
ਕਿਹਾ, ਹਮਲਾਵਰ ਬਣੋ, ਜੇ ਕੋਈ ਪੁਲਿਸ ਮੁਲਾਜ਼ਮ ਤੁਹਾਨੂੰ ਸਿਰਫ ਇਸ ਲਈ ਪਰੇਸ਼ਾਨ ਕਰਦਾ ਹੈ ਕਿਉਂਕਿ ਤੁਸੀਂ ਹਿੰਦੂ ਹੋ, ਤਾਂ ਉਸ ਦੇ ਚਿਹਰੇ ’ਤੇ ਥੱਪੜ ਮਾਰੋ
ਪੁਣੇ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਨਿਤੇਸ਼ ਰਾਣੇ ਨੇ ਸੋਲਾਪੁਰ ’ਚ ਇਕ ਵਿਵਾਦਮਈ ਬਿਆਨ ਦਿੰਦਿਆਂ ਹਿੰਦੂ ਜਨਾਕ੍ਰੋਸ਼ ਸਭਾ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਹਮਲਾਵਰ ਹੋਣ ਦਾ ਪੂਰਾ ਸਮਰਥਨ ਕਰਨਗੇ ਅਤੇ ਉਨ੍ਹਾਂ ਨੂੰ ਪੁਲਿਸ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਨ੍ਹਾਂ ਦਾ ‘ਬੌਸ’ ਸਾਗਰ ਬੰਗਲਾ ’ਚ ਬੈਠਾ ਹੈ। ਸਾਗਰ ਬੰਗਲਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਦੀ ਸਰਕਾਰੀ ਰਿਹਾਇਸ਼ ਹੈ।
ਐਤਵਾਰ ਨੂੰ ਪੰਧਰਪੁਰ ’ਚ ਰੈਲੀ ਦੌਰਾਨ ਰਾਣੇ ਨੇ ਇਕੱਠ ਨੂੰ ਕਿਹਾ ਕਿ ਉਹ ਹਿੰਦੂ ਭਾਈਚਾਰੇ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਨੂੰ ਪੁਲਿਸ ਕਾਰਵਾਈ ਦੇ ਡਰ ਤੋਂ ਬਿਨਾਂ ਕੰਮ ਕਰਨਾ ਚਾਹੀਦਾ ਹੈ। ‘‘ਅਸੀਂ ਇੱਥੇ ਕਿਸੇ ਦੇ ਕੰਮ ’ਚ ਦਖਲ ਦੇਣ ਲਈ ਨਹੀਂ ਆਏ ਹਾਂ।’’ ਰਾਣੇ ਨੇ ਕਿਹਾ, ‘‘ਮੈਂ ਸਾਰੇ ਜੇਹਾਦੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਜਿੱਥੇ ਹੋ ਉੱਥੇ ਹੀ ਰਹੋ ਅਤੇ ਸਾਡਾ ਸਾਹਮਣਾ ਨਾ ਕਰੋ ਕਿਉਂਕਿ ਸਾਡੇ ਧਰਮ ਵਿਚ ਸਾਨੂੰ ਸਿਖਾਇਆ ਗਿਆ ਹੈ ਕਿ ਤੁਹਾਨੂੰ ਕਿਵੇਂ ਖਤਮ ਕਰਨਾ ਹੈ।’’
ਕਣਕਵਲੀ ਤੋਂ ਵਿਧਾਇਕ ਨੇ ਕਿਹਾ, ‘‘ਜੇ ਕੋਈ ਪੁਲਿਸ ਮੁਲਾਜ਼ਮ ਤੁਹਾਨੂੰ ਸਿਰਫ ਇਸ ਲਈ ਪਰੇਸ਼ਾਨ ਕਰਦਾ ਹੈ ਕਿਉਂਕਿ ਤੁਸੀਂ ਹਿੰਦੂ ਹੋ, ਤਾਂ ਉਸ ਦੇ ਚਿਹਰੇ ’ਤੇ ਥੱਪੜ ਮਾਰੋ। ਮੈਂ ਤੁਹਾਨੂੰ ਭਰੋਸਾ ਦਿਵਾ ਰਿਹਾ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ। ਸਰਕਾਰ ਤੁਹਾਡੇ ਨਾਲ ਹੈ।’’ ਰਾਣੇ ਨੇ ਫੜਨਵੀਸ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਮੈਂ ਤੁਹਾਨੂੰ ਪੁਲਿਸ ਦੇ ਸਾਹਮਣੇ ਭਰੋਸਾ ਦੇ ਸਕਦਾ ਹਾਂ ਕਿ ਕੋਈ ਵੀ ਮੇਰਾ ਸਾਹਮਣਾ ਨਹੀਂ ਕਰ ਸਕਦਾ ਕਿਉਂਕਿ ਸਾਡਾ ਬੌਸ ਸਾਗਰ ਬੰਗਲੇ ’ਚ ਬੈਠਾ ਹੈ।’’