ਅਖੇ, ਪੱਕਾ ਸਵਾਰ ਉਹੀ ਜੋ ਡਿੱਗ ਕੇ ਸਵਾਰ ਹੋਵੇ, ਕੱਚਿਆਂ ਦਾ ਹਸ਼ਰ ਦੀਪ ਸਿੱਧੂ ਵਾਲਾ ਹੁੰਦੈ
ਚੰਡੀਗੜ੍ਹ (ਸ਼ੇਰ ਸਿੰਘ 'ਮੰਡ') : 26 ਜਨਵਰੀ ਨੂੰ ਚਰਮ-ਸੀਮਾ ’ਤੇ ਪਹੁੰਚਿਆ ਕਿਸਾਨੀ ਅੰਦੋਲਨ ਇਕ ਵੱਡੇ ਝਟਕੇ ਕਾਰਨ ਢਹਿ-ਢੇਰੀ ਦੀ ਸਥਿਤੀ ਵਿਚ ਪਹੁੰਚਣ ਬਾਅਦ ਅੱਜ ਚਮਤਕਾਰੀ ਅੰਦਾਜ਼ ਵਿਚ ਮੁੜ ਲੀਂਹ ’ਤੇ ਆਉਣ ਲੱਗਾ ਹੈ। 28 ਜਨਵਰੀ ਦੀ ਸ਼ਾਮ ਤਕ ਜਿੱਥੇ ਮਾਤਮੀ ਖ਼ਬਰਾਂ ਦੀ ਭਰਮਾਰ ਸੀ, ਉਥੇ ਹੀ 29 ਜਨਵਰੀ ਦੀ ਸਵੇਰ ਕਿਸਾਨੀ ਅੰਦੋਲਨ ਲਈ ਸੰਘਰਸ਼ੀ ਜੋਸ਼ ਦੀ ਨਵੀਂ ਕਿਰਨ ਲੈ ਕੇ ਆਈ। ‘ਕਿਸਾਨੀ ਅੰਦੋਲਨ ਫ਼ੇਲ੍ਹ ਹੋ ਗਿਐ’ ਵਰਗੇ ਅਹਿਸਾਸ ਨਾਲ ਨਿਢਾਲ ਹੋ ਚੁੱਕੀ ਲੋਕਾਈ ਦਾ ਸੰਘਰਸ਼ੀ ਜ਼ਜ਼ਬਾ ਇਕ ਵਾਰ ਫਿਰ ਅਪਣੀ ਚਰਮ-ਸੀਮਾ ’ਤੇ ਪਹੁੰਚ ਗਿਆ ਹੈ। 26 ਦੀ ਘਟਨਾ ਨੂੰ ਇਵੇਂ ਵੀ ਪ੍ਰਭਾਸ਼ਿਤ ਕੀਤਾ ਜਾ ਰਿਹਾ ਹੈ ਕਿ 'ਪੱਕਾ ਸਵਾਰ ਉਹੀ ਹੁੰਦੈ ਜੋ ਡਿੱਗ-ਡਿੱਗ ਕੇ ਸਵਾਰ ਹੋਵੇ ਜਦਕਿ ਕੱਚਿਆਂ ਦਾ ਹਸ਼ਰ ਦੀਪ ਸਿੱਧੂ ਵਾਲਾ ਹੁੰਦੈ।
ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਜਿਹੜੇ ਅੰਦੋਲਨ ਦੇ ਟੈਂਟ ਪੁੱਟਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉਹ ਕਿਸਾਨ ਆਗੂ ਰਾਕੇੇਸ਼ ਟਿਕੈਤ ਦੀ ਭਾਵੁਕ ਅਪੀਲ ਬਾਅਦ ਮੁੜ ਪੈਰਾਂ-ਸਿਰ ਹੋ ਗਿਆ ਹੈ। ਇਹ ਵੀ ਕੁਦਰਤ ਦੇ ਸਾਥ ਦੀ ਨਿਆਈ ਹੈ ਕਿ ਜਿਵੇਂ 26 ਜਨਵਰੀ ਦੀ ਸ਼ਾਮ ਨੂੰ ਸਥਾਨਕ ਪ੍ਰਸ਼ਾਸਨ ਨੇ ਇੰਟਰਨੈਂਟ ਸੇਵਾਵਾਂ ਬੰਦ ਕਰ ਕੇ ਸੰਘਰਸ਼ੀ ਸਥਾਨਾਂ ਨੂੰ ਦੇਸ਼-ਦੁਨੀਆਂ ਨਾਲੋਂ ਕੱਟ ਦਿਤਾ ਸੀ, ਜੇਕਰ ਇਹੀ ਮੰਜ਼ਰ 28 ਜਨਵਰੀ ਦੀ ਸ਼ਾਮ ਨੂੰ ਵਾਪਰ ਗਿਆ ਹੁੰਦਾ ਤਾਂ ਖੇਡ ਵਿਗੜ ਸਕਦੀ ਸੀ। ਕਿਉਂਕਿ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਜੇਕਰ ਦਿੱਲੀ ਦੀਆਂ ਬਾਰੂਹਾਂ ’ਤੇ ਹੀ ਦੱਬ ਕੇ ਰਹਿ ਜਾਂਦੀ ਜਾਂ ਇਸ ਨੂੰ ਬਾਹਰ ਆਉਣ ’ਚ ਕੁੱਝ ਦੇਰ ਹੋ ਜਾਂਦੀ ਤਾਂ 29 ਜਨਵਰੀ ਦੀ ਸਵੇਰ ਵਾਲਾ ਮੰਜ਼ਰ ਕੁੱਝ ਹੋਰ ਹੀ ਹੋਣਾ ਸੀ।
ਰਾਤੋ ਰਾਤ ਵੱਡੀ ਗਿਣਤੀ ਕਿਸਾਨਾਂ ਦੇ ਦਿੱਲੀ ਵੱਲ ਕੂਚ ਦੀਆਂ ਖ਼ਬਰਾਂ ਨੇ ਸਾਜ਼ਸ਼ਧਾਰੀਆਂ ਨੂੰ ਪਿੱਛਲਪੈੜੀ ਹੋਣ ਲਈ ਮਜ਼ਬੂਰ ਕੀਤਾ ਅਤੇ ਦਿਨ ਚੜ੍ਹਦੇ ਨੂੰ ਕਿਸਾਨੀ ਅੰਦੋਲਨ ਮੁੜ ਪੈਰਾਂਸਿਰ ਹੁੰਦਾ-ਹੁੰਦਾ ਦੁਪਹਿਰ ਤਕ ਜਲੋਅ ਵਿਚ ਪਹੁੰਚ ਗਿਆ। ਭਾਵੇਂ ਸੰਘਰਸ਼ੀ ਦਰਿਆ ਨੂੰ ਠੱਲ੍ਹਣ ਲਈ ਵਿਰੋਧੀਆਂ ਦੇ ਸਿਰਤੋੜ ਕੋਸ਼ਿਸ਼ਾਂ ਅਜੇ ਵੀ ਜਾਰੀ ਹਨ ਪਰ 26 ਜਨਵਰੀ ਦੇ ਧੱਕੇ ਨੇ ਕਿਸਾਨੀ ਸੰਘਰਸ਼ ਨੂੰ ਨਵੀਂ ਦਿੱਖ ਅਤੇ ਚਾਲ ਬਖ਼ਸ਼ੀ ਹੈ। ਅੰਦੋਲਨ ਵਿਚਲਾ ਘੜਮੱਸ ਅਤੇ ਅਖੌਤੀ ਉਛਾਲ ਦਾ ਦੌਰ ਲਗਭਗ ਸਮਪਤ ਹੋ ਚੁੱਕਾ ਹੈ।
26 ਜਨਵਰੀ ਦੀ ਪੂਰਬਲੀ ਸ਼ਾਮ ਤਕ ਵੱਡੀ ਉਮਰ ਦੇ ਜਿਹੜੇ ਬਜ਼ੁਰਗਾਂ ਨੂੰ ‘ਚੱਲਿਆ ਹੋਇਆ ਕਾਰਤੂਸ’ ਸਮਝਿਆ ਜਾ ਰਿਹਾ ਸੀ, ਉਹੀ ਅੱਜ ‘ਤੋਪ ਦੇ ਨਵੇਂ-ਨਕੌਰ ਗੋਲਿਆਂ’ ਵਰਗੇ ਜਾਪਣ ਲੱਗੇ ਹਨ। ਨੌਜਵਾਨ ਉਨ੍ਹਾਂ ਦੀਆਂ ਸਲਾਹਾਂ ਅਤੇ ਤਜਰਬੇ ਦੀ ਛਾਵੇਂ ਅਗਲੇਰੀ ਵਿਉਂਤਬੰਦੀ ਦੀ ਆਸ ’ਚ ਇਕੱਠੇ ਹੋਣ ਲੱਗੇ ਹਨ। ਨੌਜਵਾਨਾਂ ਨੂੰ ਗਾਂਧੀਗਿਰੀ ਦੀ ਅਸਲੀ ਤਾਕਤ ਸਮਝ ਆ ਗਈ ਹੈ। ਇਸ ਦੇ ਦਰਸ਼ਨ ਸਿੰਘੂ ਬਾਰਡਰ ’ਤੇ ਅੱਜ ਵਾਪਰੀ ਘਟਨਾ ਤੋਂ ਵੀ ਹੋ ਜਾਂਦੇ ਹਨ, ਜਿੱਥੇ ਕੁੱਝ ਸਥਾਨਕ ਲੋਕਾਂ ਦੇ ਭੇਸ ਵਿਚ ਆਏ ਹੁਲੜਬਾਜ਼ਾਂ ਨੇ ਕਿਸਾਨਾਂ ਦੇ ਧਰਨੇ ’ਤੇ ਹਮਲਾ ਕਰ ਦਿਤਾ। ਕਿਸਾਨਾਂ ਦੀ ਸਟੇਜ ’ਤੇ ਵਾਹਿਗੁਰੂ ਜਾਪ ਹੋ ਰਿਹਾ ਸੀ ਜੋ ਸ਼ਾਂਤਮਈ ਰਹਿਣ ਦਾ ਸੰਦੇਸ਼ ਸੀ। ਭਾਵੇਂ ਦੋਵੇਂ ਧਿਰਾਂ ਵਿਚਾਲੇ ਟਕਰਾਅ ਹੋਇਆ ਹੈ, ਪਰ ਕਿਸਾਨਾਂ ਵਲੋਂ ਇੱਥੇ ਵਰਤਿਆ ਜ਼ਾਬਤਾ ਕਾਬਲੇ-ਤਾਰੀਫ਼ ਰਿਹਾ। ਚਰਚਾਵਾਂ ਮੁਤਾਬਕ ਇਹ ਸਥਾਨਕ ਵਾਸੀ ਨਹੀਂ ਜਦਕਿ ਬਾਹਰੋਂ ਆਏ ਲੋਕ ਸਨ। ਇਸ ਦੀ ਪੁਸ਼ਟੀ ਖੁਦ ਸਥਾਨਕ ਵਾਸੀਆਂ ਨੇ ਕੀਤੀ ਹੈ। ਅਜਿਹੀ ਹੀ ਘਟਨਾ ਟਿਕਰੀ ਬਾਰਡਰ ’ਤੇ ਵੀ ਵਾਪਰਨ ਦੀ ਖ਼ਬਰ ਹੈ।
ਇੰਨਾ ਹੀ ਨਹੀਂ, ਕਿਸਾਨੀ ਅੰਦੋਲਨ ਨੂੰ ਢਹਿ-ਢੇਰੀ ਕਰਨ ਦੀਆਂ ਵਿਉਂਤਾਂ ਹੋਰ ਤੇਜ਼ ਹੋ ਗਈਆਂ ਹਨ। ਖ਼ਾਸ ਕਰ ਕੇ ਗੋਦੀ ਮੀਡੀਆ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ। ਉਹ ਕਿਸਾਨਾਂ ਦੀ ਟਰੈਕਟਰ ਪਰੇਡ ਅਤੇ ਲਾਲ ਕਿਲੇ ਵਾਲੀ ਘਟਨਾ ਵਿਚਲੇ ਦਿ੍ਸ਼ਾਂ ਦਾ ਫ਼ਿਲਮਾਕਣ ਅਜਿਹੇ ਤਰੀਕੇ ਨਾਲ ਕਰ ਰਿਹਾ ਹੈ ਕਿ ਉਸ ਨੂੰ ਵੇਖਣ ਬਾਅਦ ‘ਕੱਚੀ ਸਮਝ’ ਵਾਲਾ ਕੋਈ ਵੀ ਇਨਸਾਨ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕਿਸਾਨਾਂ ਦਾ ਮੋਰਚਾ ਚੁਕਵਾਉਣ ਲਈ ਸਥਾਨਕ ਵਾਸੀਆਂ ਦੇ ਭੇਸ ਵਿਚ ਆਏ ਜ਼ਿਆਦਾਤਰ ਵਿਅਕਤੀ ਇਨ੍ਹਾਂ ਗੋਦੀ ਮੀਡੀਆਂ ਦੀਆਂ ਸਟੋਰੀਆਂ ਤੋਂ ਪ੍ਰਭਾਵਤ ਹਨ।
