
ਦੇਸ਼ ਦੇ ਕਈ ਵੱਡੇ ਉਦਯੋਗਪਤੀਆਂ ਦਾ 68,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਵੱਟੇ ਖੱਤੇ ਵਿਚ ਪਾਉਣ ਨਾਲ ਜੁੜੀ ਖ਼ਬਰ ਸਬੰਧੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ
ਨਵੀਂ ਦਿੱਲੀ, 28 ਅਪ੍ਰੈਲ: ਦੇਸ਼ ਦੇ ਕਈ ਵੱਡੇ ਉਦਯੋਗਪਤੀਆਂ ਦਾ 68,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਵੱਟੇ ਖੱਤੇ ਵਿਚ ਪਾਉਣ ਨਾਲ ਜੁੜੀ ਖ਼ਬਰ ਸਬੰਧੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਦੋਸ਼ ਲਾਇਆ ਕਿ ਕੁੱਝ ਹਫ਼ਤੇ ਪਹਿਲਾਂ ਸੰਸਦ ਵਿਚ ਉਨ੍ਹਾਂ ਦੇ ਸਵਾਲ ਦਾ ਜਵਾਬ ਨਾ ਦੇ ਕੇ, ਇਸੇ ਸੱਚ ਨੂੰ ਲੁਕਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿਚ ਜਵਾਬ ਦੇਣਾ ਚਾਹੀਦਾ ਹੈ। ਕਾਂਗਰਸ ਦਾ ਦਾਅਵਾ ਹੈ ਕਿ 24 ਅਪ੍ਰੈਲ ਨੂੰ ਆਰਟੀਆਈ ਦੇ ਜਵਾਬ ਵਿਚ ਰਿਜ਼ਰਵ ਬੈਂਕ ਨੇ ਅਹਿਮ ਪ੍ਰਗਟਾਵਾ ਕਰਦਿਆਂ 50 ਸੱਭ ਤੋਂ ਵੱਡੇ ਬੈਂਕ ਘੁਟਾਲੇਬਾਜ਼ਾਂ ਦਾ 68,607 ਕਰੋੜ ਰੁਪਇਆ ਮਾਫ਼ ਕਰਨ ਦੀ ਗੱਲ ਮੰਨੀ ਸੀ। ਇਨ੍ਹਾਂ ਵਿਚ ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਅਤੇ ਨੀਰਵ ਮੋਦੀ ਦੇ ਨਾਮ ਵੀ ਸ਼ਾਮਲ ਹਨ।
File photo
ਰਾਹੁਲ ਨੇ ਟਵਿਟਰ 'ਤੇ ਕਿਹਾ, 'ਸੰਸਦ ਵਿਚ ਮੈਂ ਸਿੱਧਾ ਜਿਹਾ ਸਵਾਲ ਪੁਛਿਆ ਸੀ ਕਿ ਮੈਨੂੰ ਦੇਸ਼ ਦੇ 50 ਸੱਭ ਤੋਂ ਵੱਡੇ ਬੈਂਕ ਚੋਰਾਂ ਦੇ ਨਾਮ ਦੱਸੇ ਜਾਣ ਪਰ ਵਿੱਤ ਮੰਤਰੀ ਨੇ ਜਵਾਬ ਨਹੀਂ ਦਿਤਾ।' ਉਨ੍ਹਾਂ ਦਾਅਵਾ ਕੀਤਾ, 'ਹੁਣ ਰਿਜ਼ਰਵ ਬੈਂਕ ਨੇ ਨੀਰਵ ਮੋਦੀ, ਮੇਹੁਲ ਚੋਕਸੀ ਸਣੇ ਭਾਜਪਾ ਦੇ 'ਮਿੱਤਰਾਂ' ਦੇ ਨਾਮ ਬੈਂਕ ਚੋਰਾਂ ਦੀ ਸੂਚੀ ਵਿਚ ਪਾਏ ਹਨ। ਇਸ ਲਈ ਸੰਸਦ ਵਿਚ ਇਸ ਸੱਚ ਨੂੰ ਲੁਕਾਉਣਾ ਪਿਆ।'
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਵੱਡੇ ਪੂੰਜੀਪਤੀਆਂ ਦੇ ਕਰਜ਼ੇ ਵੱਟੇ ਖਾਤੇ ਪਾਉਣ ਨਾਲ ਕੋਰੋਨਾ ਬੀਮਾਰੀ ਸਮੇਂ ਨਰਿੰਦਰ ਮੋਦੀ ਸਰਕਾਰ ਦੀ 'ਜਨਧਨ ਗ਼ਬਨ' ਯੋਜਨਾ ਦਾ ਪਰਦਾਫ਼ਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ, 'ਬੈਂਕ ਲੁਟੇਰਿਆਂ ਦੀ ਪੈਸਾ ਲੁੱਟੋ, ਵਿਦੇਸ਼ ਭੱਜੋ, ਕਰਜ਼ਾ ਮਾਫ਼ ਕਰਾਉ' ਟਰੈਵਲ ਏਜੰਸੀ ਦਾ ਪਰਦਾਫ਼ਾਸ਼ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਸੰਸਦ ਦੇ ਬਜਟ ਇਜਲਾਸ ਦੌਰਾਨ ਰਾਹੁਲ ਗਾਂਧੀ ਨੇ ਕਰਜ਼ੇ ਅਦਾ ਨਾ ਕਰਨ ਵਾਲੇ 50 ਸੱਭ ਤੋਂ ਵੱਡੇ ਚੋਰਾਂ ਦੇ ਨਾਮ ਪੁੱਛੇ ਸਨ। ਇਸ 'ਤੇ ਸਰਕਾਰ ਨੇ ਕਿਹਾ ਸੀ ਕਿ ਕੇਂਦਰੀ ਸੂਚਨਾ ਕਮਿਸ਼ਨ ਦੀ ਵੈਬਸਾਈਟ 'ਤੇ ਸਾਰੇ ਨਾਮ ਦਿਤੇ ਜਾਂਦੇ ਹਨ ਅਤੇ ਇਹ ਨਾਮ ਵੈਬਸਾਈਟ 'ਤੇ ਉਪਲਭਧ ਹਨ। (ਏਜੰਸੀ)