂ ਜੋ ਘਟਨਾ ਵਾਪਰੀ ਪੂਰਾ ਧਿਆਨ ਉਸ ਘਟਨਾ ‘ਤੇ ਕੇਂਦਰਿਤ ਕੀਤਾ ਜਾ ਰਿਹਾ ਹੈ ਅਤੇ ਅਸਲ ਮੁੱਦੇ ਤੋਂ ਭਟਕਾਇਆ ਜਾ ਰਿਹਾ ਹੈ। ਇਹ ਮੰਦਭਾਗਾ ਹੈ।
ਉਹਨਾਂ ਕਿਹਾ ਕਿ ਸਰਕਾਰ, ਮੀਡੀਆ, ਕਿਸਾਨ ਜਥੇਬੰਦੀਆਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਇਸ ਗੱਲ ਨੂੰ ਮੁੱਖ ਰੱਖਣਾ ਚਾਹੀਦਾ ਹੈ ਕਿ ਇਹ ਸੰਘਰਸ਼ ਕਿਸ ਮੰਗ ਲਈ ਕੀਤਾ ਜਾ ਰਿਹਾ ਹੈ। ਅਪਣੀਆਂ ਮੰਗਾਂ ਮਨਵਾਉਣ ਲਈ ਸਾਨੂੰ ਗਲਤ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਅਸਲ ਲੀਹਾਂ ਤੋਂ ਗੁੰਮਰਾਹ ਨਾ ਹੋ ਸਕੀਏ। ਭਾਈ ਮਨਧੀਰ ਸਿੰਘ ਨੇ ਕਿਹਾ ਕਿ ਇਸ ਸੰਘਰਸ਼ ਵਿਚ ਚਾਰ ਮੁੱਖ ਧਿਰਾਂ ਹਨ। ਪਹਿਲੀ ਧਿਰ ਆਮ ਕਿਸਾਨ, ਦੂਜੀ ਧਿਰ ਕੇਂਦਰ ਸਰਕਾਰ, ਤੀਜੀ ਧਿਰ ਹੈ ਸੰਯੁਕਤ ਮੋਰਚਾ ਅਤੇ ਚੌਥੀ ਧਿਰ ਹੈ ਸੰਯੁਕਤ ਮੋਰਚੇ ਤੋਂ ਬਾਹਰ ਜਥੇਬੰਦੀਆਂ ਜਾਂ ਹੋਰ ਸਹਿਯੋਗੀ।
ਉਹਨਾਂ ਕਿਹਾ ਸੰਘਰਸ਼ ਦੌਰਾਨ ਸਭ ਤੋਂ ਮੁੱਖ ਗੱਲ ਇਹ ਹੈ ਕਿ ਮੋਰਚੇ ਦੀ ਰੀੜ ਦੀ ਹੱਡੀ ਭਾਵ ਆਮ ਲੋਕਾਂ ਤੇ ਆਮ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਨਾ ਸਰਕਾਰ ਸਮਝ ਸਕੀ ਹੈ ਤੇ ਨਾ ਕਿਸਾਨ ਜਥੇਬੰਦੀਆਂ ਸਮਝ ਸਕੀਆਂ ਹਨ। ਇਸ ਦੇ ਬਾਵਜੂਦ ਇਹਨਾਂ ਲੋਕਾਂ ਨੇ ਸਬਰ ਬਣਾ ਕੇ ਰੱਖਿਆ ਹੈ, ਜੋ ਅਪਣੇ ਆਪ ਵਿਚ ਬਹੁਤ ਵੱਡੀ ਮਿਸਾਲ ਹੈ। ਕਿਸਾਨ ਟਰੈਕਟਰ ਪਰੇਡ ਬਾਰੇ ਗੱਲ਼ ਕਰਦਿਆਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਤੈਅ ਕੀਤੇ ਗਏ ਰੂਟ ਅਨੁਸਾਰ ਕਿਸਾਨ ਸ਼ਾਂਤਮਈ ਢੰਗ ਨਾਲ ਪਰੇਡ ਵਿਚ ਸ਼ਾਮਲ ਹੋਏ।
ਇਸ ਦੌਰਾਨ ਕਿਸੇ ਕਿਸਮ ਦੀ ਹਿੰਸਾ ਨਹੀਂ ਕੀਤੀ ਗਈ। ਸਿਰਫ ਉਹਨਾਂ ਪੁਲਿਸ ਕਰਮਚਾਰੀਆਂ ਨਾਲ ਟਕਰਾਅ ਹੋਇਆ, ਜਿਨ੍ਹਾਂ ਨੇ ਕਿਸਾਨਾਂ ਦਾ ਰਸਤਾ ਰੋਕਿਆ। ਕਈ ਨੌਜਵਾਨਾਂ ਨੇ ਪੁਲਿਸ ਕਰਮਚਾਰੀਆਂ ਅਤੇ ਮਹਿਲਾ ਕਰਮੀਆ ਦੀ ਸਹਾਇਤਾ ਵੀ ਕੀਤੀ। ਉਹਨਾਂ ਕਿਹਾ ਪਰੇਡ ਦੌਰਾਨ ਸਾਰੇ ਕਿਸਾਨ ਅਪਣੀ ਭਾਵਨਾ ਨਾਲ ਸ਼ਾਮਲ ਹੋਏ ਅਤੇ ਅਪਣੀ ਭਾਵਨਾ ਨਾਲ ਵਾਪਸ ਆਏ।
ਉਹਨਾਂ ਨੂੰ ਪੁਲਿਸ ਨੇ ਵੀ ਨਹੀਂ ਰੋਕਿਆ। ਇਸ ਪੂਰੇ ਘਟਨਾਕ੍ਰਮ ਵਿਚ ਇਹ ਸਭ ਤੋਂ ਸਕਾਰਾਤਮਕ ਗੱਲ ਹੋਈ ਪਰ ਇਸ ‘ਤੇ ਕੋਈ ਚਰਚਾ ਨਹੀਂ ਕਰ ਰਿਹਾ। ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਬਾਰੇ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਇਹ ਸਰਕਾਰ ਦੀ ਅਸਫਲਤਾ ਹੈ ਕਿ ਉਹਨਾਂ ਨੇ ਅਜਿਹੇ ਹਾਲਾਤ ਬਣਨ ਦਿੱਤੇ। ਸਰਕਾਰ ਚਾਰ ਮਹੀਨਿਆਂ ਤੋਂ ਕਿਸਾਨਾਂ ਦਾ ਸਬਰ ਪਰਖ ਰਹੀ ਹੈ ਤੇ ਲੋਕਾਂ ਨੇ ਅਪਣੀ ਭਾਵਨਾ ਅਨੁਸਾਰ ਉੱਥੇ ਜਾਣਾ ਸੀ, ਇਹ ਸਰਕਾਰ ਨੂੰ ਵੀ ਪਤਾ ਸੀ।
ਕਿਸਾਨ ਆਗੂਆਂ ਬਾਰੇ ਗੱਲ ਕਰਦਿਆਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਕੁਝ ਆਗੂ ਸਿਆਸੀ ਲਾਲਸਾ ਨਾਲ ਸੰਘਰਸ਼ ਵਿਚ ਡਟੇ ਹੋਏ ਹਨ। ਉਹਨਾਂ ਕਿਹਾ ਕਿਸਾਨ ਆਗੂ ਇੰਨੀ ਵੱਡੀ ਲਹਿਰ ਨੂੰ ਸਹੀ ਚਲਾਉਣ ਦੇ ਸਮਰੱਥ ਨਹੀਂ ਹਨ । ਭਾਈ ਮਨਧੀਰ ਸਿੰਘ ਨੇ ਕਿਹਾ ਕਿ 26 ਨਵੰਬਰ ਅਤੇ 26 ਜਨਵਰੀ ਦੋਵੇਂ ਮੌਕਿਆਂ ‘ਤੇ ਕਿਸਾਨ ਆਗੂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਵਿਚ ਅਸਫਲ ਰਹੇ। ਉਹਨਾਂ ਕਿਹਾ ਲੋਕ ਪੂਰੇ ਜੋਸ਼ ਵਿਚ ਹਨ ਤੇ ਉਹ ਜਥੇਬੰਦੀਆਂ ਵੱਲੋਂ ਦਿੱਤੇ ਹਰ ਪ੍ਰੋਗਰਾਮ ਨੂੰ ਸਫਲ ਕਰ ਦਿੰਦੇ ਹਨ।