
ਕਿਹਾ, ਪਹਿਲਗਾਮ ਵਿਚ ਇਨਸਾਨ ਦਾ ਨਹੀਂ ਇਨਸਾਨੀਅਤ ਦਾ ਹੋਇਆ ਕਤਲ
22 ਅਪ੍ਰੈਲ 2025 ਨੂੰ ਪਹਿਲਗਾਮ ਵਿਚ ਅੱਤਵਾਦੀਆਂ ਨੇ ਬੇਕਸੂਰ ਲੋਕਾਂ ’ਤੇ ਹਮਲਾ ਕਰ ਦਿਤਾ ਸੀ। ਜਿਸ ਵਿਚ 26 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖ਼ਮੀ ਵੀ ਹੋਏ ਸਨ। ਪਹਿਲਗਾਮ ’ਚ ਅੱਤਵਾਦੀ ਹਮਲੇ ਦੌਰਾਨ ਕਿਹੋ ਜਿਹਾ ਮਾਹੌਲ ਸੀ, ਕੀ ਕੁੱਝ ਹੋਇਆ ਸੀ, ਜਿਹੜੇ ਲੋਕ ਮਾਰੇ ਗਏ ਜਾਂ ਫਿਰ ਜ਼ਖ਼ਮੀ ਹੋਏ ਸਨ ਉਨ੍ਹਾਂ ਨੂੰ ਕਿਵੇਂ ਹਸਪਤਾਲ ਵਿਚ ਪਹੁੰਚਾਇਆ ਗਿਆ। ਇਹ ਸਾਰੀ ਜਾਣਕਾਰੀ ਰੋਜ਼ਾਨਾ ਸਪੋਕਸਮੈਨ ਦੀ ਟੀਮ ਦਿੰਦੇ ਹੋਏ ਈਵੀ ਡਰਾਈਵਰ ਆਦਿਲ ਨੇ ਕਿਹਾ ਕਿ ਸਾਡਾ 10 ਤੋਂ 12 ਲੋਕਾਂ ਦਾ ਗਰੁੱਪ ਹੈ ਜੋ ਈਵੀ ਚਲਾਉਂਦੇ ਹਨ।
ਜਦੋਂ ਪਹਿਲਗਾਮ ਵਿਚ ਅੱਤਵਾਦੀਆਂ ਨੇ ਹਮਲਾ ਕੀਤਾ ਤਾਂ ਅਸੀਂ ਪੁਲਿਸ ਅਧਿਕਾਰੀਆਂ ਨਾਲ ਆਪਣੀਆਂ ਗੱਡੀਆਂ ਲੈ ਕੇ ਉਥੇ ਪਹੁੰਚੇ, ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਪਹਿਲਗਾਮ ਵਿਚ ਅੱਤਵਾਦੀ ਹਮਲਾ ਹੋਇਆ ਹੈ। ਅਸੀਂ ਤਾਂ ਸੋਚਿਆ ਸੀ ਕਿ ਕੋਈ ਐਕਸੀਡੈਂਟ ਹੋਇਆ ਹੋਵੇਗਾ ਪਰ ਉਥੇ ਪਹੁੰਚ ਕੇ ਪਤਾ ਲੱਗਿਆ ਕਿ ਅੱਤਵਾਦੀਆਂ ਨੇ ਸੈਲਾਨੀਆਂ ’ਤੇ ਗੋਲੀਆਂ ਚਲਾਈਆਂ ਹਨ। ਉਥੇ ਬਹੁਤ ਡਰਾਉਣਾ ਮਾਹੌਲ ਬਣਿਆ ਹੋਇਆ। ਅਸੀਂ ਦੇਖਿਆ ਕਿ ਖ਼ਾਲੀ ਮੈਦਾਨ ਵਿਚ ਇਕ ਔਰਤ ਆਪਣੇ ਮ੍ਰਿਤਕ ਪਤੀ ਕੋਲ ਬੈਠੀ ਹੈ ਜੋ ਨੇਵੀ ’ਚ ਅਫ਼ਸਰ ਸੀ।
ਮ੍ਰਿਤਕ ਨੇਵੀ ਅਫ਼ਸਰ ਦੀ ਪਤਨੀ ਕਹਿ ਰਹੀ ਸੀ ਕਿ ਪਹਿਲਾਂ ਮੇਰਾ ਪਤੀ ਜਾਵੇਗਾ ਤਾਂ ਮੈਂ ਇਥੋਂ ਜਾਵਾਂਗੀ। ਇਸ ਤੋਂ ਬਾਅਦ ਮੇਰਾ ਦੋਸਤ ਈਵੀ ਰਾਹੀ ਨੇਵੀ ਅਫ਼ਸਰ ਤੇ ਉਸ ਦੀ ਪਤਨੀ ਨੂੰ ਲੈ ਕੇ ਆਇਆ। ਜੋ ਕੁੱਝ ਪਹਿਲਗਾਮ ਵਿਚ ਹੋਇਆ ਸੀ ਉਹ ਦੇਖ ਕੇ ਐਸਐਸਪੀ, ਐਸਐਚਓ, ਪੁਲਿਸ ਅਧਿਕਾਰੀ, ਅਸੀਂ ਸਾਰੇ ਜੋ ਵੀ ਉਥੇ ਮੌਜੂਦ ਸੀ ਸਾਰੀ ਭਾਵੁਕ ਹੋ ਗਏ ਸਨ। ਅਸੀਂ ਸਾਰੇ ਸੋਚ ਰਹੇ ਸਨ ਕਿ ਅਜਿਹਾ ਕਿਸ ਤਰ੍ਹਾਂ ਹੋ ਸਕਦਾ ਹੈ। ਜੋ ਅਸੀਂ ਉਥੇ ਦੇਖਿਆ ਉਹ ਅਸੀਂ ਕਿਸੇ ਨੂੰ ਨਹੀਂ ਦਸ ਸਕਦੇ, ਹਾਲੇ ਵੀ ਉਸ ਘਟਨਾ ਬਾਰੇ ਸੋਚ ਕੇ ਅਸੀਂ ਡਰ ਜਾਂਦੇ ਹਾਂ।
ਜ਼ਿੰਦਗੀ ਇਕ ਵਾਰ ਮਿਲਦੀ ਹੈ, ਜੇ ਇਨਸਾਨ ਹੀ ਇਨਸਾਨ ਦਾ ਕਤਲ ਕਰੇਗਾ ਤਾਂ ਫਿਰ ਇਸ ਜ਼ਿੰਦਗੀ ਦਾ ਕੀ ਫ਼ਾਈਦਾ। ਅਸੀਂ ਅੱਧੇ ਘੰਟੇ ਵਿਚ ਹਮਲੇ ਵਾਲੀ ਥਾਂ ਪਹੁੰਚੇ ਸੀ ਤੇ ਹਮਲਾ ਕਰਨ ਵਾਲੇ ਅੱਤਵਾਦੀ ਉਥੋਂ ਫਰਾਰ ਹੋ ਗਏ ਸੀ। ਅੱਤਵਾਦੀਆਂ ਨੇ ਹਮਲਾ ਕਰਨ ਲਈ ਉਹ ਥਾਂ ਚੁਣੀ ਸੀ ਜਿਥੇ ਮਦਦ ਜਾਣ ਲਈ ਵੀ ਸਮਾਂ ਲੱਗੇ। ਸਾਨੂੰ ਜ਼ਖ਼ਮੀਆਂ ਤੇ ਮ੍ਰਿਤਕਾਂ ਨੂੰ ਹਸਪਤਾਲ ਪਹੁੰਚਾਉਣ ’ਚ ਪੂਰਾ ਇਕ ਤੋਂ ਡੇਢ ਘੰਟਾ ਲੱਗਿਆ। ਜਿਥੇ ਹਮਲਾ ਹੋਇਆ ਸੀ ਉਥੇ ਸਿਰਫ਼ ਘੋੜੇ ਹੀ ਜਾਂਦੇ ਹਨ ਗੱਡੀਆਂ ਨਹੀਂ ਜਾ ਪਾਉਂਦੀਆਂ।
ਮੈਂ ਉਨ੍ਹਾਂ ਦਾ ਕਿਵੇਂ ਧਨਵਾਦ ਕਰਾਂ ਜਿਨ੍ਹਾਂ ਨੇ ਉਥੇ ਲੋਕਾਂ ਦੀ ਮਦਦ ਕੀਤੀ, ਸਭ ਨੇ ਆਪਣੇ ਕੰਮ ਛੱਡ ਕੇ ਸੈਲਾਨੀਆਂ ਦੀ ਮਦਦ ਕੀਤੀ, ਕਿਸੇ ਨੇ ਵੀ ਆਪਣੇ ਸਮਾਨ ਦੀ ਪਰਵਾ ਨਹੀਂ ਕੀਤੀ। ਸਾਨੂੰ ਬੜਾ ਦੁੱਖ ਹੈ ਕਿ ਅਸੀਂ ਮਾਰੇ ਗਏ ਲੋਕਾਂ ਨੂੰ ਨਹੀਂ ਬਚਾ ਸਕੇ। ਅੱਤਵਾਦੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਾਰੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਇਨਸਾਨ ਦਾ ਨਹੀਂ ਇਨਸਾਨੀਅਤ ਦਾ ਕਤਲ ਹੈ। ਉਨ੍ਹਾਂ ਕਿਹਾ ਕਿ ਅਸੀਂ ਡਰ ਕੇ ਨਹੀਂ ਜੀਣਾ, ਅਸੀਂ ਅੱਤਵਾਦੀਆਂ ਨੂੰ ਡਰਾ ਕੇ ਜੀਣਾ ਹੈ। ਤੁਸੀਂ ਕਿਸੇ ਵੀ ਸਟੇਟ ਤੋਂ ਪਹਿਲਗਾਮ ਆਉ ਅਸੀਂ ਤੁਹਾਨੂੰ ਕੁੱਝ ਨਹੀਂ ਹੋਣ ਦੇਵਾਂਗੇ, ਅਸੀਂ ਤੁਹਾਡੇ ’ਤੇ ਚੱਲੀ ਗੋਲੀ ਆਪਣੀ ਛਾਤੀ ’ਤੇ ਖਾਵਾਂਗੇ।