
ਅਮਰੀਕੀ ਸਿੱਖਾਂ ਨੇ ਮਨੁੱਖਤਾ ਨੂੰ ਧਰਮ ਤੋਂ ਉਪਰ ਉਠ ਕੇ ਨਸਲੀ ਵਿਤਕਰੇ, ਅਸਹਿਣਸ਼ੀਲਤਾ ਅਤੇ ਹਿੰਸਾ ਵਿਰੁਧ ਸਾਂਝੀ ਲੜਾਈ ਲੜਨ ਦਾ ਸੱਦਾ ਦਿਤਾ ਹੈ।
ਵਾਸ਼ਿੰਗਟਨ, 6 ਅਗੱਸਤ : ਅਮਰੀਕੀ ਸਿੱਖਾਂ ਨੇ ਮਨੁੱਖਤਾ ਨੂੰ ਧਰਮ ਤੋਂ ਉਪਰ ਉਠ ਕੇ ਨਸਲੀ ਵਿਤਕਰੇ, ਅਸਹਿਣਸ਼ੀਲਤਾ ਅਤੇ ਹਿੰਸਾ ਵਿਰੁਧ ਸਾਂਝੀ ਲੜਾਈ ਲੜਨ ਦਾ ਸੱਦਾ ਦਿਤਾ ਹੈ। ਓਕ ਕ੍ਰੀਕ ਗੁਰੂ ਘਰ ਵਿਚ ਪੰਜ ਸਾਲ ਪਹਿਲਾਂ ਸਿਰਫਿਰੇ ਗੋਰੇ ਦੀ ਗੋਲੀਬਾਰੀ ਕਾਰਨ ਮਾਰੇ ਗਏ ਸਿੱਖਾਂ ਨੂੰ ਯਾਦ ਕਰਦਿਆਂ ਅਮਰੀਕੀ ਸੰਸਦ ਦੇ ਹੇਠਲੇ ਸਦਨ (ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼) ਦੇ ਸਪੀਕਰ ਪੌਲ ਰਿਆਨ ਨੇ ਕਿਹਾ, ''ਓਕ ਕ੍ਰੀਕ ਦੇ ਲੋਕਾਂ ਨੇ ਸਾਬਤ ਕਰ ਦਿਤਾ ਹੈ ਕਿ ਉਹ ਨਫ਼ਰਤ ਅਤੇ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਅੱਗੇ ਨਹੀਂ ਝੁਕਣਗੇ।''
ਰਿਆਨ ਵਿਸਕੌਨਸਿਨ ਸੂਬੇ ਤੋਂ ਸੰਸਦ ਮੈਂਬਰ ਹਨ ਅਤੇ 2012 ਵਿਚ ਉਨ੍ਹਾਂ ਦੇ ਪਾਰਲੀਮਾਨੀ ਹਲਕੇ ਵਿਚ ਹੀ ਗੁਰਦਵਾਰੇ ਵਿਚ ਚੱਲ ਰਹੇ ਸਮਾਗਮ ਦੌਰਾਨ ਇਕ ਗੋਰੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਛੇ ਸਿੱਖਾਂ ਦੀ ਹਤਿਆ ਕਰ ਦਿਤੀ ਸੀ। ਉਨ੍ਹਾਂ ਕਿਹਾ, ''ਪੰਜ ਸਾਲ ਪਹਿਲਾਂ ਗੁਰਦਵਾਰੇ ਉਤੇ ਹੋਏ ਹਮਲੇ ਕਾਰਨ ਓਕ ਕ੍ਰੀਕ ਕੰਬ ਉਠਿਆ ਸੀ ਅਤੇ ਅੱਜ ਅਸੀ ਉਸ ਘਟਨਾ ਦੌਰਾਨ ਸਦਾ ਲਈ ਸਾਡੇ ਤੋਂ ਦੂਰ ਜਾਣ ਵਾਲੀਆਂ ਸ਼ਖਸੀਅਤਾਂ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਹਾਂ।''
ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਦੇ ਮੈਂਬਰ ਰੌਨ ਜੌਹਨਸਨ ਨੇ ਕਿਹਾ ਕਿ ਓਕ ਕ੍ਰੀਕ ਦੀ ਘਟਨਾ ਹਮੇਸ਼ਾ ਸਾਡੇ ਦਿਲਾਂ ਵਿਚ ਤਾਜ਼ਾ ਰਹੇਗੀ। ਸਿੱਖਾਂ ਦੇ ਸਾਨੂੰ ਮਾਣ ਹੈ ਜਿਨ੍ਹਾਂ ਨੇ ਸ਼ਾਂਤ ਰਹਿ ਕੇ ਪੂਰੇ ਮੁਲਕ ਹੀ ਨਹੀਂ ਸਗੋਂ ਦੁਨੀਆਂ ਵਿਚ ਸਾਂਝੀਵਾਲਤਾ ਦਾ ਸੁਨੇਹਾ ਪਹੁੰਚਾਇਆ। ਨਿਊ ਯਾਰਕ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਸੰਸਦ ਮੈਂਬਰ ਗ੍ਰੇਸ ਮੈਂਗ ਨੇ ਕਿਹਾ ਕਿ ਸਿੱਖ ਕੌਮ ਦੇ ਹੌਸਲੇ ਨੂੰ ਪੂਰਾ ਮੁਲਕ ਸਲਾਮ ਕਰਦਾ ਹੈ। (ਏਜੰਸੀ)