
ਜੇ.ਐਮ.ਐਮ. ਨੇ ਏਜੰਸੀ ਦੀ ਕਾਰਵਾਈ ਨੂੰ ਗੈਰ-ਸੰਵਿਧਾਨਕ ਦਸਿਆ, ਸੋਰੇਨ ਨੇ ਏਜੰਸੀ ਨੂੰ ਇਕ ਈਮੇਲ ਭੇਜੀ, 31 ਜਨਵਰੀ ਨੂੰ ਪੁੱਛ-ਪੜਤਾਲ ਲਈ ਸਹਿਮਤ ਹੋਏ
ਰਾਂਚੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਝਾਰਖੰਡ ਇਕਾਈ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਸੂਬੇ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਕਾਰਵਾਈ ਦੇ ਡਰੋਂ ਪਿਛਲੇ 18 ਘੰਟਿਆਂ ਤੋਂ ਫਰਾਰ ਹਨ।
ਝਾਰਖੰਡ ਭਾਜਪਾ ਦੇ ਪ੍ਰਧਾਨ ਬਾਬੂਲਾਲ ਮਾਰੰਡੀ ਨੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਝਾਰਖੰਡ ਦੀ ਭਰੋਸੇਯੋਗਤਾ ਅਤੇ ਵੱਕਾਰ ਦਾਅ ’ਤੇ ਹੈ। ਮੀਡੀਆ ਸੂਤਰਾਂ ਮੁਤਾਬਕ ਦੇਰ ਰਾਤ ਹੇਮੰਤ ਜੀ ਚੱਪਲਾਂ ਪਾ ਕੇ ਅਤੇ ਚੱਦਰ ਨਾਲ ਮੂੰਹ ਢਕ ਕੇ ਦਿੱਲੀ ਸਥਿਤ ਅਪਣੇ ਘਰ ਤੋਂ ਪੈਦਲ ਹੀ ਨਿਕਲ ਗਏ। ਸਪੈਸ਼ਲ ਬ੍ਰਾਂਚ ਦਾ ਸੁਰੱਖਿਆ ਗਾਰਡ ਅਜੇ ਸਿੰਘ ਵੀ ਲਾਪਤਾ ਹੈ, ਜੋ ਉਸ ਦੇ ਨਾਲ ਦਿੱਲੀ ਗਿਆ ਸੀ।
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਾਰੰਡੀ ਨੇ ਕਿਹਾ ਕਿ ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਹਨ। ਉਦੋਂ ਤੋਂ ਹੀ ਈ.ਡੀ. ਅਤੇ ਦਿੱਲੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਇੰਨੀ ਵੱਡੀ ਲਾਪਰਵਾਹੀ ਦੀ ਕੋਈ ਹੋਰ ਉਦਾਹਰਣ ਨਹੀਂ ਹੋ ਸਕਦੀ। ਮਾਰੰਡੀ ਨੇ ਕਿਹਾ ਕਿ ਜੇਕਰ ਇਹ ਰੀਪੋਰਟਾਂ ਸੱਚੀਆਂ ਹਨ ਤਾਂ ਇਹ ਝਾਰਖੰਡ ਲਈ ਸੰਵਿਧਾਨਕ ਸੰਕਟ ਹੈ। ਰਾਜਪਾਲ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਮਾਮਲੇ ਦਾ ਨੋਟਿਸ ਲੈਣ।
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਇਕ ਟੀਮ ਕਥਿਤ ਜ਼ਮੀਨ ਧੋਖਾਧੜੀ ਮਾਮਲੇ ’ਚ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੀ ਜਾਂਚ ਦੇ ਸਬੰਧ ’ਚ ਸੋਮਵਾਰ ਨੂੰ ਸੋਰੇਨ ਤੋਂ ਪੁੱਛ-ਪੜਤਾਲ ਕਰਨ ਲਈ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਗਈ ਸੀ। ਸੰਘੀ ਏਜੰਸੀ ਨੇ 20 ਜਨਵਰੀ ਨੂੰ ਸੋਰੇਨ ਤੋਂ ਰਾਂਚੀ ’ਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਪੁੱਛ-ਪੜਤਾਲ ਕੀਤੀ ਸੀ ਅਤੇ ਉਨ੍ਹਾਂ ਨੂੰ 29 ਜਨਵਰੀ ਜਾਂ 31 ਜਨਵਰੀ ਨੂੰ ਪੁੱਛ-ਪੜਤਾਲ ਲਈ ਉਨ੍ਹਾਂ ਦੀ ਉਪਲਬਧਤਾ ਦੀ ਪੁਸ਼ਟੀ ਕਰਨ ਲਈ ਨਵੇਂ ਸੰਮਨ ਜਾਰੀ ਕੀਤੇ ਸਨ।
