ਕਬੀਰ ਕਮਾਈ ਆਪਣੀ...!
Published : Jul 19, 2017, 7:39 am IST
Updated : Jul 19, 2017, 2:09 am IST
SHARE ARTICLE

ਹਥਲੇ ਲੇਖ ਵਿਚ ਵਰਣਨ ਕੀਤੀਆਂ ਜਾ ਰਹੀਆਂ ਦੋਵੇਂ ਘਟਨਾਵਾਂ ਗ਼ਰੀਬੀ ਹੰਢਾ ਰਹੇ ਦੋ ਜਿਊੜਿਆਂ ਦੀਆਂ ਹਨ, ਜਿਨ੍ਹਾਂ ਦੇ ਸਿਰੜ ਤੇ ਸਿਦਕ-ਭਰੋਸੇ ਅੱਗੇ ਸਿਰ ਝੁਕਦਾ ਹੈ। ਪਹਿਲੀ ਵਾਰਤਾ ਤਾਂ ਨਵੀਂ ਤਾਜ਼ੀ ਹੈ, ਜਿਸ ਸਦਕਾ ਮੈਨੂੰ ਦੂਜੀ ਘਟਨਾ ਯਾਦ ਆਈ ਜੋ ਕਿ ਸੰਨ 1965 ਤੋਂ ਬਾਅਦ ਕਿਸੇ ਸਾਲ ਵਿਚ ਵਾਪਰੀ ਸੀ।

ਹਥਲੇ ਲੇਖ ਵਿਚ ਵਰਣਨ ਕੀਤੀਆਂ ਜਾ ਰਹੀਆਂ ਦੋਵੇਂ ਘਟਨਾਵਾਂ ਗ਼ਰੀਬੀ ਹੰਢਾ ਰਹੇ ਦੋ ਜਿਊੜਿਆਂ ਦੀਆਂ ਹਨ, ਜਿਨ੍ਹਾਂ ਦੇ ਸਿਰੜ ਤੇ ਸਿਦਕ-ਭਰੋਸੇ ਅੱਗੇ ਸਿਰ ਝੁਕਦਾ ਹੈ। ਪਹਿਲੀ ਵਾਰਤਾ ਤਾਂ ਨਵੀਂ ਤਾਜ਼ੀ ਹੈ, ਜਿਸ ਸਦਕਾ ਮੈਨੂੰ ਦੂਜੀ ਘਟਨਾ ਯਾਦ ਆਈ ਜੋ ਕਿ ਸੰਨ 1965 ਤੋਂ ਬਾਅਦ ਕਿਸੇ ਸਾਲ ਵਿਚ ਵਾਪਰੀ ਸੀ। ਦੋਹਾਂ ਦੇ ਨਾਇਕ, ਪਾਤਰ ਅਤੇ ਸਮਾਂ-ਸਥਾਨ ਬੇਸ਼ੱਕ ਅਲੱਗ ਅਲੱਗ ਹਨ, ਪਰ ਸਿੱਟਾ ਦੋਹਾਂ ਦਾ ਇਕੋ ਹੀ ਨਿਕਲਦਾ ਹੈ। ਦੋਵੇਂ ਕਥਾਵਾਂ ਇਕ ਦੂਜੀ ਦੀਆਂ ਪੂਰਕ ਹੀ ਹੋ ਨਿਬੜਦੀਆਂ ਹਨ।
ਸ਼ਹਿਰ ਦੀ ਅਮੀਰ ਮੰਨੀ ਜਾਂਦੀ ਕਾਲੋਨੀ ਵਿਚ ਰਹਿੰਦੇ ਮੇਰੇ ਭਰਾ ਦੀ ਕੋਠੀ ਤੋਂ ਰਤਾ ਹਟਵੀਂ ਇਕ ਹੋਰ ਕੋਠੀ ਦੇ ਬਗਲ ਤੋਂ ਬਾਹਰ ਸੜਕ ਦੇ ਕਿਨਾਰੇ, ਆਰਜ਼ੀ ਜਿਹਾ ਅੱਡਾ-ਗੱਡਾ ਬਣਾ ਕੇ ਇਕ ਬਿਹਾਰੀ ਧੋਬੀ ਬੈਠਾ ਹੈ ਜੋ ਕਪੜੇ ਧੋਣ ਅਤੇ ਪ੍ਰੈੱਸ ਕਰਨ ਦਾ ਕਿੱਤਾ ਅਪਣਾ ਕੇ ਅਪਣੇ ਪ੍ਰਵਾਰ ਦਾ ਜੀਵਨ ਨਿਰਬਾਹ ਚਲਾ ਰਿਹਾ ਹੈ। ਵਰ੍ਹਿਆਂ ਤੋਂ ਬੈਠੇ ਇਸ ਧੋਬੀ ਤੋਂ ਆਸ-ਪਾਸ ਦੇ ਨੌਕਰੀਪੇਸ਼ਾ ਲੋਕ ਸੁਬਹ-ਸਵੇਰੇ ਕਪੜੇ ਪ੍ਰੈੱਸ ਕਰਵਾਉਣ ਲਈ ਚੰਗਾ ਰਸ਼ ਪਾਈ ਰਖਦੇ ਨੇ।
ਭਰਾ ਦੇ ਦੱਸਣ ਅਨੁਸਾਰ ਇਕ ਦਿਨ ਉਹ ਅਪਣੇ ਅਤੇ ਬੱਚਿਆਂ ਦੇ ਕਪੜੇ ਪ੍ਰੈੱਸ ਕਰਵਾਉਣ ਲਈ ਉਸ ਧੋਬੀ ਕੋਲ ਗਿਆ। ਨਾਲ ਹੀ ਉਸ ਦਾ ਕੁੱਝ ਪਿਛਲਾ ਰਹਿੰਦਾ ਮਿਹਨਤਾਨਾ ਧੋਬੀ ਨੂੰ ਜਾ ਫੜਾਇਆ। ਉਸ ਨੇ ਭਰਾ ਹੱਥੋਂ ਨੋਟ ਫੜ ਕੇ ਉਰ੍ਹਾਂ-ਪਰ੍ਹਾਂ ਕਰਦਿਆਂ ਕਰਦਿਆਂ ਬੇਧਿਆਨੀ ਜਿਹੀ ਨਾਲ ਮੇਜ਼ ਉਤੇ ਵਿਛੇ ਕਪੜੇ ਦੇ ਇਕ ਖੂੰਜੇ ਹੇਠਾਂ ਰੱਖ ਦਿਤੇ। ਜਦੋਂ ਉਹ ਇਧਰ ਉਧਰ ਹੋ ਕੇ ਕਪੜਿਆਂ ਦੀ ਫਰੋਲਾ-ਫਰਾਲੀ ਕਰਨ ਲੱਗਾ ਤਾਂ ਕੋਲ ਸੜਕ ਵਗਦੀ ਜਾਣ ਕੇ ਮੇਰੇ ਭਰਾ ਨੇ ਧੋਬੀ ਨੂੰ ਚੌਕੰਨਾ ਕਰਦਿਆਂ ਆਖਿਆ ਕਿ 'ਗਲੀ ਵਿਚ ਆਂਦਕ-ਜਾਂਦਕ ਲੱਗੀ ਰਹਿੰਦੀ ਹੈ, ਇਸ ਲਈ ਪਹਿਲਾਂ ਇਹ ਪੈਸੇ ਚੰਗੀ ਤਰ੍ਹਾਂ ਸੰਭਾਲ ਕੇ ਰੱਖ ਭਰਾਵਾ।'
ਕਹਿੰਦੇ ਉਸੇ ਬੇਫ਼ਿਕਰੀ ਦੇ ਆਲਮ ਵਿਚ ਉਹ ਥੋੜ੍ਹੀ ਗੰਭੀਰਤਾ ਵਾਲੀ ਮੁਸਕੁਰਾਹਟ ਬਿਖੇਰਦਿਆਂ ਮੇਰੇ ਭਰਾ ਨੂੰ ਕਹਿਣ ਲੱਗਾ, ''ਅਰੇ ਸਰਦਾਰ ਜੀ, ਬਾਤ ਆਪ ਕੀ ਠੀਕ ਹੈ ਪਰ ਯੇਹ ਜੋ ਪੈਸੇ ਆਪ ਨੇ ਮੁਝੇ ਦੀਏ ਹੈਂ, ਯੇਹ ਮੇਰੇ ਖ਼ੂਨ-ਪਸੀਨੇ ਕੀ ਕਮਾਈ ਹੈ। ਅਗਰ ਕੋਈ ਉਠਾ ਕੇ ਲੇ ਭੀ ਗਯਾ... ਮੁਝੇ ਦੁੱਖ ਤੋਂ ਹੋਗਾ ਕਿ ਮੇਰੀ ਹੱਕ-ਹਲਾਲ ਕੀ ਮਿਹਨਤ ਉਡ ਗਈ...। ਚਲੋ, ਭਗਵਾਨ ਨੇ ਮੁਝੇ ਦੋ ਹਾਥ ਦੀਏ ਹੂਏ ਹੈਂ...। ਹਿੰਮਤ ਦੀ ਹੂਈ ਹੈ। ਮੈਂ ਤੋਂ ਔਰ ਕਮਾ ਲੂੰਗਾ। ਲੇਕਿਨ ਯੇਹ ਪੈਸੇ ਜਹਾਂ... ਜਿਸ ਪ੍ਰਵਾਰ ਮੇਂ ਜਾਏਂਗੇ ਨਾ...।''
ਮੇਰਾ ਭਰਾ ਦੱਸ ਰਿਹਾ ਸੀ ਕਿ ਮੈਂ ਇਕ ਬਿਹਾਰੀ ਅਨਪੜ੍ਹ ਧੋਬੀ ਦੇ ਮੂੰਹ ਤੋਂ ਫ਼ਲਸਫ਼ਾਨਾ ਅੰਦਾਜ਼ ਵਾਲੀਆਂ ਗੱਲਾਂ ਸੁਣ ਕੇ ਦੰਗ ਰਹਿ ਗਿਆ। ਉਹ ਬੜੇ ਸਿਦਕ-ਭਰੋਸੇ ਨਾਲ ਕਹਿੰਦਾ ਹੈ ਕਿ ਸਾਡੇ ਵਰਗੇ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਗ਼ਰੀਬਾਂ ਦੀ ਕਮਾਈ, ਜੇ ਕੋਈ ਛਲ-ਕਪਟ ਨਾਲ ਲੈ ਵੀ ਜਾਵੇ ਤਾਂ ਉਸ ਨੂੰ ਰਾਸ ਨਹੀਂ ਆਏਗੀ ਸਗੋਂ ਉਸ ਦਾ ਬੇੜਾ ਗਰਕ ਕਰ ਕੇ ਬਰਬਾਦੀ ਦਾ ਕਾਰਨ ਹੀ ਬਣੇਗੀ।
ਭਰਾ ਦੱਸੇ ਕਿ ਮੈਂ ਇਹ ਗਜ਼ਬ ਦੀ ਹਕੀਕਤ ਸੁਣ ਕੇ ਸੁੰਨ ਹੋਇਆ ਖੜਾ ਗ਼ਰੀਬ ਧੋਬੀ ਦੇ ਮੂੰਹ ਵਲ ਨੂੰ ਹੀ ਵੇਖਦਾ ਰਹਿ ਗਿਆ। ਟੀ.ਵੀ. ਚੈਨਲਾਂ ਉਤੇ ਚਲਦੇ ਅਧਿਆਤਮਵਾਦੀ ਕਥਾ-ਵਖਿਆਨਾਂ ਨੇ ਮੈਨੂੰ ਕਦੇ ਏਨਾ ਪ੍ਰਭਾਵਤ ਨਹੀਂ ਕੀਤਾ, ਜਿੰਨਾ ਉਸ ਗ਼ਰੀਬ ਕਿਰਤੀ ਦੇ ਸਹਿਜ-ਸੁਭਾਅ ਕਹੇ ਬੋਲਾਂ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ। ਮੈਨੂੰ ਖੜੇ ਖੜੇ ਇਕ ਬੁੱਧੀਵਾਨ ਦਾ ਕਥਨ ਯਾਦ ਆਇਆ ਕਿ 'ਜਿਸ ਕਮਾਈ ਉਤੇ ਤੁਹਾਡਾ ਪਸੀਨਾ ਨਹੀਂ ਵਗਿਆ, ਉਹ ਤੁਹਾਡੇ ਨਾਲ ਵਫ਼ਾ ਨਹੀਂ ਕਰੇਗੀ।'
