
ਸਾਰੇ ਬੱਚਿਆਂ ਨੂੰ ਇਲਾਜ ਲਈ ਸਿਹਤ ਕੇਂਦਰ ਵਿਚ ਭਰਤੀ ਕਰਵਾਇਆ ਗਿਆ ਹੈ
ਬਿਹਾਰ : ਜ਼ਿਲ੍ਹੇ ਦੇ ਛੱਤਾਪੁਰ ਬਲਾਕ ਖੇਤਰ ਵਿਚ ਸਥਿਤ ਮਿਡਲ ਸਕੂਲ ਵਿਚ ਮਿਡ-ਡੇਅ ਮੀਲ ਖਾਣ ਨਾਲ 50 ਸਕੂਲੀ ਵਿਦਿਆਰਥੀ ਬਿਮਾਰ ਹੋ ਗਏ। ਸਕੂਲੀ ਬੱਚਿਆਂ ਨੇ ਦਸਿਆ ਕਿ ਸਬਜ਼ੀ ਵਿਚ ਮਰੀ ਹੋਈ ਛਿਪਕਲੀ ਸੀ। ਖਾਣਾ ਖਾਣ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜਨ ਲੱਗੀ। ਬੱਚਿਆਂ ਨੂੰ ਨਜ਼ਦੀਕੀ ਸਿਹਤ ਕੇਂਦਰ ਵਿਚ ਭਰਤੀ ਕਰਵਾਇਆ ਗਿਆ ਹੈ। ਚਾਰ ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਆਮ ਵਾਂਗ ਸੋਮਵਾਰ ਨੂੰ ਬੱਚਿਆਂ ਨੂੰ ਖਾਣਾ ਪਰੋਸਿਆ ਗਿਆ। ਖਾਣਾ ਖਾਣ ਤੋਂ ਬਾਅਦ ਚੌਥੀ ਜਮਾਤ ਦੀ ਤਮੰਨਾ ਨੇ ਦਸਿਆ ਕਿ ਉਸ ਨੂੰ ਆਪਣੀ ਪਲੇਟ 'ਚ ਮਰੀ ਹੋਈ ਛਿਪਕਲੀ ਮਿਲੀ। ਛਿਪਕਲੀ ਮਿਲਣ ਤੋਂ ਬਾਅਦ ਸਕੂਲ 'ਚ ਹੰਗਾਮਾ ਸ਼ੁਰੂ ਹੋ ਗਿਆ। ਬੱਚੇ ਪਲੇਟ ਛੱਡ ਕੇ ਉੱਠ ਗਏ ਅਤੇ ਹੌਲੀ-ਹੌਲੀ ਉਨ੍ਹਾਂ ਦੀ ਸਿਹਤ ਵਿਗੜਣ ਲੱਗੀ। ਜਦੋਂ ਪਿੰਡ ਵਿਚ ਇਹ ਖ਼ਬਰ ਫੈਲੀ ਤਾਂ ਪਿੰਡ ਵਾਸੀਆਂ ਨੇ ਸਕੂਲ ਵਿਚ ਪਹੁੰਚ ਕੇ ਰੌਲਾ ਪਾਇਆ ਅਤੇ ਫਿਰ ਆਪਣੇ ਬੱਚਿਆਂ ਨੂੰ ਹਸਪਤਾਲ ਲੈ ਕੇ ਪਹੁੰਚੇ।
ਖਾਣਾ ਖਾਣ ਨਾਲ ਕਰੀਬ 50 ਬੱਚਿਆਂ ਦੀ ਸਿਹਤ ਵਿਗੜ ਗਈ ਹੈ। ਸਾਰੇ ਬੱਚਿਆਂ ਨੂੰ ਇਲਾਜ ਲਈ ਸਿਹਤ ਕੇਂਦਰ ਵਿਚ ਭਰਤੀ ਕਰਵਾਇਆ ਗਿਆ ਹੈ। ਡਾਕਟਰ ਨੇ ਚਾਰ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਹੈ। ਜ਼ਿਲ੍ਹਾ ਸਿਖਿਆ ਅਫ਼ਸਰ ਸੁਰਿੰਦਰ ਕੁਮਾਰ ਨੇ ਦਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।