ਅਧਿਕਾਰਤ ਸੂਤਰਾਂ ਨੇ ਦਾਅਵਾ ਕੀਤਾ ਕਿ ਉਹ ‘ਲਾਪਤਾ’ ਹਨ ਅਤੇ ਏਜੰਸੀ ਉਸ ਨਾਲ ਸੰਪਰਕ ਨਹੀਂ ਕਰ ਸਕੀ ਹੈ। ਸੂਤਰਾਂ ਨੇ ਦਸਿਆ ਕਿ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦੇ ਨੇਤਾ ਸੋਰੇਨ 27 ਜਨਵਰੀ ਦੀ ਰਾਤ ਨੂੰ ਰਾਂਚੀ ਤੋਂ ਦਿੱਲੀ ਲਈ ਰਵਾਨਾ ਹੋਏ ਸਨ। ਅਧਿਕਾਰੀਆਂ ਨੇ ਦਸਿਆ ਕਿ ਸੋਰੇਨ ਨੇ ਏਜੰਸੀ ਨੂੰ ਇਕ ਈਮੇਲ ਭੇਜੀ ਹੈ, ਜਿਸ ’ਚ ਉਹ 31 ਜਨਵਰੀ ਨੂੰ ਰਾਂਚੀ ’ਚ ਅਪਣੀ ਰਿਹਾਇਸ਼ ’ਤੇ ਦੁਪਹਿਰ ਕਰੀਬ ਇਕ ਵਜੇ ਤੋਂ ਈ.ਡੀ. ਜਾਂਚਕਰਤਾਵਾਂ ਤੋਂ ਨਵੇਂ ਦੌਰ ਦੀ ਪੁੱਛ-ਪੜਤਾਲ ਕਰਨ ਲਈ ਸਹਿਮਤ ਹੋਏ ਹਨ।
ਇਸ ਦੌਰਾਨ ਜੇਐਮਐਮ ਨੇ ਕਿਹਾ ਕਿ ਸੋਰੇਨ ਵਿਰੁਧ ਈ.ਡੀ. ਦੀ ਕਾਰਵਾਈ ‘ਗੈਰ ਸੰਵਿਧਾਨਕ’ ਹੈ। ਜੇ.ਐਮ.ਐਮ. ਦੇ ਜਨਰਲ ਸਕੱਤਰ ਅਤੇ ਬੁਲਾਰੇ ਸੁਪ੍ਰੀਓ ਭੱਟਾਚਾਰੀਆ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕਿਸੇ ਨਿੱਜੀ ਕੰਮ ਲਈ ਦਿੱਲੀ ਗਏ ਸਨ ਅਤੇ ਉਹ ਵਾਪਸ ਆ ਜਾਣਗੇ। ਪਰ ਈ.ਡੀ. ਦੀ ਕਾਰਵਾਈ ਬੇਲੋੜੀ ਅਤੇ ਗੈਰ-ਸੰਵਿਧਾਨਕ ਹੈ। ਇਹ ਕਦਮ ਰਾਜਨੀਤੀ ਤੋਂ ਪ੍ਰੇਰਿਤ ਜਾਪਦਾ ਹੈ। ਉਨ੍ਹਾਂ ਕਿਹਾ ਕਿ ਸੋਰੇਨ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਝਾਰਖੰਡ ਦੇ ਰਾਜਪਾਲ ਸੀ ਪੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਉਹ ਸੋਰੇਨ ਨੂੰ ਈ.ਡੀ. ਦੇ ਸੰਮਨ ਦੇ ਮੱਦੇਨਜ਼ਰ ਸੂਬੇ ਦੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।
ਝਾਰਖੰਡ ਕਾਂਗਰਸ ਦੇ ਪ੍ਰਧਾਨ ਰਾਜੇਸ਼ ਠਾਕੁਰ ਨੇ ਦੋਸ਼ ਲਾਇਆ ਕਿ ਸੋਰੇਨ ਦੇ ਟਿਕਾਣੇ ਬਾਰੇ ਸੋਚੀ ਸਮਝੀ ਸਾਜ਼ਸ਼ ਤਹਿਤ ਭੰਬਲਭੂਸਾ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਭਾਵ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿਤਾ ਜਾਵੇਗਾ। ਲੋਕ ਅਫਵਾਹਾਂ ਫੈਲਾ ਰਹੇ ਹਨ ਕਿ ਮੁੱਖ ਮੰਤਰੀ ਲਾਪਤਾ ਹਨ।’’ ਕਾਂਗਰਸ ਝਾਰਖੰਡ ’ਚ ਜੇ.ਐਮ.ਐਮ. ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ।