
ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰਰਾਸ਼ਟਰੀ ਸੰਯੁਕਤ ਸਕੱਤਰ ਸੁਰਿੰਦਰ ਕੁਮਾਰ ਜੈਨ ਨੇ ਫ਼ੇਸਬੁਕ 'ਤੇ ਕਿਹਾ ਕਿ ਹਿੰਦੂ ਸਮਾਜ ਦਾ 500 ਸਾਲ ਤੋਂ ਚਲਿਆ ਜਾ ਰਿਹਾ....
ਅਯੋਧਿਆ, 28 ਜੁਲਾਈ : ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰਰਾਸ਼ਟਰੀ ਸੰਯੁਕਤ ਸਕੱਤਰ ਸੁਰਿੰਦਰ ਕੁਮਾਰ ਜੈਨ ਨੇ ਫ਼ੇਸਬੁਕ 'ਤੇ ਕਿਹਾ ਕਿ ਹਿੰਦੂ ਸਮਾਜ ਦਾ 500 ਸਾਲ ਤੋਂ ਚਲਿਆ ਜਾ ਰਿਹਾ ਸੰਘਰਸ਼ ਛੇਤੀ ਹੀ ਸਾਰਥਕ ਹੋਵੇਗਾ।' ਉਨ੍ਹਾਂ ਕਿਹਾ, 'ਰਾਮ ਮੰਦਰ ਨਿਰਮਾਣ ਲਈ ਲੱਖਾਂ ਲੋਕਾਂ ਨੇ ਅਪਣੀ ਕੁਰਬਾਨੀ ਦਿਤੀ ਹੈ। ਸਮੁੱਚਾ ਦੇਸ਼ ਰਾਮ ਮੰਦਰ ਨਿਰਮਾਣ ਲਈ ਪ੍ਰਤੀਬੱਧ ਹੈ। ਪੰਜ ਅਗੱਸਤ ਨੂੰ ਨੀਂਹ ਪੱਥਰ ਰਖਿਆ ਜਾਵੇਗਾ। ਪ੍ਰਧਾਨ ਮੰਤਰੀ ਵੀ ਸਮਾਗਮ ਵਿਚ ਸ਼ਾਮਲ ਹੋਣਗੇ।'
ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜ ਅਗੱਸਤ ਨੂੰ ਸਵੇਰੇ ਸਾਢੇ ਦਸ ਵਜੇ ਅਯੋਧਿਆ ਵਲ ਮੂੰਹ ਕਰ ਕੇ ਖੜੇ ਹੋ ਜਾਣ ਅਤੇ ਮਨ ਵਿਚ ਮੰਦਰ ਨਿਰਮਾਣ ਦੇ ਸੰਕਲਪ ਨਾਲ ਰਾਮ ਨਾਮ ਦਾ ਸਿਮਰਨ ਕਰਦਿਆਂ ਆਰਤੀ ਕਰਨ। ਉਨ੍ਹਾਂ ਕਿਹਾ ਕਿ ਇਸ ਦਿਨ ਹਰ ਘਰ ਵਿਚ ਦੀਵੇ ਬਾਲ ਕੇ ਦੀਵਾਲੀ ਜਿਹਾ ਤਿਉਹਾਰ ਮਨਾਇਆ ਜਾਵੇ। ਜੈਨ ਨੇ ਮੁਸਲਮਾਨਾਂ ਨੂੰ ਵੀ ਹਿੰਦੂਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।
Ram Temple
ਚਾਂਦੀ ਦੀਆਂ ਇੱਟਾਂ ਦਾ ਲੱਗਾ ਢੇਰ- ਰਾਮ ਮੰਦਰ ਟਰੱਸਟ ਨੇ ਭਗਤਾਂ ਨੂੰ ਅਪੀਲ ਕੀਤੀ ਹੈ ਕਿ ਚਾਂਦੀ ਦੀਆਂ ਇੱਟਾਂ ਦਾਨ ਨਾ ਕਰਨ। ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਭਾਰੀ ਗਿਣਤੀ ਵਿਚ ਚਾਂਦੀ ਦੀਆਂ ਇੱਟਾਂ ਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਇੱਟਾ ਨੂੰ ਰੱਖਣ ਲਈ ਜਗ੍ਹਾ ਦੀ ਘਾਟ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਟਰੱਸਟ ਕੋਲ ਤਾਂ ਉਨ੍ਹਾਂ ਨੂੰ ਰੱਖਣ ਲਈ ਲੋੜੀਂਦੀ ਜਗ੍ਹਾ ਹੈ ਹੈ ਅਤੇ ਨਾ ਹੀ ਚਾਂਦੀ ਦੀਆਂ ਇੱਟਾਂ ਦੀ ਸ਼ੁਧਤਾ ਜਾਂਚਣ ਲਈ ਉਪਕਰਨ ਅਤੇ ਸਹੂਲਤਾਂ। ਉਨ੍ਹਾਂ ਦਸਿਆ ਕਿ ਹੁਣ ਤਕ ਇਕ ਕੁਇੰਟਲ ਤੋਂ ਵੱਧ ਚਾਂਦੀ ਅਤੇ ਹੋਰ ਧਾਤੂਆਂ ਦੀਆਂ ਇੱਟਾਂ ਦਾਨ ਕੀਤੀਆਂ ਗਈਆਂ ਹਨ।
ਚੈਨਲਾਂ ਨੂੰ ਪ੍ਰੋਗਰਾਮ ਦੇ ਪ੍ਰਸਾਰਣ ਲਈ ਪ੍ਰਵਾਨਗੀ ਲੈਣੀ ਪਵੇਗੀ- ਅਯੋਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਖ਼ਬਰ ਚੈਨਲਾਂ ਨੂੰ ਕਿਹਾ ਹੈ ਕਿ ਪੰਜ ਅਗੱਸਤ ਨੂੰ ਹੋਣ ਵਾਲੇ ਰਾਮ ਮੰਦਰ ਨੀਂਹ ਪੱਥਰ ਸਮਾਗਮ ਦੌਰਾਨ ਚਰਚਾ ਆਧਾਰਤ ਕੋਈ ਵੀ ਪ੍ਰੋਗਰਾਮ ਚਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਪਵੇਗੀ ਅਤੇ ਅਜਿਹੇ ਕਿਸੇ ਵੀ ਪ੍ਰੋਗਰਾਮ ਵਿਚ ਅਯੋਧਿਆ ਜ਼ਮੀਨ ਕੇਸ ਨਾਲ ਜੁੜਿਆ ਕੋਈ ਵੀ ਪਟੀਸ਼ਨਕਾਰ ਸ਼ਾਮਲ ਨਹੀਂ ਹੋਣਾ ਚਾਹੀਦਾ। ਪ੍ਰਸ਼ਾਸਨ ਨੇ ਚੈਨਲਾਂ ਨੂੰ ਇਹ ਵੀ ਸਲਾਹ ਦਿਤੀ ਹੈ ਕਿ ਸਮਾਗਮ ਦੌਰਾਨ ਜੇ ਉਹ ਅਯੋਧਿਆ ਤੋਂ ਕਿਸੇ ਚਰਚਾ ਜਾਂ ਪ੍ਰੋਗਰਾਮ ਦਾ ਪ੍ਰਸਾਰਣ ਕਰ ਰਹੇ ਹਨ ਤਾਂ ਉਸ ਵਿਚ ਕਿਸੇ ਵਿਅਕਤੀ ਜਾਂ ਧਰਮ ਵਿਰੁਧ ਕੋਈ ਟਿਪਣੀ ਨਹੀਂ ਹੋਣੀ ਚਾਹੀਦੀ। ਚੈਨਲ ਦੇ ਅਧਿਕਾਰੀਆਂ ਨੂੰ ਪ੍ਰਵਾਨਗੀ ਲੈਣ ਲਈ ਸਹੁੰ ਪੱਤਰ ਵੀ ਦੇਣਾ ਪਵੇਗਾ।