
ਬੰਡੀ ਸੰਜੇ ਅਤੇ ਰਾਧਾਮੋਹਨ ਅਗਰਵਾਲ ਬਣੇ ਜਨਰਲ ਸਕੱਤਰ, ਕਾਂਗਰਸ ਆਗੂ ਏ.ਕੇ. ਐਂਟਨੀ ਦੇ ਪੁੱਤਰ ਬਣੇ ਕੌਮੀ ਸਕੱਤਰ
ਨਵੀਂ ਦਿੱਲੀ,: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਨੇ ਸਨਿਚਰਵਾਰ ਨੂੰ ਅਪਣੀ ਕੌਮੀ ਟੀਮ ’ਚ ਫ਼ੇਰਬਦਲ ਕਰਦਿਆਂ ਕਰਨਾਟਕ ਤੋਂ ਸੀ.ਟੀ. ਰਵੀ ਅਤੇ ਅਸਮ ਤੋਂ ਲੋਕ ਸਭਾ ਸੰਸਦ ਮੈਂਬਰ ਦਿਲੀਪ ਸੈਕੀਆ ਦੀ ਕੌਮੀ ਜਨਰਲ ਸਕੱਤਰ ਦੇ ਅਹੁਦੇ ਅਤੇ ਸਾਬਕਾ ਕੇਂਦਰੀ ਮੰਤਰੀ ਰਾਧਾਮੋਹਨ ਸਿੰਘ ਦੀ ਮੀਤ ਪ੍ਰਧਾਨ ਦੇ ਅਹੁਦੇ ਤੋਂ ਛੁੱਟੀ ਕਰ ਦਿਤੀ ਹੈ।
ਜਦਕਿ ਭਾਜਪਾ ਦੀ ਤੇਲੰਗਾਨਾ ਇਕਾਈ ਦੇ ਸਾਬਕਾ ਪ੍ਰਧਾਨ ਬੰਡੀ ਸੰਜੇ ਕੁਮਾਰ ਅਤੇ ਉੱਤਰ ਪ੍ਰਦੇਸ਼ ਤੋਂ ਪਾਰਟੀ ਦੇ ਸੰਸਦ ਮੈਂਬਰ ਰਾਧਾਮੋਹਨ ਅਗਰਵਾਲ ਨੂੰ ਰਵੀ ਅਤੇ ਸੈਕੀਆ ਦੀ ਥਾਂ ਨਵਾਂ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਤੋਂ ਹੀ ਪਰਮਾਂਦਾ ਮੁਸਲਮਾਨ ਸਮਾਜ ਨਾਲ ਸਬੰਧਤ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐਮ.ਯੂ.) ਦੇ ਸਾਬਕਾ ਕੁਲਪਤੀ ਤਾਰਿਕ ਮੰਸੂਰ ਨੂੰ ਰਾਧਾਮੋਹਨ ਸਿੰਘ ਦੀ ਥਾਂ ’ਤੇ ਨਵਾਂ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਮੰਸੂਰ ਇਸ ਵੇਲੇ ਉੱਤਰ ਪ੍ਰਦੇਸ਼ ਵਿਧਾਨ ਕੌਂਸਲ ਦੇ ਮੈਂਬਰ (ਐਮ.ਐਲ.ਸੀ.) ਹਨ। ਉਨ੍ਹਾਂ ਨੂੰ ਨਵੀਂ ਟੀਮ ’ਚ ਸ਼ਾਮਲ ਕਰਨ ਦੇ ਫੈਸਲੇ ਨੂੰ ਪਸਮਾਂਦਾ ਮੁਸਲਮਾਨਾਂ ਲਈ ਪਾਰਟੀ ਦੀ ਪਹਿਲ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਨਵੀਂ ਸੂਚੀ ’ਚ ਜ਼ਿਆਦਾਤਰ ਅਹੁਦੇਦਾਰਾਂ ਨੂੰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਸਕੱਤਰ ਦੇ ਅਹੁਦੇ ’ਤੇ ਬਰਕਰਾਰ ਰਖਿਆ ਗਿਆ ਹੈ। ਸੂਚੀ ’ਚ 13 ਮੀਤ ਪ੍ਰਧਾਨ, 9 ਜਨਰਲ ਸਕੱਤਰ ਅਤੇ ਬੀ.ਐਲ. ਸੰਤੋਸ਼ ਅਤੇ 13 ਸਕੱਤਰ ਸ਼ਾਮਲ ਹਨ। ਭਾਜਪਾ ਸੰਗਠਨ ’ਚ ਇੰਚਾਰਜ ਅਤੇ ਸਹਿ-ਇੰਚਾਰਜ ਦੀ ਭੂਮਿਕਾ ਅਹਿਮ ਹੁੰਦੀ ਹੈ। ਉਹ ਪਾਰਟੀ ਦੀ ਸੂਬਾ ਇਕਾਈ ਅਤੇ ਕੇਂਦਰੀ ਲੀਡਰਸ਼ਿਪ ਵਿਚਕਾਰ ਕੜੀ ਵਜੋਂ ਕੰਮ ਕਰਦੇ ਹਨ।
ਭਾਜਪਾ ਦੀ ਪੰਜਾਬ ਇਕਾਈ ’ਚੋਂ ਤਰੁਣ ਚੁੱਘ ਕੌਮੀ ਜਨਰਲ ਸਕੱਤਰ, ਜਦਕਿ ਡਾ. ਨਰਿੰਦਰ ਰੈਨਾ ਕੌਮੀ ਸਕੱਤਰ ਦੇ ਅਹੁਦੇ ’ਤੇ ਬਰਕਰਾਰ ਹਨ।
