
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਰਾਜਸਥਾਨ ਦੇ ਰਾਜਸੀ ਸੰਕਟ ਦੇ ਮਾਮਲੇ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ .....
ਨਵੀਂ ਦਿੱਲੀ, 28 ਜੁਲਾਈ : ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਰਾਜਸਥਾਨ ਦੇ ਰਾਜਸੀ ਸੰਕਟ ਦੇ ਮਾਮਲੇ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਦਾ ਅਸੰਵਿਧਾਨਕ ਤਰੀਕੇ ਨਾਲ ਰਲੇਵਾਂ ਕਰਾਉਣ ਲਈ ਕਾਂਗਰਸ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਅਤੇ ਛੇ ਵਿਧਾਇਕਾਂ ਦੇ ਮੁੱਦੇ 'ਤੇ ਬਸਪਾ ਸੁਪਰੀਮ ਕੋਰਟ ਤਕ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਅਤੇ ਗਹਿਲੋਤ ਨੂੰ ਸਬਕ ਸਿਖਾਉਣ ਲਈ ਬਸਪਾ ਸਹੀ ਸਮੇਂ ਦੀ ਉਡੀਕ ਕਰ ਰਹੀ ਸੀ।
ਮਾਇਆਵਤੀ ਨੇ ਕਿਹਾ, 'ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਬਸਪਾ ਨੇ ਕਾਂਗਰਸ ਨੂੰ ਬਿਨਾਂ ਮੰਗੇ ਸਮਰਥਨ ਦਿਤਾ ਸੀ ਤਾਕਿ ਫ਼ਿਰਕੂ ਤਾਕਤਾਂ ਨੂੰ ਸੱਤਾ ਨੂੰ ਦੂਰ ਰਖਿਆ ਜਾ ਸਕੇ।' ਬਸਪਾ ਮੁਖੀ ਨੇ ਦਾਅਵਾ ਕੀਤਾ, 'ਦੁੱਖ ਦੀ ਗੱਲ ਇਹ ਹੈ ਕਿ ਅਸ਼ੋਕ ਗਹਿਲੋਤ ਨੇ ਮੁੱਖ ਮੰਤਰੀ ਬਣਨ ਮਗਰੋਂ ਅਪਣੀ ਬਦਨੀਤੀ ਨਾਲ ਬਸਪਾ ਨੂੰ ਗੰਭੀਰ ਨੁਕਸਾਨ ਪਹੁੰਚਾਣ ਲਈ ਸਾਡੇ ਸਾਰੇ ਛੇ ਵਿਧਾਇਕਾਂ ਨੂੰ ਕਾਂਗਰਸ ਵਿਚ ਮਿਲਾਉਣ ਵਾਸਤੇ ਅਸੰਵਿਧਾਨਕ ਤਰੀਕੇ ਨਾਲ ਕੰਮ ਕੀਤਾ।
Mayawati
ਇਹੋ ਕੰਮ ਉਨ੍ਹਾਂ ਅਪਣੇ ਪਿਛਲੇ ਕਾਰਜਕਾਲ ਵਿਚ ਕੀਤਾ ਸੀ।' ਜ਼ਿਕਰਯੋਗ ਹੈ ਕਿ ਬਸਪਾ ਨੇ ਪਿਛਲੇ ਸਾਲ ਕਾਂਗਰਸ ਵਿਚ ਸ਼ਾਮਲ ਹੋਣ ਲਈ ਪਾਰਟੀ ਛੱਡਣ ਵਾਲੇ ਛੇ ਵਿਧਾਇਕਾਂ ਨੂੰ ਵਿਧਾਨ ਸਭਾ ਵਿਚ ਸ਼ਕਤੀ ਪਰਖ ਦੌਰਾਨ ਸੱਤਾਧਿਰ ਕਾਂਗਰਸ ਵਿਰੁਧ ਮਤਦਾਨ ਕਰਨ ਲਈ ਐਤਵਾਰ ਨੂੰ ਵ੍ਹਿਪ ਜਾਰੀ ਕੀਤਾ। ਸਾਲ 2018 ਦੀਆਂ ਚੋਣਾਂ ਵਿਚ ਸੰਦੀਪ ਯਾਦਵ, ਵਾਜਿਬ ਅਲੀ, ਦੀਪਚੰਦ ਖੇਰੀਆ, ਲਖਨ ਮੀਣਾ, ਜੋਗਿੰਦਰ ਅਵਾਨਾ ਅਤੇ ਰਾਜਿੰਦਰ ਗੁਧਾ ਬਸਪਾ ਦੀ ਟਿਕਟ 'ਤੇ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ।
ਉਨ੍ਹਾਂ ਪਿਛਲੇ ਸਾਲ 16 ਸਤੰਬਰ ਨੂੰ ਕਾਂਗਰਸ ਵਿਚ ਸਮੂਹ ਵਜੋਂ ਰਲਣ ਲਈ ਅਰਜ਼ੀ ਦਿਤੀ ਸੀ। ਵਿਧਾਨ ਸਭਾ ਸਪੀਕਰ ਸੀ ਪੀ ਜੋਸ਼ੀ ਨੇ ਅਰਜ਼ੀ ਦੇ ਦੋ ਦਿਨਾਂ ਮਗਰੋਂ ਹੁਕਮ ਜਾਰੀ ਕਰ ਕੇ ਐਲਾਨ ਕੀਤਾ ਕਿ ਇਨ੍ਹਾਂ ਛੇ ਵਿਧਾਇਕਾਂ ਨਾਲ ਕਾਂਗਰਸ ਦੇ ਅਭਿੰਨ ਮੈਂਬਰਾਂ ਵਾਂਗ ਵਿਹਾਰ ਕੀਤਾ ਜਾਵੇ। ਇਸ ਰਲੇਵੇਂ ਨਾਲ ਗਹਿਲੋਤ ਸਰਕਾਰ ਨੂੰ ਮਜ਼ਬੂਤੀ ਮਿਲੀ ਅਤੇ 200 ਮੈਂਬਰੀ ਵਿਧਾਨ ਸਭਾ ਵਿਚ ਕਾਂਞਰਸ ਮੈਂਬਰਾਂ ਦੀ ਗਿਣਤੀ ਵੱਧ ਕੇ 107 ਹੋ ਗਈ।