
ਮੁੰਬਈ ਦੇ ਰਿਹਾਇਸ਼ੀ ਇਲਾਕੇ ਵਿਚ ਚਾਰਟਰਡ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਪੰਜ ਜਣਿਆਂ ਦੀ ਮੌਤ ......
ਮੁੰਬਈ, 28 ਜੂਨ : ਮੁੰਬਈ ਦੇ ਰਿਹਾਇਸ਼ੀ ਇਲਾਕੇ ਵਿਚ ਚਾਰਟਰਡ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਜਣੇ ਜ਼ਖ਼ਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਜਹਾਜ਼ ਘਾਟਕੋਪਰ ਦੇ ਰਿਹਾਇਸ਼ੀ ਇਲਾਕੇ ਵਿਚ ਡਿੱਗਾ। ਜਹਾਜ਼ ਜਾਗਰਤੀ ਬਿਲਡਿੰਗ ਲਾਗੇ ਨਿਰਮਾਣ ਅਧੀਨ ਇਮਾਰਤ ਕੋਲ ਡਿੱਗਾ। ਜਹਾਜ਼ ਵਿਚ ਦੋ ਚਾਲਕ ਅਤੇ ਦੋ ਤਕਨੀਸ਼ੀਅਨ ਸਵਾਰ ਸਨ। ਹਾਦਸੇ ਵਿਚ ਚਾਰਾਂ ਦੀ ਮੌਤ ਹੋ ਗਈ ਜਦਕਿ ਇਕ ਰਾਹਗੀਰ ਮਾਰਿਆ ਗਿਆ। ਜਿਥੇ ਜਹਾਜ਼ ਡਿੱਗਾ, ਉਥੋਂ ਇਹ ਸ਼ਖ਼ਸ ਲੰਘ ਰਿਹਾ ਸੀ।
ਮੁੱਖ ਮੰਤਰੀ ਦਵਿੰਦਰ ਫੜਨਵੀਸ ਘਟਨਾ ਸਥਾਨ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਜਹਾਜ਼ ਯੂਪੀ ਸਰਕਾਰ ਦਾ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਜਹਾਜ਼ ਦੇ ਯੂਪੀ ਸਰਕਾਰ ਦਾ ਹੋਣ ਦਾ ਦਾਅਵਾ ਗ਼ਲਤ ਦਸਿਆ ਹੈ। ਵਿਭਾਗ ਨੇ ਕਿਹਾ ਕਿ ਜਹਾਜ਼ ਯੂਪੀ ਸਰਕਾਰ ਦਾ ਨਹੀਂ ਹੈ, ਯੂਪੀ ਦੇ ਸਾਰੇ ਜਹਾਜ਼ ਰਾਜ ਵਿਚ ਮੌਜੂਦ ਹਨ। ਯੂਪੀ ਸਰਕਾਰ ਨੇ ਵੀ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਜਹਾਜ਼ ਉਸ ਕੋਲ ਸੀ ਪਰ 2014 ਵਿਚ ਮੁੰਬਈ ਦੀ ਕੰਪਨੀ ਨੂੰ ਵੇਚ ਦਿਤਾ ਗਿਆ ਸੀ।
ਮੁੱਖ ਮੰਤਰੀ ਨੇ ਕਿਹਾ, 'ਇਹ ਦਰਦਨਾਕ ਹਾਦਸਾ ਹੈ। ਹਾਦਸੇ ਦੇ ਕਾਰਨ ਕੀ ਹਨ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ, ਇਸ ਬਾਰੇ ਜਾਂਚ ਕੀਤੀ ਜਾਵੇਗੀ।' (ਏਜੰਸੀ)
ਫ਼ਿਲਹਾਲ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗਾ ਪਰ ਉਸ ਦਾ ਬਲੈਕ ਬਾਕਸ ਮਿਲ ਗਿਆ ਹੈ ਜਿਸ ਸਦਕਾ ਛੇਤੀ ਹੀ ਕਾਰਨਾਂ ਦਾ ਪਤਾ ਲੱਗ ਜਾਵੇਗਾ। ਮ੍ਰਿਤਕਾਂ ਵਿਚ ਦੋ ਔਰਤਾਂ ਵਿਚ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਕੈਪਟਨ ਪੀ ਸੀ ਰਾਜਪੂਤ, ਕੋ ਪਾਇਲਟ ਮਾਰੀਆ ਜੁਬੈਰੀ,
ਸਹਾਇਕ ਇੰਜਨੀਅਰ ਸੁਰਭੀ, ਜਹਾਜ਼ ਤਕਨੀਸ਼ੀਅਨ ਮਨੀਸ਼ ਪਾਂਡੇ ਸ਼ਾਮਲ ਹਨ। ਜਹਾਜ਼ ਜੁਹੂ ਏਅਰਪੋਰਟ ਵਲ ਜਾ ਰਿਹਾ ਸੀ ਕਿ ਅਚਾਨਕ ਇਸ ਵਿਚ ਅੱਗ ਲੱਗ ਗਈ ਤੇ ਇਮਾਰਤ ਲਾਗੇ ਡਿੱਗ ਪਿਆ। (ਏਜੰਸੀ)