
ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਸੂਬੇ ਅੰਦਰ ’ਚ ਜੰਗਲਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਖੁਦ ਨੋਟਿਸ ਲਿਆ
ਸ਼ਿਮਲਾ: ਹਿਮਾਚਲ ਪ੍ਰਦੇਸ਼ ’ਚ ਗਰਮੀਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਜੰਗਲਾਂ ’ਚ ਅੱਗ ਲੱਗਣ ਦੀਆਂ 1,033 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਅਤੇ ਪਿਛਲੇ 44 ਦਿਨਾਂ ’ਚ ਹੁਣ ਤਕ 9,500 ਹੈਕਟੇਅਰ ਤੋਂ ਵੱਧ ਜ਼ਮੀਨ ਸੜ ਚੁਕੀ ਹੈ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਰਾਜ ’ਚ ਜੰਗਲਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਖੁਦ ਨੋਟਿਸ ਲਿਆ ਹੈ।
ਜੰਗਲਾਤ ਵਿਭਾਗ ਨੇ ਹਾਈ ਕੋਰਟ ਨੂੰ ਕਾਰਵਾਈ ਰੀਪੋਰਟ ਸੌਂਪੀ ਹੈ, ਜਿਸ ਤੋਂ ਬਾਅਦ ਅਦਾਲਤ ਨੇ ਵਿਭਾਗ ਨੂੰ ਜੰਗਲਾਂ ਦੀ ਅੱਗ ਦੀ ਰੋਕਥਾਮ ਲਈ ਅਪਣੇ ਯਤਨ ਤੇਜ਼ ਕਰਨ ਦੇ ਹੁਕਮ ਦਿਤੇ ਹਨ ਅਤੇ ਮਾਮਲੇ ਦੀ ਸੁਣਵਾਈ 25 ਜੂਨ ਲਈ ਸੂਚੀਬੱਧ ਕੀਤੀ ਹੈ।
ਲਗਭਗ 25 ਜੰਗਲ ਖੇਤਰ ਅਜੇ ਵੀ ਜੰਗਲ ਦੀ ਅੱਗ ਦੀ ਲਪੇਟ ’ਚ ਹਨ, ਵਿਭਾਗ ਘਟਨਾਵਾਂ ਨੂੰ ਕਾਬੂ ਕਰਨ ਲਈ ਉਪਾਅ ਸ਼ੁਰੂ ਕਰ ਰਿਹਾ ਹੈ। ਸੂਬੇ ਦੇ ਜੰਗਲਾਤ ਪ੍ਰਬੰਧਨ ਵਿਭਾਗ ਦੇ ਵਧੀਕ ਪ੍ਰਮੁੱਖ ਕੰਜ਼ਰਵੇਟਰ ਪੀ.ਕੇ. ਰਾਣਾ ਨੇ ਕਿਹਾ, ‘‘ਹਿਮਾਚਲ ਪ੍ਰਦੇਸ਼ ’ਚ ਇਸ ਸਾਲ ਹੁਣ ਤਕ ਜੰਗਲਾਂ ’ਚ ਅੱਗ ਲੱਗਣ ਦੀਆਂ 1033 ਘਟਨਾਵਾਂ ਸਾਹਮਣੇ ਆਈਆਂ ਹਨ। ਅਸੀਂ ਅੱਗ ਲੱਗਣ ਦੀਆਂ ਜ਼ਿਆਦਾਤਰ ਘਟਨਾਵਾਂ ’ਤੇ ਕਾਬੂ ਪਾਉਣ ਦੇ ਯੋਗ ਹੋ ਗਏ ਹਾਂ। ਸੂਬੇ ’ਚ ਹੁਣ ਤਕ ਅੱਗ ਲੱਗਣ ਦੀਆਂ 25 ਘਟਨਾਵਾਂ ਹੋਈਆਂ ਹਨ ਅਤੇ ਸਬੰਧਤ ਅਧਿਕਾਰੀ ਕੰਮ ’ਤੇ ਲੱਗੇ ਹੋਏ ਹਨ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।’’
ਉਨ੍ਹਾਂ ਕਿਹਾ, ‘‘ਹਿਮਾਚਲ ਪ੍ਰਦੇਸ਼ ਦੇ ਜੰਗਲਾਂ ’ਚ ਅੱਗ ਲੱਗਣ ਦੀ ਸ਼ੁਰੂਆਤ 15 ਅਪ੍ਰੈਲ ਤੋਂ 30 ਜੂਨ ਤਕ ਹੁੰਦੀ ਹੈ ਪਰ ਮੌਸਮ ਅਤੇ ਜਲਵਾਯੂ ’ਚ ਬਦਲਾਅ ਕਾਰਨ ਅਸੀਂ ਅੱਗ ਲੱਗਣ ਤੋਂ ਪਹਿਲਾਂ ਦੇ ਮੌਸਮ ਨੂੰ ਘੱਟ ਕਰਨ ਦੇ ਤਰੀਕੇ ਅਪਣਾਏ ਹਨ। ਅਸੀਂ 8000 ਹੈਕਟੇਅਰ ਜੰਗਲ ਖੇਤਰ ’ਚ ਅੱਗ ’ਤੇ ਕਾਬੂ ਪਾਉਣ ’ਚ ਸਫਲ ਰਹੇ ਹਾਂ ਅਤੇ ਅਸੀਂ ਅੱਗ ਦੇ ਮੌਸਮ ਲਈ ਤਿਆਰ ਰਹਿਣ ਲਈ 1000 ਕਿਲੋਮੀਟਰ ਦੇ ਖੇਤਰਾਂ ’ਚ ਵੀ ਕੰਮ ਕੀਤਾ ਹੈ।’’