ਡੂੰਘੇ ਅਰਥਾਂ ਵਾਲੀ ਇਹ ਵਾਰਤਾ ਸੁਣਦਿਆਂ ਮੈਨੂੰ ਅਪਣੇ ਘਰ ਦੀ ਉਹ ਘਟਨਾ ਯਾਦ ਆ ਗਈ ਜੋ ਕਿ ਸੰਨ ਪੈਂਹਠ ਦੇ ਅੱਗੜ-ਪਿਛੜ ਕਿਸੇ ਸਾਲ ਵਿਚ ਸਾਡੇ ਭਾਈਆ ਜੀ ਨਾਲ ਵਾਪਰੀ ਸੀ। ਗਾਹੇ-ਬ-ਗਾਹੇ ਘਰੇਲੂ ਵਰਤੋਂ ਦਾ ਸਮਾਨ ਤੇ ਹੋਰ ਕੋਈ ਕਪੜਾ-ਲੱਤਾ ਲੈਣ ਵਾਸਤੇ ਭਾਈਆ ਜੀ ਅਕਸਰ ਸਾਈਕਲ ਉਤੇ ਨਵਾਂਸ਼ਹਿਰ ਜਾਂਦੇ ਹੁੰਦੇ ਸਨ।
ਇਸੇ ਤਰ੍ਹਾਂ ਇਕ ਵਾਰ ਉਹ ਸਵੇਰੇ ਸਵੇਰੇ ਘਰੇਲੂ ਕੰਮਕਾਜ ਨਬੇੜ ਕੇ ਨਵਾਂਸ਼ਹਿਰ ਤੋਂ ਸੌਦੇ-ਪੱਤੇ ਲਿਆਉਣ ਲਈ ਤਿਆਰ ਹੋ ਗਏ। ਸਾਈਕਲ ਦੇ ਕੈਰੀਅਰ ਉਤੇ ਝੋਲੇ ਵਗ਼ੈਰਾ ਬੰਨ੍ਹ ਕੇ ਉਹ ਨਹਿਰੇ ਪੈ ਗਏ। ਇੰਜ ਨਵੇਂ ਸ਼ਹਿਰ ਗਏ ਹੋਏ ਉਹ ਅਕਸਰ ਸ਼ਾਮ ਪਈ ਘਰ ਮੁੜਦੇ ਹੁੰਦੇ ਸਨ ਪਰ ਉਸ ਦਿਨ ਉਨ੍ਹਾਂ ਸਾਨੂੰ ਸਾਰੇ ਟੱਬਰ ਨੂੰ ਹੈਰਾਨ ਕਰ ਦਿਤਾ ਜਦ ਅਸੀ ਵੇਖਿਆ ਕਿ ਘਰ ਤੋਂ ਤੁਰਨ ਤੋਂ ਚਾਰ ਕੁ ਘੰਟਿਆਂ ਬਾਅਦ ਹੀ ਉਨ੍ਹਾਂ ਘਰ ਅੱਗੇ ਆ ਕੇ ਸਾਈਕਲ ਦੀ ਘੰਟੀ ਖੜਕਾ ਦਿਤੀ। ਅਸੀ ਸਾਰੇ ਇਕਦਮ ਭੱਜ ਕੇ ਬਾਹਰ ਆ ਗਏ। ਉਨ੍ਹਾਂ ਦਾ ਹੁਲੀਆ ਵੇਖ ਕੇ ਸਾਡੇ ਸੱਭ ਦੇ ਸਾਹ ਸੂਤੇ ਗਏ। ਉਘੜ-ਦੁਘੜੀ ਜਿਹੀ ਹੋਈ ਪੱਗ, ਮਿੱਟੀ-ਗਾਰੇ ਨਾਲ ਲਿਬੜੇ, ਸਲ੍ਹਾਬੇ ਜਿਹੇ ਹੋਏ ਉਨ੍ਹਾਂ ਦੇ ਕਪੜੇ ਅਤੇ ਘਬਰਾਇਆ ਚਿਹਰਾ ਵੇਖ ਕੇ ਅਸੀ ਠਠੰਬਰ ਗਏ ਕਿ ਇਹ ਕੀ ਭਾਣਾ ਵਾਪਰ ਗਿਆ ਹੋਵੇਗਾ? ਬਹੁਤ ਨਿਮਰ ਸੁਭਾਅ ਵਾਲੀ ਸਾਡੀ ਮਾਂ ਤਾਂ ਰੋਣਹਾਕੀ ਜਿਹੀ ਹੋ ਕੇ 'ਕੀ ਹੋਇਆ ਕੀ ਹੋਇਆ?' ਕਰਦੀ ਇਕ ਤਰ੍ਹਾਂ ਨਾਲ ਸਾਈਕਲ ਦੇ ਹੈਂਡਲ ਉਤੇ ਡਿੱਗ ਹੀ ਪਈ।
