
ਮਨੁੱਖੀ ਤਸਕਰੀ ਦਾ ਸ਼ੱਕ, ਠੰਢ ਨਾਲ ਗਈ ਜਾਨ
ਨਿਊਯਾਰਕ/ਟੋਰਾਂਟੋ : ਅਮਰੀਕਾ-ਕੈਨੇਡਾ ਸਰਹੱਦ ਨੇੜੇ ਮ੍ਰਿਤ ਮਿਲੇ ਚਾਰ ਭਾਰਤੀ ਨਾਗਰਿਕਾਂ ਦੇ ਪ੍ਰਵਾਰ ਦੀ ਪਛਾਣ ਹੋ ਗਈ ਹੈ। ਕੈਨੇਡਾ ਦੇ ਅਧਿਕਾਰੀਆਂ ਨੇ ਦਸਿਆ ਕਿ ਪ੍ਰਵਾਰ ਕੁੱਝ ਸਮੇਂ ਤੋਂ ਦੇਸ਼ ਵਿਚ ਸੀ ਅਤੇ ਉਨ੍ਹਾਂ ਨੂੰ ਕੋਈ ਸਰਹੱਦ ਉਤੇ ਲੈ ਕੇ ਗਿਆ ਸੀ। ਮਾਮਲਾ ਮਨੁੱਖੀ ਤਸਕਰੀ ਦਾ ਲਗਦਾ ਹੈ। ਮੈਨਿਟੋਬਾ ਦੀ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਜਗਦੀਸ਼ ਬਲਦੇਵਭਾਈ ਪਟੇਲ (39), ਵੈਸ਼ਾਲੀਬੇਨ ਜਗਦੀਸ਼ ਕੁਮਾਰ ਪਟੇਲ (37), ਵਿਹੰਗੀ ਜਗਦੀਸ਼ ਕੁਮਾਰ ਪਟੇਲ (11) ਅਤੇ ਧਾਰਮਕ ਜਗਦੀਸ਼ ਕੁਮਾਰ ਪਟੇਲ (3) ਦੇ ਤੌਰ ’ਤੇ ਹੋਈ ਹੈ। ਇਹ ਸਾਰੇ ਇਕ ਹੀ ਪ੍ਰਵਾਰ ਦੇ ਮੈਂਬਰ ਸਨ, ਜੋ 19 ਜਨਵਰੀ ਨੂੰ ਕੈਨੇਡਾ-ਅਮਰੀਕਾ ਸਰਹੱਦ ਤੋਂ ਕਰੀਬ 12 ਮੀਟਰ ਦੂਰ ਮੈਨੀਟੋਬਾ ਦੇ ਇਸਮਰਸਨ ਨੇੜੇ ਮ੍ਰਿਤ ਮਿਲੇ ਸਨ।
Indian family found dead near U.S.-Canada border identified
ਅਧਿਕਾਰੀਆਂ ਨੇ ਪਹਿਲਾਂ ਦਸਿਆ ਸੀ ਕਿ ਪ੍ਰਵਾਰ ਵਿਚ ਇਕ ਬਾਲਗ਼ ਪੁਰਸ਼, ਇਕ ਬਾਲਗ਼ ਔਰਤ, ਇਕ ਨਾਬਾਲਗ਼ ਅਤੇ ਇਕ ਬੱਚਾ ਸ਼ਾਮਲ ਹੈ, ਪਰ ਹੁਣ ਮ੍ਰਿਤਕਾਂ ਵਿਚ ਇਕ ਨਾਬਾਲਗ਼ ਦੀ ਥਾਂ ਨਾਬਾਲਗ਼ਾ ਦੇ ਹੋਣ ਦੀ ਗੱਲ ਸਾਹਮਣੇ ਆਈ ਹੈ। ਕੈਨੇਡਾ ਦੇ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ 26 ਜਨਵਰੀ ਨੂੰ ਲਾਸ਼ਾਂ ਦਾ ਪੋਸਟਮਾਰਟਮ ਪੂਰਾ ਕੀਤਾ ਗਿਆ। ਕੈਨੇਡਾ ਓਟਾਵਾ ਵਿਚ ਸਥਿਤ ਭਾਰਤ ਦੇ ਸਫ਼ਾਰਤਖ਼ਾਨੇ ਨੇ ਇਕ ਸੰਖੇਪ ਬਿਆਨ ਵਿਚ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ ਦਸਿਆ ਕਿ ਉਨ੍ਹਾਂ ਦੇ ਪ੍ਰਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿਤੀ ਗਈ ਹੈ।