
ਇਸਲਾਮਾਬਾਦ ਦੀ ਰਹਿਣ ਵਾਲੀ ਮਰੀਅਮ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ
ਬੁਲੰਦਸ਼ਹਿਰ : ਉੱਤਰ ਪ੍ਰਦੇਸ਼ ਸਰਕਾਰ ਵਲੋਂ ਪਾਕਿਸਤਾਨ ਦੀ ਆਖਰੀ ਨਾਗਰਿਕ ਮਰੀਅਮ ਨੂੰ ਵਾਪਸ ਭੇਜੇ ਜਾਣ ’ਚ ਸਿਰਫ ਇਕ ਦਿਨ ਬਚਿਆ ਹੈ ਅਤੇ ਇਸਲਾਮਾਬਾਦ ਦੀ ਰਹਿਣ ਵਾਲੀ ਮਰੀਅਮ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਪਣੇ ਭਾਰਤੀ ਪਤੀ ਨਾਲ ਸੂਬੇ ’ਚ ਹੀ ਰਹਿਣਾ ਚਾਹੁੰਦੀ ਹੈ।
ਅਜੇ ਇਹ ਸਪੱਸ਼ਟ ਨਹੀਂ ਹੈ ਕਿ ਮਰੀਅਮ ਹੀ ਉੱਤਰ ਪ੍ਰਦੇਸ਼ ’ਚ ਆਖਰੀ ਪਾਕਿਸਤਾਨੀ ਹੈ, ਜਿਸ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਕੇਂਦਰ ਦੇ ਹੁਕਮਾਂ ਤਹਿਤ ਦੇਸ਼ ਤੋਂ ਕਢਿਆ ਗਿਆ ਹੈ ਜਾਂ ਨਹੀਂ। ਮਰੀਅਮ ਦੀ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਇਕ ਅਧਿਕਾਰਤ ਬਿਆਨ ਮੁਤਾਬਕ ਉੱਤਰ ਪ੍ਰਦੇਸ਼ 24 ਘੰਟਿਆਂ ਦੇ ਅੰਦਰ ਪਾਕਿਸਤਾਨੀ ਨਾਗਰਿਕਾਂ ਦੀ ਤਕਰੀਬਨ 100 ਫੀ ਸਦੀ ਵਾਪਸੀ ਹਾਸਲ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।
ਸੂਬਾ ਸਰਕਾਰ ਨੇ ਵਾਪਸ ਭੇਜੇ ਗਏ ਪਾਕਿਸਤਾਨੀ ਨਾਗਰਿਕਾਂ ਦੀ ਸਹੀ ਗਿਣਤੀ ਜਾਂ ਉਨ੍ਹਾਂ ਦੇ ਵੀਜ਼ਾ ਵੇਰਵਿਆਂ (ਥੋੜ੍ਹੀ ਮਿਆਦ ਜਾਂ ਲੰਬੀ ਮਿਆਦ) ਦਾ ਜ਼ਿਕਰ ਨਹੀਂ ਕੀਤਾ। ਇਸ ਵਿਚ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ 30 ਅਪ੍ਰੈਲ ਨੂੰ ਕੱਢੇ ਜਾਣ ਵਾਲੇ ਆਖਰੀ ਪਾਕਿਸਤਾਨੀ ਨਾਗਰਿਕ ਕੌਣ ਬਚੇ ਹਨ।
ਮਰੀਅਮ ਦਾ ਵਿਆਹ ਤਿੰਨ ਸਾਲ ਪਹਿਲਾਂ ਬੁਲੰਦਸ਼ਹਿਰ ਜ਼ਿਲ੍ਹੇ ਦੇ ਖੁਰਜਾ ਦੇ ਰਹਿਣ ਵਾਲੇ ਆਮਿਰ ਨਾਲ ਹੋਇਆ ਸੀ। ਪਾਕਿਸਤਾਨੀ ਔਰਤ ਦੋ ਮਹੀਨੇ ਪਹਿਲਾਂ ਥੋੜ੍ਹੀ ਮਿਆਦ ਦਾ ਵੀਜ਼ਾ ਮਿਲਣ ਤੋਂ ਬਾਅਦ ਖੁਰਜਾ ’ਚ ਰਹਿ ਰਹੀ ਹੈ।