'ਕੁਛ 'ਨੀਂ ... ਬਚਾਅ ਹੋ ਗਿਆ।'' ਸਾਈਕਲ ਕੰਧ ਨਾਲ ਲਾ ਕੇ ਕਮੀਜ਼ ਛੰਡਦਿਆਂ ਭਾਈਆ ਜੀ ਮੰਜੇ ਉਤੇ ਬੈਠ ਗਏ ਅਤੇ ਸਾਨੂੰ ਧੀਰਜ ਬਨ੍ਹਾਈ। ਉਨ੍ਹਾਂ ਦੇ ਪੈਰਾਂ 'ਚੋਂ ਜੁੱਤੀ ਵੀ ਗ਼ਾਇਬ ਵੇਖ ਕੇ ਅਸੀ ਹੋਰ ਹੱਕੇ ਬੱਕੇ ਹੋ ਗਏ। ਹੈਰਤਅੰਗੇਜ਼ ਹੋਇਆ ਸਾਰਾ ਟੱਬਰ ਵੱਡੀ ਉਤਸੁਕਤਾ ਨਾਲ ਭਾਈਆ ਜੀ ਨਾਲ ਵਾਪਰੀ ਅਣਹੋਣੀ ਸੁਣਨ ਲਈ ਉਤਾਵਲਾ ਪੈ ਰਿਹਾ ਸੀ। ਭਾਈਆ ਜੀ ਦੇ ਮੂੰਹ ਤੋਂ ਸਾਰਾ ਵੇਰਵਾ ਸੁਣ ਕੇ ਸਾਡੇ ਲੂ ਕੰਡੇ ਖੜੇ ਹੋ ਗਏ। ਸਾਡੀ ਮਾਂ ਹੱਥ ਜੋੜ ਕੇ ਦਾਤੇ ਦਾ ਸ਼ੁਕਰਾਨਾ ਕਰਨ ਲੱਗੀ ਕਿ ਉਸ ਦੇ ਸਿਰ ਦਾ ਸਾਈਂ ਸਹੀ ਸਲਾਮਤ ਬਚ ਕੇ ਆ ਗਿਆ ਹੈ।
ਹੋਇਆ ਅਸਲ 'ਚ ਇਹ ਕਿ ਸਾਡੇ ਪਿੰਡ ਤੋਂ ਨਵਾਂਸ਼ਹਿਰ ਨੂੰ ਜਾਣ ਲਈ ਆਮ ਤੌਰ ਤੇ ਬਿਸਤ ਦੁਆਬ ਨਹਿਰ ਕੰਢੇ 6-7 ਮੀਲ ਸਫ਼ਰ ਕਰਨਾ ਪੈਂਦਾ ਹੈ। ਪਿੰਡ ਸੁਬਾਜਪੁਰ ਦੇ ਜਿਸ ਪੁਲ ਤੋਂ ਨਹਿਰ ਛੱਡ ਕੇ ਹੋਰ ਰਾਹ ਪੈਣਾ ਹੁੰਦਾ ਹੈ, ਉਸ ਪੁਲ ਉਤੇ ਹੈੱਡਵਰਕਸ ਬਣਿਆ ਹੋਇਆ ਸੀ ਜਿਥੋਂ ਖੱਬੇ-ਸੱਜੇ ਨੂੰ ਰਜਬਾਹੇ ਨਿਕਲਦੇ ਹਨ। ਨਹਿਰ ਦੇ ਪਾਣੀ ਦੀ ਰਫ਼ਤਾਰ ਰੋਕਣ ਲਈ ਪੁਲ ਦੇ ਅੱਗੇ ਰੋਕਾਂ ਬਣੀਆਂ ਹੋਈਆਂ ਹਨ ਜਿਨ੍ਹਾਂ 'ਚ ਵੱਜ ਕੇ ਪਾਣੀ ਰਿੜਕ ਜਿਹਾ ਹੁੰਦਿਆਂ 'ਝਲਾਰ' ਬਣਦੀ ਹੈ। ਉਨ੍ਹਾਂ ਦਿਨਾਂ ਵਿਚ ਉਥੇ ਫੁੱਲ-ਬੂਟੇ ਲਾ ਕੇ ਉਹ ਥਾਂ ਖੂਬ ਸਜਾਈ ਹੁੰਦੀ ਸੀ। ਨਹਿਰ 'ਚ ਉਤਰਦੀਆਂ ਪੌੜੀਆਂ ਦੋਹੇਂ ਪਾਸੀਂ ਬਣੀਆਂ ਹੋਈਆਂ ਹਨ, ਜਿਨ੍ਹਾਂ ਥਾਣੀ ਉਤਰ ਕੇ ਰਾਹੀ-ਮੁਸਾਫ਼ਰ ਜਾਂ ਪੱਠੇ-ਦੱਥੇ ਵਾਲੀਆਂ ਬੀਬੀਆਂ ਪਾਣੀ ਪੀ ਲੈਂਦੀਆਂ ਸਨ। ਉਸ ਦਿਨ ਸਾਡੇ ਭਾਈਆ ਜੀ ਵੀ ਉਥੇ ਪਾਣੀ ਪੀਣ ਲਈ ਉਤਰੇ, ਪਰ ਪੌੜੀਆਂ ਤੋਂ ਪੈਰ ਤਿਲਕਣ ਕਰ ਕੇ ਧੜੰਮ ਨਹਿਰ 'ਚ ਡਿੱਗ ਪਏ।
ਪੁਲ ਦੇ ਅੱਗੇ ਪਾਣੀ ਦੀ ਡੂੰਘਾਈ ਵੀ ਅੱਠ-ਦਸ ਫੁੱਟ ਅਤੇ ਵਹਾਅ ਵੀ ਤੇਜ਼। ਉੱਭੜਵਾਹੇ ਡਿੱਗਣ ਕਰ ਕੇ ਗੋਤੇ ਵੀ ਚੰਗੇ ਆ ਗਏ ਪਰ ਚੰਗੀ ਕਿਸਮਤ ਨੂੰ ਉਨ੍ਹਾਂ ਦਾ ਰੌਲਾ ਸੁਣ ਕੇ ਉਥੋਂ ਲੰੰਘਦੇ ਇਕ ਬੰਦੇ ਨੇ ਫ਼ਟਾਫ਼ਟ ਅਪਣੀ ਪੱਗ ਭਾਈਆ ਜੀ ਵਲ ਵਗਾਹੀ ਜਿਸ ਸਦਕਾ ਉਨ੍ਹਾਂ ਨੂੰ ਨਹਿਰ 'ਚੋਂ ਖਿੱਚ ਕੇ ਬਾਹਰ ਕਢਿਆ ਗਿਆ।
ਸਾਰਾ ਬਿਰਤਾਂਤ ਸੁਣਾ ਕੇ ਜਦੋਂ ਭਾਈਆ ਜੀ ਨੇ ਇਹ ਦਸਿਆ ਕਿ ਉਨ੍ਹਾਂ ਦਾ ਬਟੂਆ ਅਤੇ ਜੁੱਤੀ ਨਹਿਰ ਵਿਚ ਹੀ ਡਿੱਗ ਪਏ ਤਾਂ ਸਾਡੀ ਮਾਤਾ ਨੂੰ ਪੈਸੇ ਜਾਣ ਦਾ ਝੋਰਾ ਖਾਣ ਲੱਗਾ। ਉਨ੍ਹਾਂ ਦਿਨਾਂ ਵਿਚ 50-60 ਰੁਪਏ ਵੀ ਅੱਜ ਦੇ ਅੱਠ-ਦਸ ਹਜ਼ਾਰ ਦੇ ਬਰਾਬਰ ਹੁੰਦੇ ਸਨ। ਜਦੋਂ ਬੀਬੀ ਜੀ ਬਹੁਤੀ ਹੀ ਚਿੰਤਾ ਕਰਦਿਆਂ ਕਹਿਣ ਲੱਗੇ ਕਿ 'ਹੁਣ ਖ਼ਰਚਾ ਕਿਥੋਂ ਕਰਨੈ?' ਤਾਂ ਭਾਈਆ ਜੀ ਬੜੇ ਠਰੰਮੇ ਨਾਲ ਕਹਿਣ, ''ਜੇ ਉਹ ਪੈਸੇ ਸਾਡੇ ਹੀ ਹੋਏ ਤਾਂ ਕਿਤੇ ਨਹੀਂ ਜਾਂਦੇ। ਸਾਨੂੰ ਜ਼ਰੂਰ ਮਿਲ ਜਾਣਗੇ।'' ਰੁੜ੍ਹ ਗਏ ਪੈਸਿਆਂ ਨੂੰ ਝੂਰਦੀ ਅਤੇ ਗ਼ਰੀਬੀ ਕਾਰਨ ਦੁਖੀ ਹੁੰਦਿਆਂ ਜਦੋਂ ਸਾਡੀ ਮਾਂ ਕਹਿੰਦੀ, ''ਨਹਿਰਾਂ 'ਚੋਂ ਤਾਂ ਡੁੱਬੇ ਹੋਏ ਬੰਦਿਆਂ ਦੀਆਂ ਲਾਸ਼ਾਂ ਨਹੀਂ ਲਭਦੀਆਂ ਹੁੰਦੀਆਂ... ਤੇਰਾ ਬਟੂਆ ਕਿਥੇ ਲੱਭਣੈ ਸਰਦਾਰ ਜੀ!'' ਤਾਂ ਭਾਈਆ ਜੀ ਅਪਣੇ ਵਿਸ਼ਵਾਸ ਦੇ ਪੱਖ ਵਿਚ ਇਹ ਸਤਰਾਂ ਪੜ੍ਹਦੇ-
'ਕਬੀਰ ਕਮਾਈ ਆਪਣੀ ਬਿਰਥੀ ਕਦੇ ਨਾ ਜਾਏ।
ਸੱਤ ਸਮੁੰਦਰ ਟੱਪ ਜਏ ਫਿਰ ਵੀ ਮਿਲਦੀ ਆਏ।'
(ਇਹ ਗੁਰਬਾਣੀ ਦਾ ਸ਼ਲੋਕ ਨਹੀਂ)
ਦਸ ਕੁ ਦਿਨਾਂ ਬਾਅਦ ਨਹਿਰ ਦਾ ਪਾਣੀ ਲੱਥੇ ਤੋਂ ਭਾਈਆ ਜੀ ਨੇ ਚੁੱਕਿਆ ਸਾਈਕਲ ਤੇ ਜਾ ਪਹੁੰਚੇ ਸੁਬਾਜਪੁਰ ਦੇ ਪੁਲ ਉੱਤੇ। ਹੈੱਡ ਉਤੇ ਡਿਊਟੀ ਕਰਦੇ ਪਨਸਾਲੀਏ ਨੂੰ ਮਿਲੇ ਜਿਸ ਨੂੰ ਉਹ ਉਸ ਦਿਨ ਅਪਣਾ ਬਟੂਆ ਡਿੱਗਣ ਬਾਰੇ ਦੱਸ ਆਏ ਸਨ।
''ਗਿਆਨੀ ਜੀ ਪਾਣੀ ਤਾਂ ਕਲ ਸ਼ਾਮ ਦਾ ਹੀ ਉਤਰਿਆ ਹੋਇਐ।'', ਤਸੱਲੀ ਨਾਲ ਬੋਲਦਿਆਂ ਪਨਸਾਲੀਆ ਭਾਈਆ ਜੀ ਨੂੰ ਅਪਣੇ ਕਮਰੇ 'ਚ ਲੈ ਗਿਆ ਜਿੱਥੇ ਉਸ ਨੇ ਭਿੱਜੇ ਬਟੂਏ ਵਿਚੋਂ ਨੋਟ ਕੱਢ ਕੇ ਪੁਰਾਣੀ ਅਖ਼ਬਾਰ ਉਤੇ ਸੁਕਣੇ ਪਾਏ ਹੋਏ ਸਨ। ਉਸ ਈਮਾਨਦਾਰ ਮੁਲਾਜ਼ਮ ਦਾ ਸ਼ੁਕਰਾਨਾ ਕਰਦਿਆਂ ਭਾਈਆ ਜੀ 'ਅਪਣੀ ਕਮਾਈ' ਲੈ ਕੇ ਕਿਸੇ ਜੇਤੂ ਖਿਡਾਰੀ ਵਾਂਗ ਮੁਸਕੁਰਾਉਂਦੇ ਘਰ ਆ ਗਏ!!
ਸੰਪਰਕ : 001-408-915-1268

SHARE ARTICLE
Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement