
ਦੇਵਰ ਨੇ ਭਾਰਤ ਸਰਕਾਰ ਦਾ ਕੀਤਾ ਧਨਵਾਦ
ਸ੍ਰੀਨਗਰ : ਪਹਿਲਗਾਮ ਅਤਿਵਾਦੀ ਹਮਲੇ ਤੋਂ ਕੁੱਝ ਦਿਨ ਬਾਅਦ ਜੰਮੂ-ਕਸ਼ਮੀਰ ਦੇ ਅਧਿਕਾਰੀਆਂ ਨੇ 59 ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਭੇਜਣ ਲਈ ਪੰਜਾਬ ਭੇਜ ਦਿਤਾ ਗਿਆ ਹੈ। ਪਹਿਲਾਂ ਸ਼ੌਰਿਆ ਚੱਕਰ ਜੇਤੂ ਕਾਂਸਟੇਬਲ ਮੁਦਾਸਿਰ ਅਹਿਮਦ ਸ਼ੇਖ ਦੀ ਮਾਂ ਸ਼ਮੀਮਾ ਅਖਤਰ ਨੂੰ ਵੀ ਵਾਪਸ ਭੇਜਿਆ ਜਾ ਰਿਹਾ ਸੀ, ਪਰ ਪਰਵਾਰ ਵਲੋਂ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਮਗਰੋਂ ਉਨ੍ਹਾਂ ਨੂੰ ਭਾਰਤ ’ਚ ਰਹਿਣ ਦੀ ਇਜਾਜ਼ਤ ਮਿਲ ਗਈ।
ਸ਼ੇਖ ਨੂੰ ਮਈ 2022 ਵਿਚ ਅਮਰਨਾਥ ਯਾਤਰਾ ਵਿਰੁਧ ਅਤਿਵਾਦੀ ਸਾਜ਼ਸ਼ ਨੂੰ ਨਾਕਾਮ ਕਰਨ ਵਿਚ ਉਨ੍ਹਾਂ ਦੀ ਬਹਾਦਰੀ ਲਈ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਬਾਰਾਮੂਲਾ ’ਚ ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੂੰ ਚੁਨੌਤੀ ਦਿਤੀ ਸੀ, ਸ਼ਹੀਦ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਅਤਿਵਾਦੀਆਂ ਨਾਲ ਹੱਥੋ-ਹੱਥ ਲੜਾਈ ਲੜੀ ਸੀ। ਉਨ੍ਹਾਂ ਦੇ ਪ੍ਰਸ਼ੰਸਾ ਪੱਤਰ ’ਚ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਖੂਨ ਵਗਣ ਦੇ ਬਾਵਜੂਦ ਉਹ ਡੋਲੇ ਨਹੀਂ।
ਸ਼ੇਖ ਦੀ ਮਾਂ ਨੂੰ ਸਰਕਾਰ ਵਲੋਂ ਇਧਰ ਹੀ ਰਹਿਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਸ਼ੇਖ ਦੇ ਜੀਜਾ ਮੁਹੰਮਦ ਯੂਨਸ ਨੇ ਕਿਹਾ, ‘‘ਅਸੀਂ ਭਾਰਤ ਸਰਕਾਰ ਦੇ ਸ਼ੁਕਰਗੁਜ਼ਾਰ ਹਾਂ।’’ ਉਨ੍ਹਾਂ ਦਸਿਆ ਦੀ ਉਨ੍ਹਾਂ ਦੀ ਭਾਬੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹੈ। ਬਾਰਾਮੂਲਾ ਦੇ ਜਨਤਕ ਸੰਪਰਕ ਵਿਭਾਗ ਨੇ ਵੀ ਇਕ ਬਿਆਨ ਜਾਰੀ ਕਰ ਕੇ ਸ਼ੇਖ ਦੀ ਮਾਂ ਨੂੰ ਪਾਕਿਸਤਾਨ ਭੇਜੇ ਜਾਣ ਦੀਆਂ ਖ਼ਬਰਾਂ ਨੂੰ ਗ਼ਲਤ ਅਤੇ ਬੇਬੁਨਿਆਦ ਕਰਾਰ ਦਿਤਾ ਹੈ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਅਧਿਕਾਰੀਆਂ ਨੇ ਅਤਿਵਾਦੀ ਹਮਲੇ ’ਚ ਮਾਰੇ ਗਏ ਸ਼ੌਰਿਆ ਚੱਕਰ ਜੇਤੂ ਦੀ ਮਾਂ ਸਮੇਤ 60 ਪਾਕਿਸਤਾਨੀਆਂ ਨੂੰ ਵਾਪਸ ਭੇਜਣ ਦੀ ਤਿਆਰੀ ਕਰ ਲਈ ਸੀ। ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ ਇਕੱਠਾ ਕੀਤਾ ਗਿਆ ਅਤੇ ਬੱਸਾਂ ਰਾਹੀਂ ਪੰਜਾਬ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਵਾਹਗਾ ਸਰਹੱਦ ’ਤੇ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ ਜਾਵੇਗਾ।
ਪਿਛਲੇ ਹਫਤੇ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਕੇਂਦਰ ਨੇ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨ, ਇਸਲਾਮਾਬਾਦ ਨਾਲ ਕੂਟਨੀਤਕ ਸਬੰਧਾਂ ਨੂੰ ਘਟਾਉਣ ਅਤੇ ਥੋੜ੍ਹੇ ਸਮੇਂ ਦੇ ਵੀਜ਼ਾ ’ਤੇ ਸਾਰੇ ਪਾਕਿਸਤਾਨੀਆਂ ਨੂੰ 27 ਅਪ੍ਰੈਲ ਤਕ ਭਾਰਤ ਛੱਡਣ ਜਾਂ ਕਾਰਵਾਈ ਦਾ ਸਾਹਮਣਾ ਕਰਨ ਦਾ ਹੁਕਮ ਦੇਣ ਸਮੇਤ ਕਈ ਉਪਾਵਾਂ ਦਾ ਐਲਾਨ ਕੀਤਾ ਸੀ।
ਵਾਪਸ ਭੇਜੇ ਗਏ ਲੋਕਾਂ ’ਚ ਸਾਬਕਾ ਅਤਿਵਾਦੀਆਂ ਦੀਆਂ ਪਤਨੀਆਂ ਅਤੇ ਬੱਚੇ ਵੀ ਸ਼ਾਮਲ ਹਨ, ਜੋ ਸਾਬਕਾ ਅਤਿਵਾਦੀਆਂ ਲਈ 2010 ਦੀ ਮੁੜ ਵਸੇਬਾ ਨੀਤੀ ਤਹਿਤ ਘਾਟੀ ’ਚ ਪਰਤੇ ਸਨ। ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ’ਚੋਂ 36 ਸ੍ਰੀਨਗਰ ’ਚ ਰਹਿ ਰਹੇ ਸਨ, 9-9 ਬਾਰਾਮੂਲਾ ਅਤੇ ਕੁਪਵਾੜਾ ‘ਚ, 4 ਬਡਗਾਮ ’ਚ ਅਤੇ 2 ਸ਼ੋਪੀਆਂ ਜ਼ਿਲ੍ਹੇ ’ਚ ਰਹਿ ਰਹੇ ਸਨ।