ਮਰੀਅਮ ਨੇ ਕਿਹਾ, ‘‘ਮੈਂ ਇਸਲਾਮਾਬਾਦ ਤੋਂ ਹਾਂ ਪਰ ਮੇਰਾ ਵਿਆਹ ਇੱਥੇ ਹੋਇਆ ਹੈ। ਮੈਂ ਅਪਣਾ ਦੇਸ਼ ਛੱਡ ਕੇ ਇਸ ਦੇਸ਼ ’ਚ ਆਈ ਹਾਂ। ਹੁਣ ਇਹ ਮੇਰਾ ਦੇਸ਼ ਹੈ। ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਅਤੇ ਇੱਥੇ ਪਹੁੰਚਣ ਤੋਂ ਤੁਰਤ ਬਾਅਦ ਉਨ੍ਹਾਂ ਨੇ ਅਪਣੇ ਪਤੀ ਨਾਲ ਦੇਸ਼ ’ਚ ਰਹਿਣ ਲਈ ਲੰਬੀ ਮਿਆਦ ਦੇ ਵੀਜ਼ਾ ਲਈ ਅਰਜ਼ੀ ਦਿਤੀ ਸੀ। ਜਿੱਥੇ ਮੇਰਾ ਪਤੀ ਰਹਿੰਦਾ ਹੈ, ਉਹ ਮੇਰਾ ਘਰ ਹੈ। ਮੈਂ ਇੱਥੇ ਉਸ ਦੇ ਨਾਲ ਰਹਿਣਾ ਚਾਹੁੰਦੀ ਹਾਂ।’’
ਮਰੀਅਮ ਨੇ 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ’ਤੇ ਦੁੱਖ ਜ਼ਾਹਰ ਕੀਤਾ, ਜਿਸ ’ਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ’ਚ ਜ਼ਿਆਦਾਤਰ ਸੈਲਾਨੀ ਸਨ। ਮਰੀਅਮ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਸਥਿਤੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪੁਲਿਸ ਸੁਪਰਡੈਂਟ (ਦਿਹਾਤੀ) ਤੇਜਵੀਰ ਸਿੰਘ ਨੇ ਕਿਹਾ, ‘‘ਮਰੀਅਮ ਨੇ ਅਰਜ਼ੀ ਦਿਤੀ ਹੈ। ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।’’
ਪੁਲਿਸ ਸੂਤਰਾਂ ਅਨੁਸਾਰ ਕੇਂਦਰ ਦੇ ਹੁਕਮ ਤੋਂ ਬਾਅਦ ਚਾਰ ਪਾਕਿਸਤਾਨੀ ਔਰਤਾਂ ਜੋ ਥੋੜ੍ਹੀ ਮਿਆਦ ਦੇ ਵੀਜ਼ੇ ’ਤੇ ਬੁਲੰਦਸ਼ਹਿਰ ’ਚ ਸਨ, ਨੂੰ ਪਹਿਲਾਂ ਹੀ ਵਾਪਸ ਭੇਜ ਦਿਤਾ ਗਿਆ ਹੈ। ਮਰੀਅਮ ਇਸ ਜ਼ਿਲ੍ਹੇ ਵਿਚ ਇਕਲੌਤੀ ਪਾਕਿਸਤਾਨੀ ਨਾਗਰਿਕ ਹੈ ਜੋ ਇਸ ਸਮੇਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨਿਗਰਾਨੀ ਹੇਠ ਹੈ। ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ’ਚ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਭੇਜਣ ਲਈ ਤੁਰਤ ਸਲਾਹ ਜਾਰੀ ਕੀਤੀ ਸੀ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤੁਰਤ ਕਾਰਵਾਈ ਕਰਦਿਆਂ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਏਜੰਸੀਆਂ ਨਾਲ ਇਕ ਉੱਚ ਪੱਧਰੀ ਬੈਠਕ ਬੁਲਾਈ ਅਤੇ ਸਾਰੇ ਜ਼ਿਲ੍ਹਿਆਂ ਨੂੰ ਪਾਕਿਸਤਾਨੀ ਨਾਗਰਿਕਾਂ ਨੂੰ ਲੱਭਣ ਅਤੇ ਸਰਹੱਦ ’ਤੇ ਪਹੁੰਚਾਉਣ ਦੇ ਹੁਕਮ ਦਿਤੇ।