
ਇਕ ਟਰੱਕ ਵਿਚ ਗਊਆਂ ਲਿਜਾ ਰਹੇ ਵਿਅਕਤੀ ਨੂੰ ਘੇਰਨ ਵਾਲੇ ਅਖੌਤੀ ਗਊ ਰਖਿਅਕਾਂ ਨੂੰ ਲੈਣੇ ਦੇ ਦੇਣੇ ਪੈ ਗਏ ਜਦੋਂ ਭੀੜ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਿਆ।
ਮੁੰਬਈ, 6 ਅਗੱਸਤ : ਇਕ ਟਰੱਕ ਵਿਚ ਗਊਆਂ ਲਿਜਾ ਰਹੇ ਵਿਅਕਤੀ ਨੂੰ ਘੇਰਨ ਵਾਲੇ ਅਖੌਤੀ ਗਊ ਰਖਿਅਕਾਂ ਨੂੰ ਲੈਣੇ ਦੇ ਦੇਣੇ ਪੈ ਗਏ ਜਦੋਂ ਭੀੜ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਿਆ। ਪੁਲਿਸ ਨੇ ਦਸਿਆ ਕਿ ਸ਼ਿਵਸ਼ੰਕਰ ਰਜਿੰਦਰ ਸਵਾਮੀ ਦੀ ਅਗਵਾਈ ਹੇਠ ਲਗਭਗ 9 ਗਊ ਰਖਿਅਕਾਂ ਨ ਸ੍ਰੀਗੌਂਡਾ ਵਿਖੇ ਇਕ ਟਰੱਕ ਨੂੰ ਰੋਕਿਆ ਜਿਸ ਵਿਚ ਗਊਆਂ ਲਿਜਾਈਆਂ ਜਾ ਰਹੀਆਂ ਸਨ।
ਗਊ ਰਖਿਆ ਟਰੱਕ ਦੇ ਮਾਲਕ ਵਾਹਿਦ ਸ਼ੇਖ ਅਤੇ ਡਰਾਈਵਰ ਰਾਜੂ ਸ਼ੇਖ ਨੂੰ ਪੁਲਿਸ ਥਾਣੇ ਲੈ ਗਏ ਜਿਥੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਇਸੇ ਦਰਮਿਆਨ ਟਰੱਕ ਮਾਲਕ ਨੇ ਅਪਣੇ ਸਾਥੀਆਂ ਨੂੰ ਘਟਨਾ ਬਾਰੇ ਸੂਚਿਤ ਕਰ ਦਿਤਾ ਅਤੇ ਉਹ ਸਾਰੇ ਥਾਣੇ ਪੁੱਜ ਗਏ। ਸਵਾਮੀ ਜੋ ਅਪਣੇ ਆਪ ਨੂੰ ਸਰਕਾਰ ਦੇ ਪਸ਼ੂ ਭਲਾਈ ਮਹਿਕਮੇ ਵਲੋਂ ਨਿਯੁਕਤ ਨੁਮਾਇੰਦਾ ਹੋਣ ਦਾ ਦਾਅਵਾ ਕਰ ਰਿਹਾ ਸੀ, ਨੂੰ ਸਾਥੀਆਂ ਸਮੇਤ ਘੇਰ ਕੇ ਦੂਜੀ ਧਿਰ ਨੇ ਕੁਟਾਪਾ ਚਾੜ੍ਹ ਦਿਤਾ ਜਿਸ ਬਾਰੇ ਥਾਣੇ ਵਿਚ ਵਖਰੀ ਐਫ਼.ਆਈ.ਆਰ ਦਰਜ ਕੀਤੀ ਗਈ। ਡੀ.ਐਸ.ਪੀ. ਸੁਦਰਸ਼ਨ ਮੁੰਡੇ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਹਾਂ ਧਿਰਾਂ ਵਲੋਂ ਇਕ -ਦੂਜੇ ਵਿਰੁਧ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਸਵਾਮੀ ਅਤੇ ਉਸ ਦੇ ਸਾਥੀਆਂ ਵਲੋਂ ਪੁਣੇ ਅਤੇ ਅਹਿਮਦਨਗਰ ਜ਼ਿਲ੍ਹਿਆਂ ਵਿਚ ਗਊਆਂ ਦੀ ਨਾਜਾਇਜ਼ ਢੋਆ-ਢੁਆਈ ਅਤੇ ਵੱਢਣ ਦੇ 300 ਤੋਂ ਵੱਧ ਮਾਮਲੇ ਦਰਜ ਕਰਵਾਏ ਗਏ ਹਨ। (ਏਜੰਸੀ)