
ਇਸ ਰੀਪੋਰਟ ’ਚ ਭਾਰਤ ਦੇ ਸਮਾਜਕ ਤਾਣੇ-ਬਾਣੇ ਦੀ ਸਮਝ ਦੀ ਘਾਟ ਹੈ : ਰਣਧੀਰ ਜੈਸਵਾਲ
India On US Religious Freedom Report: ਭਾਰਤ ਨੇ ਕੌਮਾਂਤਰੀ ਧਾਰਮਕ ਆਜ਼ਾਦੀ ’ਤੇ ਅਮਰੀਕੀ ਵਿਦੇਸ਼ ਵਿਭਾਗ ਵਲੋਂ ਜਾਰੀ ਰੀਪੋਰਟ ’ਚ ਕੀਤੀ ਗਈ ਆਲੋਚਨਾ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਹੋਏ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਪੱਖਪਾਤੀ ਅਤੇ ਵੋਟ ਬੈਂਕ ਦੀ ਸੋਚ ਤੋਂ ਪ੍ਰੇਰਿਤ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਰੀਪੋਰਟ ’ਚ ਭਾਰਤ ਵਿਰੁਧ ਪੱਖਪਾਤੀ ਬਿਆਨ ਨੂੰ ਅੱਗੇ ਵਧਾਉਣ ਲਈ ਚੁਣੀਆਂ ਹੋਈਆਂ ਘਟਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਰੀਪੋਰਟ ਜਾਰੀ ਕਰਨ ਮੌਕੇ ਕਿਹਾ ਕਿ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ, ਨਫ਼ਰਤ ਭਰੇ ਭਾਸ਼ਣਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਘਰਾਂ ਅਤੇ ਪੂਜਾ ਸਥਾਨਾਂ ਨੂੰ ਢਾਹੁਣ ਵਿਚ ਚਿੰਤਾਜਨਕ ਵਾਧਾ ਹੋਇਆ ਹੈ। ਜੈਸਵਾਲ ਨੇ ਕਿਹਾ, ‘‘ਪਹਿਲਾਂ ਵਾਂਗ, ਇਹ ਰੀਪੋਰਟ ਵੀ ਬਹੁਤ ਪੱਖਪਾਤੀ ਹੈ, ਭਾਰਤ ਦੇ ਸਮਾਜਕ ਤਾਣੇ-ਬਾਣੇ ਦੀ ਸਮਝ ਦੀ ਘਾਟ ਹੈ ਅਤੇ ਸਪੱਸ਼ਟ ਤੌਰ ’ਤੇ ਵੋਟ ਬੈਂਕ ਦੀ ਸੋਚ ਅਤੇ ਨਿਰਧਾਰਤ ਪਹੁੰਚ ਤੋਂ ਪ੍ਰੇਰਿਤ ਹੈ।’’
ਉਨ੍ਹਾਂ ਕਿਹਾ, ‘‘ਇਸ ਲਈ ਅਸੀਂ ਇਸ ਨੂੰ ਰੱਦ ਕਰਦੇ ਹਾਂ। ਇਹ ਪ੍ਰਕਿਰਿਆ ਅਪਣੇ ਆਪ ’ਚ ਦੋਸ਼ਾਂ, ਗਲਤ ਬਿਆਨੀ, ਤੱਥਾਂ ਦੀ ਚੋਣਵੀਂ ਵਰਤੋਂ, ਪੱਖਪਾਤੀ ਸਰੋਤਾਂ ’ਤੇ ਨਿਰਭਰਤਾ ਅਤੇ ਮੁੱਦਿਆਂ ਨੂੰ ਇਕਪਾਸੜ ਤਰੀਕੇ ਨਾਲ ਪੇਸ਼ ਕਰਨ ਦਾ ਮਿਸ਼ਰਣ ਹੈ।’’
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘‘ਇਸ ਨੇ ਪੱਖਪਾਤੀ ਨਜ਼ਰੀਏ ਨੂੰ ਅੱਗੇ ਵਧਾਉਣ ਲਈ ਚੋਣਵੇਂ ਪ੍ਰੋਗਰਾਮਾਂ ਦੀ ਚੋਣ ਕੀਤੀ ਹੈ। ਕੁੱਝ ਮਾਮਲਿਆਂ ’ਚ, ਰੀਪੋਰਟ ਖੁਦ ਕਾਨੂੰਨਾਂ ਅਤੇ ਨਿਯਮਾਂ ਦੀ ਵੈਧਤਾ ’ਤੇ ਸਵਾਲ ਉਠਾਉਂਦੀ ਹੈ।’’ ਜੈਸਵਾਲ ਨੇ ਕਿਹਾ ਕਿ ਇਹ ਰੀਪੋਰਟ ਭਾਰਤੀ ਅਦਾਲਤਾਂ ਵਲੋਂ ਦਿਤੇ ਗਏ ਕੁੱਝ ਫੈਸਲਿਆਂ ਦੀ ਅਖੰਡਤਾ ਨੂੰ ਚੁਨੌਤੀ ਦਿੰਦੀ ਜਾਪਦੀ ਹੈ।