
ਸੰਯੁਕਤ ਰਾਸ਼ਟਰ ਦੀ ਰਿਪੋਰਟ ’ਚ ਕੀਤਾ ਗਿਆ ਦਾਅਵਾ
ਨਵੀਂ ਦਿੱਲੀ: ਭਾਰਤ ’ਚ ਪਿਛਲੇ 25 ਸਾਲਾਂ ਦੌਰਾਨ 20 ਕਰੋੜ ਕੁੜੀਆਂ ਦੇ ਬਾਲ-ਵਿਆਹ ਹੋਏ ਹਨ। ਪੂਰੀ ਦੁਨੀਆ ’ਚ ਕੁੜੀਆਂ ਦੀ ਇਹ ਗਿਣਤੀ 64 ਕਰੋੜ ਹੈ, ਜਿਨ੍ਹਾਂ ਦੇ ਵਿਆਹ 18 ਸਾਲ ਤੋਂ ਘਟ ਉਮਰ ’ਚ ਹੋਏ ਸਨ। ਇੰਝ ਦੁਨੀਆ ’ਚ ਬਾਲ-ਵਿਆਹਾਂ ਦੇ ਇਕ-ਤਿਹਾਈ ਮਾਮਲੇ ਸਿਰਫ਼ ਭਾਰਤ ’ਚ ਪਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸੰਯੁਕਤ ਰਾਸ਼ਟਰ ਦੀ ਇਕ ਤਾਜ਼ਾ ਰਿਪੋਰਟ ’ਚ ਕੀਤਾ ਗਿਆ ਹੈ।
ਸਾਲ 2024 ਦੀ ‘ਟਿਕਾਊ ਵਿਕਾਸ ਦੇ ਨਿਸ਼ਾਨੇ’ ਵਿਸ਼ੇ ’ਤੇ ਰਿਪੋਰਟ ’ਚ ਇਹ ਵੀ ਦਸਿਆ ਗਿਆ ਹੈ ਕਿ 25 ਕੁ ਸਾਲ ਪਹਿਲਾਂ 25 ਫ਼ੀ ਸਦੀ ਕੁੜੀਆਂ ਦੇ ਵਿਆਹ ਬਚਪਨ ’ਚ ਹੋ ਜਾਂਦੇ ਸਨ ਅਤੇ ਹੁਣ ਇਹ ਫ਼ੀ ਸਦ ਥੋੜ੍ਹੀ ਘਟ ਕੇ 20 ’ਤੇ ਆ ਗਈ ਹੈ।
ਸੰਯੁਕਤ ਰਾਸ਼ਟਰ ਨੇ ਅਪਣੀ ਰਿਪੋਰਟ ’ਚ ਕਿਹਾ ਹੈ ਕਿ ਦੁਨੀਆ ਨੇ ਭਾਵੇਂ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਪਰ ਹਾਲੇ ਤਕ Çਲੰਗਕ ਸਮਾਨਤਾ ਵੇਖਣ ਨੂੰ ਨਹੀਂ ਮਿਲ ਸਕੀ। ਔਰਤਾਂ ਖ਼ਿਲਾਫ਼ ਹਿੰਸਾ ਆਮ ਹੈ। ਜਿਨਸੀ (ਸੈਕਸੁਅਲ) ਤੇ ਜਿਨਸੀ ਸਿਹਤ ਦੇ ਮਾਮਲਿਆਂ ’ਚ ਔਰਤਾਂ ਨੂੰ ਕੋਈ ਆਜ਼ਾਦੀ ਨਹੀਂ ਹੈ। ਜੇ ਇਹੋ ਰਫ਼ਤਾਰ ਰਹੀ, ਤਾਂ ਔਰਤਾਂ ਤੇ ਮਰਦਾਂ ’ਚ ਸਮਾਨਤਾ ਲਿਆਉਣ ’ਚ 176 ਸਾਲ ਲਗਣਗੇ।
ਇਥੇ ਵਰਨਣਯੋਗ ਹੈ ਕਿ ਸੰਯੁਕਤ ਰਾਸ਼ਟਰ ਨੇ ਦੁਨੀਆ ਭਰ ’ਚ ਰਹਿਣੀ-ਬਹਿਣੀ ਦੇ 169 ਟੀਚੇ ਰਖੇ ਗਏ ਸਨ, ਜਿਨ੍ਹਾਂ ਦੀ ਪੂਰਤੀ 2030 ਤਕ ਕੀਤੀ ਜਾਣੀ ਹੈ। ਪਰ ਹਾਲੇ ਤਕ ਇਨ੍ਹਾਂ ’ਚੋਂ ਸਿਰਫ਼ 17 ਫ਼ੀ ਸਦੀ ਟੀਚਿਆਂ ਦੀ ਹੀ ਪੂਰਤੀ ਕੀਤੀ ਜਾ ਸਕੀ ਹੈ। ਇਹ ਟੀਚੇ ਸਾਲ 2015 ਦੌਰਾਨ ਪੂਰੀ ਦੁਨੀਆ ਦੇ ਲੀਡਰਾਂ ਨੇ ਅਪਣਾਏ ਸਨ; ਜਿਨ੍ਹਾਂ ’ਚ ਗ਼ਰੀਬੀ ਦੇ ਖ਼ਾਤਮੇ ਤੋਂ ਲੈ ਕੇ Çਲੰਗਕ ਸਮਾਨਤਾ ਤਕ ਦੇ ਟੀਚੇ ਸ਼ਾਮਲ ਹਨ।