ਸੰਸਦ ਮੈਂਬਰਾਂ ਵਿਨੋਦ ਸੋਨਕਰ ਅਤੇ ਹਰੀਸ਼ ਦਿਵੇਦੀ ਦੇ ਨਾਲ-ਨਾਲ ਸੁਨੀਲ ਦੇਵਧਰ ਨੂੰ ਰਾਸ਼ਟਰੀ ਸਕੱਤਰ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਹੈ। ਸੋਨਕਰ ਅਤੇ ਦਿਵੇਦੀ ਉੱਤਰ ਪ੍ਰਦੇਸ਼ ਤੋਂ ਲੋਕ ਸਭਾ ਸੰਸਦ ਮੈਂਬਰ ਹਨ। ਤ੍ਰਿਪੁਰਾ ’ਚ ਭਾਜਪਾ ਨੂੰ ਪਹਿਲੀ ਵਾਰ ਸੱਤਾ ’ਚ ਲਿਆਉਣ ’ਚ ਦੇਵਧਰ ਦਾ ਅਹਿਮ ਯੋਗਦਾਨ ਸੀ। ਇਸ ਤੋਂ ਬਾਅਦ ਪਾਰਟੀ ’ਚ ਉਨ੍ਹਾਂ ਦਾ ਕੱਦ ਵਧ ਗਿਆ ਸੀ। ਉਨ੍ਹਾਂ ਨੂੰ ਕੌਮੀ ਸਕੱਤਰ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਦਾ ਸਹਿ-ਇੰਚਾਰਜ ਬਣਾਇਆ ਗਿਆ।
ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਸੁਰਿੰਦਰ ਨਾਗਰ ਨੂੰ ਪਾਰਟੀ ਦੀ ਕੌਮੀ ਟੀਮ ’ਚ ਸਕੱਤਰ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਨੇਤਾ ਏ.ਕੇ. ਐਂਟਨੀ ਦੇ ਬੇਟੇ ਅਨਿਲ ਐਂਟਨੀ ਅਤੇ ਅਸਾਮ ਤੋਂ ਰਾਜ ਸਭਾ ਮੈਂਬਰ ਕਾਮਾਖਿਆ ਪ੍ਰਸਾਦ ਤਾਸਾ ਨੂੰ ਕੌਮੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉੱਤਰਾਖੰਡ ਤੋਂ ਰਾਜ ਸਭਾ ਮੈਂਬਰ ਨਰੇਸ਼ ਬਾਂਸਲ ਨੂੰ ਪਾਰਟੀ ਦਾ ਨਵਾਂ ਸਹਿ-ਖਜ਼ਾਨਚੀ ਬਣਾਇਆ ਗਿਆ ਹੈ। ਉਹ ਮੱਧ ਪ੍ਰਦੇਸ਼ ਦੇ ਸੰਸਦ ਮੈਂਬਰ ਸੁਧੀਰ ਗੁਪਤਾ ਦੀ ਥਾਂ ਲੈਣਗੇ। ਗੁਪਤਾ ਗੁਜਰਾਤ ਦੇ ਸਹਿ-ਇੰਚਾਰਜ ਵੀ ਸਨ।
ਕੌਮੀ ਮੀਤ-ਪ੍ਰਧਾਨ ਦੇ ਅਹੁਦੇ ਤੋਂ ਹਟਾਏ ਗਏ ਰਾਧਾ ਮੋਹਨ ਸਿੰਘ ਨੂੰ ਉੱਤਰ ਪ੍ਰਦੇਸ਼ ਵਰਗੇ ਅਹਿਮ ਸੂਬੇ ਦਾ ਇੰਚਾਰਜ ਲਾਇਆ ਗਿਆ ਸੀ, ਜਦਕਿ ਕੌਮੀ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾਏ ਗਏ ਸੀ.ਟੀ. ਰਵੀ ਮਹਾਰਾਸ਼ਟਰ, ਗੋਆ ਅਤੇ ਤਾਮਿਲਨਾਡੂ ਦੇ ਇੰਚਾਰਜ ਸਨ। ਸੈਕੀਆ ਕੋਲ ਅਰੁਣਾਂਚਲ ਪ੍ਰਦੇਸ਼ ਦਾ ਚਾਰਜ ਸੀ।
ਇਸ ਤੋਂ ਇਲਾਵਾ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਹਰਿਆਣਾ, ਅਸਮ, ਤ੍ਰਿਪੁਰਾ ਅਤੇ ਅੰਡਮਾਨ ਨਿਕੋਬਾਰ ਲਈ ਸੰਗਠਨਾਤਮਕ ਜਨਰਲ ਸਕੱਤਰਾਂ ਦੀ ਨਿਯੁਕਤੀ ਵੀ ਕੀਤੀ ਹੈ। ਫਣਰੇਂਦਰ ਨਾਥ ਸ਼ਰਮਾ ਨੂੰ ਹਰਿਆਣਾ ਦਾ ਸੰਗਠਨਾਤਮਕ ਜਨਰਲ ਸਕੱਤਰ, ਜੀ.ਆਰ. ਰਵਿੰਦਰ ਰਾਜੂ ਨੂੰ ਅਸਮ ਅਤੇ ਤ੍ਰਿਪੁਰਾ ਦਾ ਅਤੇ ਵਿਵੇਕ ਦਧਕਰ ਨੂੰ ਅੰਡਮਾਨ ਨਿਕੋਬਾਰ ਦਾ ਸੰਗਠਨਾਤਮਕ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।