
ਦਸਵੀਂ ਦਾ ਗਣਿਤ ਤੇ ਬਾਰ੍ਹਵੀਂ ਦਾ ਅਰਥਸ਼ਾਸਤਰ ਦਾ ਪੇਪਰ ਹੋਇਆ ਲੀਕ, ਪ੍ਰਧਾਨ ਮੰਤਰੀ ਨਾਰਾਜ਼
ਪੇਪਰ ਲੀਕ ਦਾ ਦਾਅਵਾ ਕਰਨ ਵਾਲੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਸੀਬੀਐਸਈ ਨੇ ਅੱਜ ਐਲਾਨ ਕੀਤਾ ਕਿ 10ਵੀਂ ਜਮਾਤ ਦੀ ਗਣਿਤ ਦੀ ਪ੍ਰੀਖਿਆ ਅਤੇ 12ਵੀਂ ਜਮਾਤ ਦੀ ਅਰਥਸ਼ਾਸਤਰ ਦੀ ਪ੍ਰੀਖਿਆ ਦੁਬਾਰਾ ਲਈ ਜਾਵੇਗੀ। ਸੀਬੀਐਸਈ ਨੇ ਪ੍ਰੀਖਿਆ ਦੁਬਾਰਾ ਲਏ ਜਾਣ ਬਾਰੇ ਅੱਜ ਸਰਕੂਲਰ ਜਾਰੀ ਕਰਦਿਆਂ ਕਿਹਾ ਕਿ ਇਸ ਬਾਰੇ ਤਰੀਕਾਂ ਅਤੇ ਹੋਰ ਜਾਣਕਾਰੀ ਬੋਰਡ ਦੀ ਵੈਬਸਾਈਟ 'ਤੇ ਉਪਲਭਧ ਕਰਾ ਦਿਤੀ ਜਾਵੇਗੀ। ਕਿਹਾ ਗਿਆ, 'ਖ਼ਬਰਾਂ ਵਿਚ ਸਾਹਮਣੇ ਆਇਆ ਹੇ ਕਿ ਕੁੱਝ ਜਮਾਤਾਂ ਦੇ ਪੇਪਰ ਲੀਕ ਹੋਏ ਹਨ ਜਿਸ ਦਾ ਬੋਰਡ ਨੇ ਨੋਟਿਸ ਲਿਆ ਹੈ। ਵਿਦਿਆਰਥੀਆਂ ਦੇ ਹਿੱਤ ਵਿਚ ਇਨ੍ਹਾਂ ਪੇਪਰਾਂ ਦੀ ਪ੍ਰੀਖਿਆ ਦੁਬਾਰਾ ਲਈ ਜਾਵੇਗੀ।' ਸੋਮਵਾਰ ਨੂੰ ਸੋਸ਼ਲ ਮੀਡੀਆ ਦੀਆਂ ਵੈਬਸਾਈਟਾਂ 'ਤੇ ਅਰਥਸ਼ਾਸਤਰ ਦੇ ਪੇਪਰ ਲੀਕ ਹੋਣ ਦਾ ਦਾਅਵਾ ਕੀਤਾ ਗਿਆ ਸੀ
Paper Leak Case
ਜਿਸ ਮਗਰੋਂ 12ਵੀਂ ਦੇ ਸੀਬੀਐਸਈ ਦੇ ਵਿਦਿਆਰਥੀ ਹੱਕੇ-ਬੱਕੇ ਰਹਿ ਗਏ। ਅੱਜ ਦੋਹਾਂ ਜਮਾਤਾਂ ਦੇ ਪੇਪਰ ਲਏ ਗਏ ਸਨ ਪਰ ਉਕਤ ਖ਼ਬਰਾਂ ਕਾਰਨ ਪੇਪਰ ਰੱਦ ਕਰ ਦਿਤੇ ਗਏ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਪਰ ਲੀਕ ਹੋਣ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਅਤੇ ਇਸ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਬੋਰਡ ਨੇ ਕਿਹਾ ਕਿ ਜਾਣਕਾਰੀ ਫੈਲਾਉਣ ਵਾਲੇ ਸ੍ਰੋਤ ਦਾ ਹਾਲੇ ਤਕ ਪਤਾ ਨਹੀਂ ਲੱਗਾ। ਪਹਿਲਾਂ ਬੋਰਡ ਨੇ ਕਿਹਾ ਸੀ ਕਿ ਕੋਈ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ। ਉਧਰ, ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। (ਏਜੰਸੀ)