
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਤ ਕਬੀਰ ਦੇ ਆਦਰਸ਼ਾਂ ਅਤੇ ਜੀਵਨ ਦਰਸ਼ਨ ਨੂੰ ਅੱਗੇ ਰਖਦਿਆਂ ਵਿਰੋਧੀ ਧਿਰਾਂ 'ਤੇ ਜ਼ਬਰਦਸਤ ਹਮਲਾ ਕੀਤਾ.........
ਮਗਹਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਤ ਕਬੀਰ ਦੇ ਆਦਰਸ਼ਾਂ ਅਤੇ ਜੀਵਨ ਦਰਸ਼ਨ ਨੂੰ ਅੱਗੇ ਰਖਦਿਆਂ ਵਿਰੋਧੀ ਧਿਰਾਂ 'ਤੇ ਜ਼ਬਰਦਸਤ ਹਮਲਾ ਕੀਤਾ ਅਤੇ ਕਿਹਾ ਕਿ ਕੁੱਝ ਪਾਰਟੀਆਂ ਮਹਾਪੁਰਸ਼ਾਂ ਦੇ ਨਾਮ 'ਤੇ ਸਵਾਰਥ ਦੀ ਰਾਜਨੀਤੀ ਕਰ ਰਹੀਆਂ ਹਨ ਅਤੇ ਸਮਾਜ ਨੂੰ ਤੋੜਨ ਦਾ ਯਤਨ ਕਰ ਰਹੀਆਂ ਹਨ।
ਮੋਦੀ ਇਥੇ ਮਗਹਰ ਵਿਚ ਕਬੀਰ ਦੇ ਨਿਰਵਾਣ ਸਥਾਨ ਦੇ ਦਰਸ਼ਨ ਕਰਨ ਮਗਰੋਂ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, 'ਸਮੇਂ ਦੇ ਲੰਮੇ ਚੱਕਰ ਵਿਚ ਸੰਤ ਕਬੀਰ ਮਗਰੋਂ ਰੈਦਾਸ ਆਏ, ਸੈਂਕੜੇ ਸਾਲਾਂ ਮਗਰੋਂ ਮਹਾਤਮਾ ਫੂਲੇ ਆਏ, ਮਹਾਤਮਾ ਗਾਂਧੀ ਆਏ, ਬਾਬਾ ਸਾਹਿਬ ਭੀਮਰਾਉ ਅੰਬੇਡਕਰ ਆਏ।
ਸਮਾਜ ਵਿਚ ਫੈਲੀ ਅਸਮਾਨਤਾ ਨੂੰ ਦੂਰ ਕਰਨ ਲਈ ਸਾਰਿਆਂ ਨੇ ਆਪੋ-ਅਪਣੇ ਢੰਗ ਨਾਲ ਸਮਾਜ ਨੂੰ ਰਸਤਾ ਵਿਖਾਇਆ। ਬਾਬਾ ਸਾਹਿਬ ਨੇ ਸਾਨੂੰ ਦੇਸ਼ ਦਾ ਸੰਵਿਧਾਨ ਦਿਤਾ। ਇਕ ਨਾਗਰਿਕ ਵਜੋਂ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਦਿਤਾ।' ਉਨ੍ਹਾਂ ਕਿਹਾ, 'ਮੰਦੇਭਾਗੀਂ ਅੱਜ ਇਨ੍ਹਾਂ ਮਹਾਪੁਰਸ਼ਾਂ ਦੇ ਨਾਮ 'ਤੇ ਕੁੱਝ ਪਾਰਟੀਆਂ ਸਵਾਰਥ ਦੀ ਰਾਜਨੀਤੀ ਜ਼ਰੀਏ ਸਮਾਜ ਨੂੰ ਤੋੜਨ ਦਾ ਯਤਨ ਕਰ ਰਹੀਆਂ ਹਨ। ਕੁੱਝ ਪਾਰਟੀਆਂ ਨੂੰ ਸਮਾਜ ਵਿਚ ਸ਼ਾਂਤੀ ਅਤੇ ਵਿਕਾਸ ਨਹੀਂ ਸਗੋਂ ਕਲੇਸ਼ ਅਤੇ ਅਸ਼ਾਂਤੀ ਚਾਹੀਦੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਜਿੰਨੀ ਬੇਚੈਨੀ ਅਤੇ ਅਸ਼ਾਤੀ ਦਾ ਵਾਤਾਵਰਣ ਬਣਾਉਣਗੇ,
ਉਨ੍ਹਾਂ ਨੂੰ ਓਨਾ ਹੀ ਸਿਆਸੀ ਲਾਭ ਮਿਲੇਗਾ ਪਰ ਸਚਾਈ ਇਹ ਵੀ ਹੈ ਕਿ ਅਜਿਹੇ ਲੋਕ ਜ਼ਮੀਨ ਤੋਂ ਕਟ ਚੁੱਕੇ ਹਨ।' ਮੋਦੀ ਨੇ ਕਿਹਾ, 'ਇਨ੍ਹਾਂ ਨੂੰ ਅੰਦਾਜ਼ਾ ਹੀ ਨਹੀਂ ਹੈ ਕਿ ਸੰਤ ਕਬੀਰ, ਮਹਾਤਮਾ ਗਾਂਧੀ ਅਤੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਸਾਡੇ ਦੇਸ਼ ਦਾ ਮੂਲ ਸੁਭਾਅ ਕੀ ਹੈ। ਕਬੀਰ ਕਹਿੰਦੇ ਸੀ ਕਿ ਅਪਣੇ ਅੰਦਰ ਝਾਕੋ ਤਾਂ ਸੱਚ ਮਿਲੇਗਾ ਪਰ ਇਨ੍ਹਾਂ ਕਬੀਰ ਨੂੰ ਕਦੇ ਗੰਭੀਰਤਾ ਨਾਲ ਪੜ੍ਹਿਆ ਹੀ ਨਹੀਂ।' ਪ੍ਰਧਾਨ ਮੰਤਰੀ ਨੇ ਕਬੀਰ ਦੀ ਮਜ਼ਾਰ 'ਤੇ ਚਾਦਰ ਚੜ੍ਹਾਈ। (ਏਜੰਸੀ)
ਯੋਗੀ ਨੇ ਕਬੀਰ ਦੀ ਮਜ਼ਾਰ 'ਤੇ ਟੋਪੀ ਪਾਉਣ ਤੋਂ ਕੀਤਾ ਇਨਕਾਰ
ਸੰਤ ਕਬੀਰ ਨਗਰ : ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸੰਤ ਕਬੀਰ ਦਾਸ ਦੀ ਮਜ਼ਾਰ 'ਤੇ ਪੇਸ਼ ਕੀਤੀ ਗਈ ਟੋਪੀ ਪਾਉਣ ਤੋਂ ਇਨਕਾਰ ਕਰ ਦਿਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਨੂੰ ਵੇਖਦਿਆਂ ਕਲ ਸ਼ਾਮ ਤਿਆਰੀਆਂ ਦਾ ਜਾਇਜ਼ਾ ਲੈਣ ਗਏ ਯੋਗੀ ਜਦ ਮਜ਼ਾਰ 'ਤੇ ਪੁੱਜੇ ਤਾਂ ਉਥੇ ਖਾਦਿਮ ਹੁਸੈਨ ਨੇ ਉਨ੍ਹਾਂ ਨੂੰ ਟੋਪੀ ਪਾਉਣ ਲਈ ਦਿਤੀ ਜੋ ਉਨ੍ਹਾਂ ਲੈਣ ਤੋਂ ਨਿਮਰਤਾ ਨਾਲ ਇਨਕਾਰ ਕਰ ਦਿਤਾ।
ਹੁਸੈਨ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੋਗੀ ਨੇ ਕਿਹਾ ਕਿ ਉਹ ਟੋਪੀ ਨਹੀਂ ਪਾਉਂਦੇ ਅਤੇ ਨਿਮਰਤਾ ਨਾਲ ਇਨਕਾਰ ਕਰ ਦਿਤਾ। ਹੁਸੈਨ ਨੇ ਕਿਹਾ, 'ਰਵਾਇਤ ਮਾਤਬਕ ਮੈਂ ਮੁੱਖ ਮੰਤਰੀ ਨੂੰ ਟੋਪੀ ਪੇਸ਼ ਕੀਤੀ ਸੀ ਪਰ ਉਨ੍ਹਾਂ ਲੈਣ ਤੋਂ ਇਨਕਾਰ ਕਰ ਦਿਤਾ।' ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿਚ ਨਰਿੰਦਰ ਮੋਦੀ ਨੇ 2011 ਵਿਚ ਅਹਿਮਦਾਬਾਦ ਵਿਚ ਸਾਂਝੀਵਾਲਤਾ ਲਈ ਰੱਖੇ ਗਏ ਵਰਤ ਦੌਰਾਨ ਮੌਲਵੀ ਵਲੋਂ ਪੇਸ਼ ਟੋਪੀ ਪਾਉਣ ਤੋਂ ਇਨਕਾਰ ਕਰ ਦਿਤਾ ਸੀ। (ਏਜੰਸੀ)