
ਪਾਕਿਸਤਾਨ ਦੀ ਸਰਹੱਦ ਤੋਂ ਰਾਜਸਥਾਨ ’ਚ ਦਾਖਲ ਹੋਈਆਂ ਟਿੱਡੀਆਂ ਦੇ ਹਮਲੇ ਨਾਲ ਰਾਜਸਥਾਨ ਦੇ ਜ਼ਿਲਿ੍ਹਆਂ ਦਾ ਲਗਭਗ
ਜੈਪੁਰ, 28 ਮਈ : ਪਾਕਿਸਤਾਨ ਦੀ ਸਰਹੱਦ ਤੋਂ ਰਾਜਸਥਾਨ ’ਚ ਦਾਖਲ ਹੋਈਆਂ ਟਿੱਡੀਆਂ ਦੇ ਹਮਲੇ ਨਾਲ ਰਾਜਸਥਾਨ ਦੇ ਜ਼ਿਲਿ੍ਹਆਂ ਦਾ ਲਗਭਗ 90,000 ਹੈਕਟੇਅਰ ਇਲਾਕਾ ਪ੍ਰਭਾਵਿਤ ਹੋਇਆ ਹੈ। ਅਧਿਕਾਰੀ ਨੇ ਦਸਿਆ ਕਿ ਟਿੱਡੀ ਕੰਟਰੋਲ ਦਲਾਂ ਵਲੋਂ ਕੀਤੇ ਗਏ ਕੀਟਨਾਸ਼ਕ ਦਵਾਈ ਦੇ ਛਿੜਕਾਅ ਤੋਂ ਬਾਅਦ ਟਿੱਡੀਆਂ ਸ਼੍ਰੀਗੰਗਾਨਗਰ ਤੋਂ ਨਾਗੌਰ, ਜੈਪੁਰ, ਦੌਸਾ, ਕਰੌਲੀ ਅਤੇ ਸਵਾਈ ਮਾਧੋਪੁਰ ਅਤੇ ਹੋਰ ਖੇਤਰਾਂ ਤੋਂ ਲੰਘਦੀਆਂ ਹੋਈਆਂ ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਲ ਵਧ ਗਈਆਂ। ਖੇਤੀਬਾੜੀ ਮਹਿਕਮੇ ਦੇ ਕਮਿਸ਼ਨਰ ਓਮ ਪ੍ਰਕਾਸ਼ ਨੇ ਦਸਿਆ ਕਿ ਟਿੱਡੀਆਂ ਦੇ ਹਮਲੇ ਨਾਲ ਸ਼੍ਰੀਗੰਗਾਨਗਰ ’ਚ ਲਗਭਗ 4,000 ਹੈਕਟੇਅਰ ਜ਼ਮੀਨ ’ਤੇ ਲੱਗੀ ਫ਼ਸਲ ਨੂੰ ਨੁਕਸਾਨ ਹੋਇਆ ਹੈ, ਉਥੇ ਹੀ ਨਾਗੌਰ ਵਿਚ 100 ਹੈਕਟੇਅਰ ਦੀ ਫ਼ਸਲ ਨੂੰ ਟਿੱਡੀਆਂ ਸਾਫ਼ ਕਰ ਗਈਆਂ।
File photo
ਸੂਬੇ ਵਿਚ ਟਿੱਡੀਆਂ ਦੇ ਹਮਲੇ ਨਾਲ 20 ਜ਼ਿਲਿ੍ਹਆਂ ਦੀ ਕੁੱਲ 90,000 ਹੈਕਟੇਅਰ ਜ਼ਮੀਨ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਦਸਿਆ ਕਿ ਵਿਭਾਗ ਨੇ 67,000 ਹੈਕਟੇਅਰ ਜ਼ਮੀਨ ’ਤੇ ਟਿੱਡੀਆਂ ਨੂੰ ਭਜਾਉਣ ਲਈ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਵਾਇਆ ਹੈ। ਅਧਿਕਾਰੀ ਨੇ ਦਸਿਆ ਕਿ ਟਿੱਡੀਆਂ ਇਕ ਦਿਨ ’ਚ 15-20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਕੇ ਇਕ ਦਿਨ ’ਚ 150 ਕਿਲੋਮੀਟਰ ਤਕ ਦੀ ਦੂਰੀ ਤੈਅ ਕਰ ਸਕਦੀਆਂ ਹਨ। ਅਜੇ ਖੇਤਾਂ ਵਿਚ ਖੜ੍ਹੀ ਫ਼ਸਲ ਨਹੀਂ ਹੈ, ਇਸ ਲਈ ਟਿੱਡੀਆਂ ਦਰੱਖ਼ਤਾਂ ਅਤੇ ਹੋਰ ਭੋਜਨ ਪਦਾਰਥਾਂ ਨੂੰ ਅਪਣਾ ਟੀਚਾ ਬਣਾ ਰਹੀਆਂ ਹਨ। ਇਸ ਲਈ ਪ੍ਰਭਾਵਿਤ ਕਿਸਾਨਾਂ ਨੂੰ ਮੁਫ਼ਤ ਕੀਟਨਾਸ਼ਕ ਉਪਲਬਧ ਕਰਵਾਇਆ ਗਿਆ ਹੈ। ਹਾਲ ਹੀ ’ਚ ਟਿੱਡੀਆਂ ਰਾਜਧਾਨੀ ਜੈਪੁਰ ਦੇ ਰਿਹਾਇਸ਼ੀ ਇਲਾਕਿਆਂ ਵਿਚ ਦਾਖ਼ਲ ਹੋ ਗਈਆਂ ਸਨ ਅਤੇ ਦਰੱਖ਼ਤਾਂ ਤੇ ਕੰਧਾਂ ਨਾਲ ਚਿਪਕ ਗਈਆਂ ਸਨ। (ਏਜੰਸੀ)
ਟਿੱਡੀ ਦਲ ਦਾ ਹਮਲਾ ਜਲਵਾਯੂ ਤਬਦੀਲੀ ਦਾ ਨਤੀਜਾ : ਮਾਹਰ
ਲਖਨਊ, 28 ਮਈ : ਵਾਤਾਵਰਣ ਮਾਹਰਾਂ ਦਾ ਦਾਅਵਾ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਕਈ ਸੁਬਿਆਂ ’ਚ ਦਹਿਸ਼ਤ ਦਾ ਕਾਰਨ ਬਣੇ ਟਿੱਡੀ ਦਲ ਅਸਲ ’ਚ ਜਲਵਾਯੂ ਤਬਦੀਲੀ ਕਰ ਕੇ ਪੈਦਾ ਸਥਿਤੀਆਂ ਦਾ ਨਤੀਜਾ ਹੈ। ਨਾਲ ਹੀ ਉਨ੍ਹਾਂ ਨੇ ਇਨ੍ਹਾਂ ਕੀੜਿਆਂ ਦਾ ਹਮਲਾ ਜੁਲਾਈ ਦੀ ਸ਼ੁਰੂਆਤ ਤਕ ਬਰਕਰਾਰ ਰਹਿਣ ਦਾ ਖਦਸ਼ਾ ਪ੍ਰਗਟਾਇਆ ਹੈ।