ਅਧਿਕਾਰੀ ਨੇ ਕਿਹਾ, ‘‘ਅਸੀਂ ਜੰਗਲਾਂ ਦੀ ਅੱਗ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਹਿਲਾਂ ਹੀ 900 ਜਨਤਕ ਮੀਟਿੰਗਾਂ ਕਰ ਚੁਕੇ ਹਾਂ।’’
ਉਨ੍ਹਾਂ ਅੱਗੇ ਕਿਹਾ, ‘‘ਅਸੀਂ ਨੈਸ਼ਨਲ ਮੈਨੇਜਮੈਂਟ ਅਥਾਰਟੀ ਨਾਲ ਮੀਟਿੰਗ ਕੀਤੀ ਸੀ ਅਤੇ ਉਨ੍ਹਾਂ ਨੇ ਇਕ ਪੈਟਰਨ ਵੇਖਿਆ ਹੈ ਕਿ ਮਾਨਸੂਨ ਪੱਛਮ ਵਲ ਵਧ ਰਿਹਾ ਹੈ ਜਿਸ ਕਾਰਨ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਮੌਸਮ ਖੁਸ਼ਕ ਹੋ ਗਿਆ ਹੈ, ਮੌਸਮ ਦੀ ਸਥਿਤੀ ਅਨਿਸ਼ਚਿਤ ਹੈ ਅਤੇ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।’’
ਉਨ੍ਹਾਂ ਕਿਹਾ, ‘‘ਸ਼ਿਮਲਾ ਵਰਗੇ ਪਹਾੜੀ ਸਟੇਸ਼ਨਾਂ ’ਤੇ ਵੀ ਤਾਪਮਾਨ ਵਧਿਆ ਹੈ। ਸਾਡੇ ਕੋਲ ਅਤੀਤ ’ਚ ਕਦੇ ਵੀ ਅਜਿਹੀਆਂ ਸਥਿਤੀਆਂ ਨਹੀਂ ਰਹੀਆਂ। ਸਾਨੂੰ ਅਨਿਸ਼ਚਿਤ ਮੌਸਮ ਨੂੰ ਧਿਆਨ ’ਚ ਰਖਦੇ ਹੋਏ ਜੰਗਲ ਪ੍ਰਬੰਧਨ ’ਚ ਸੁਧਾਰ ਕਰਨ ਦੀ ਤਿਆਰੀ ਕਰਨੀ ਪਵੇਗੀ। ਅਸੀਂ ਇਸ ’ਤੇ ਕੰਮ ਕਰ ਰਹੇ ਹਾਂ।’’
ਉਨ੍ਹਾਂ ਅੱਗੇ ਕਿਹਾ ਕਿ ਜਾਣਬੁਝ ਕੇ ਜੰਗਲਾਂ ’ਚ ਅੱਗ ਲਾਉਣ ਵਾਲੇ ਅਪਰਾਧੀਆਂ ਵਿਰੁਧ ਪੁਲਿਸ ਕੋਲ ਲਗਭਗ 600 ਕੇਸ ਅਤੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਵਿਰੁਧ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ 600 ਸ਼ਿਕਾਇਤਾਂ ਵਿਚੋਂ 38 ਐਫ.ਆਈ.ਆਰ. ਦਰਜ ਕੀਤੀਆਂ ਹਨ ਅਤੇ ਡੀ.ਜੀ.ਪੀ. ਨੇ ਵੀ ਸਖਤ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ। ਉਨ੍ਹਾਂ ਕਿਹਾ, ‘‘ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਅਪਰਾਧੀਆਂ ਦੀਆਂ ਤਸਵੀਰਾਂ ਅਤੇ ਵੀਡੀਉ ਸਾਂਝਾ ਕਰਨ। ਮੈਂ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਜੰਗਲਾਂ ਦਾ ਆਨੰਦ ਲੈਣ ਪਰ ਉਨ੍ਹਾਂ ਨੂੰ ਜੰਗਲ ਦੀ ਅੱਗ ਤੋਂ ਬਚਾਉਣ।’’
ਉਨ੍ਹਾਂ ਕਿਹਾ, ‘‘ਅਸੀਂ ਕੌਮੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਦੀ ਮਦਦ ਨਾਲ ਇਕ ਤਰੀਕਾ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਮੌਜੂਦਾ ਅੱਗ ਨਾਲ ਨਜਿੱਠਣ ਅਤੇ ਨਿਯੰਤਰਣ ਕਰਨ ਦੇ ਸਮਰੱਥ ਹਾਂ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਰਾਜ ’ਚ ਬਾਕੀ 25 ਅੱਗਾਂ ’ਤੇ ਕਾਬੂ ਪਾ ਲਵਾਂਗੇ। ਸਾਨੂੰ ਹੁਣ ਤਕ ਹੈਲੀਕਾਪਟਰਾਂ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸਾਡੇ ਕੋਲ ਜੰਗਲਾਂ ’ਚ ਅੱਗ ਨਹੀਂ ਹੈ।’’