ਇਹ ਲੋਕ ਮੀਡੀਆ ਸਾਹਮਣੇ ਇਹ ਦੱਸਣ ਦੀ ਹਾਲਤ ਵਿਚ ਵੀ ਨਹੀਂ ਹਨ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਖ਼ਾਲਸਿਤਾਨੀ ਅਤੇ ਤਿਰੰਗਾ ਵਿਰੋਧੀ ਹੋਣ ਦੀ ਜਿਹੜੀ ਸੂਚਨਾ ਮਿਲੀ ਹੈ, ਉਹ ਸਹੀ ਵੀ ਹੈ ਜਾਂ ਨਹੀਂ। ਉਹ ਸਿਰਫ਼ ਇਹੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਟੈਲੀਵਿਜ਼ਨ ਰਾਹੀਂ ਜਾਣਕਾਰੀ ਮਿਲੀ ਹੈ ਕਿ ਕਿਸਾਨਾਂ ਨੇ ਲਾਲ ਕਿਲੇ ’ਤੇ ਤਿਰੰਗੇ ਦਾ ਅਪਮਾਨ ਕੀਤਾ ਹੈ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਇਨ੍ਹਾਂ ਦੀ ਸੋਚ ਧਰਨੇ ਦੌਰਾਨ 125 ਤੋਂ ਵਧੇਰੇ ਸ਼ਹੀਦ ਹੋ ਚੁੱਕੇ ਕਿਸਾਨਾਂ ਤੋਂ ਕੋਰੀ ਹੈ। 26 ਜਨਵਰੀ ਨੂੰ ਕਿਸਾਨਾਂ ਦੀ ਹੋਈ ਸ਼ਾਂਤਮਈ ਪਰੇਡ, ਜਿਸ ਵਿਚ ਸਥਾਨਕ ਵਾਸੀ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕਰ ਰਹੇ ਹਨ, ਬਾਰੇ ਵੀ ਇਹ ਕੁੱਝ ਨਹੀਂ ਜਾਣਦੇ। ਇਹ ਸਿਰਫ਼ ਉਹੀ ਕੁੱਝ ਜਾਣਦੇ ਹਨ, ਜੋ ਗੋਦੀ ਮੀਡੀਆ ਵਲੋਂ ਇਨ੍ਹਾਂ ਦੇ ਦਿਮਾਗਾਂ ਵਿਚ ਧੱਕੇ ਨਾਲ ਘਸੋੜਿਆ ਜਾ ਰਿਹਾ ਹੈ। ਜਦਕਿ ਅਗਾਹਵਧੂ ਸੋਚ ਅਤੇ ਹਰ ਤਰ੍ਹਾਂ ਦੇ ਮੀਡੀਆ ਨਾਲ ਜੁੜੇ ਲੋਕਾਂ ਨੂੰ ਚੰਗੇ-ਮਾੜੇ ਦੀ ਸਮਝ ਹੈ ਅਤੇ ਉਹ ਕਿਸਾਨਾਂ ਦੇ ਪੱਖ ਨੂੰ ਸਮਝਦੇ ਹੋਏ ਉਨ੍ਹਾਂ ਨਾਲ ਖੜ੍ਹੇ ਹਨ।