
ਇਸ ਮਹੀਨੇ ਦੀ 5 ਤਰੀਕ ਨੂੰ ਭਾਰਤ 'ਚ 'ਯੂਨੀਕੋਰਨ' ਦੀ ਗਿਣਤੀ 100 ਤੱਕ ਪਹੁੰਚ ਗਈ ਹੈ।
ਨਵੀਂ ਦਿੱਲੀ - ਭਾਰਤ ਵਿਚ ‘ਯੂਨੀਕੋਰਨ’ ਕੰਪਨੀਆਂ ਦੀ ਗਿਣਤੀ 100 ਤੱਕ ਪਹੁੰਚ ਜਾਣ ਨੂੰ ਨੋਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਵਿੱਚ ਸਟਾਰਟਅੱਪਸ ਨੇ ਕੋਵਿਡ-19 ਦੇ ਮੱਦੇਨਜ਼ਰ ਵੀ ਪੈਸੇ ਕਮਾਉਣ ਅਤੇ ਮੁਲਾਂਕਣ ਵਧਾਉਣਾ ਜਾਰੀ ਰੱਖਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਕਿਹਾ ਕਿ ਇਸ ਮਹੀਨੇ ਦੀ 5 ਤਰੀਕ ਨੂੰ ਭਾਰਤ 'ਚ 'ਯੂਨੀਕੋਰਨ' ਦੀ ਗਿਣਤੀ 100 ਤੱਕ ਪਹੁੰਚ ਗਈ ਹੈ। “ਯੂਨੀਕੋਰਨ” ਦਾ ਮਤਲਬ ਹੈ ਘੱਟੋ-ਘੱਟ 7,500 ਕਰੋੜ ਰੁਪਏ ਦੇ ਟਰਨਓਵਰ ਵਾਲਾ ਸਟਾਰਟਅੱਪ।
PM Modi
ਇਨ੍ਹਾਂ ਯੂਨੀਕੋਰਨਾਂ ਦੀ ਕੁੱਲ ਕੀਮਤ 330 ਬਿਲੀਅਨ ਡਾਲਰ ਹੈ, ਜੋ ਕਿ 25 ਲੱਖ ਕਰੋੜ ਰੁਪਏ ਤੋਂ ਵੱਧ ਹੈ। ਯਕੀਨਨ ਇਹ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ।
ਮੋਦੀ ਨੇ ਕਿਹਾ, ''ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੁੱਲ ਯੂਨੀਕੋਰਨ ਕੰਪਨੀਆਂ 'ਚੋਂ 44 ਯੂਨੀਕੋਰਨ ਪਿਛਲੇ ਸਾਲ ਹੀ ਸਥਾਪਿਤ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ, ਇਸ ਸਾਲ ਤਿੰਨ ਤੋਂ ਚਾਰ ਮਹੀਨਿਆਂ ਦੇ ਸਮੇਂ ਵਿੱਚ 14 ਯੂਨੀਕੋਰਨ ਕੰਪਨੀਆਂ ਸਥਾਪਤ ਕੀਤੀਆਂ ਗਈਆਂ ਸਨ। ਇਸ ਦਾ ਮਤਲਬ ਹੈ ਕਿ ਸਾਡੇ ਸਟਾਰਟਅਪਸ ਵਿਸ਼ਵਵਿਆਪੀ ਮਹਾਂਮਾਰੀ ਦੇ ਬਾਵਜੂਦ ਵੀ ਦੌਲਤ ਪੈਦਾ ਕਰਦੇ ਹਨ ਅਤੇ ਮੁੱਲਾਂਕਣਾਂ ਨੂੰ ਵਧਾਉਂਦੇ ਰਹਿੰਦੇ ਹਨ।
ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਭਾਰਤੀ ਯੂਨੀਕੋਰਨਾਂ ਦੀ ਔਸਤ ਸਾਲਾਨਾ ਵਿਕਾਸ ਦਰ ਅਮਰੀਕਾ, ਯੂਕੇ ਅਤੇ ਹੋਰ ਕਈ ਦੇਸ਼ਾਂ ਨਾਲੋਂ ਵੱਧ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀਆਂ ਯੂਨੀਕੋਰਨ ਕੰਪਨੀਆਂ ਵਿਭਿੰਨਤਾ ਲਿਆ ਰਹੀਆਂ ਹਨ। ਸਟਾਰਟਅੱਪ ਵਰਲਡ ਨਿਊ ਇੰਡੀਆ ਦੀ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਛੋਟੇ ਕਸਬਿਆਂ ਅਤੇ ਸ਼ਹਿਰਾਂ ਦੇ ਲੋਕ ਉੱਦਮੀ ਬਣ ਰਹੇ ਹਨ।