
ਫ਼ੇਸਬੁੱਕ ਅਤੇ ਭਾਜਪਾ ਦਰਮਿਆਨ ਮਿਲੀਭੁਗਤ ਦੀ ਉੱਚ ਪਧਰੀ ਜਾਂਚ ਦੀ ਕੀਤੀ ਮੰਗ
ਨਵੀਂ ਦਿੱਲੀ, 29 ਅਗੱਸਤ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਪਣੇ ਸਿਆਸੀ ਲਾਭ ਲਈ ਸੋਸ਼ਲ ਮੀਡੀਆ ਫੇਸਬੁੱਕ-ਵਟਸਐਪ ਦਾ ਇਸਤੇਮਾਲ ਕਰਦੀ ਹੈ ਅਤੇ ਇਨ੍ਹਾਂ ਦੀ ਮਿਲੀਭੁਗਤ ਦਾ ਖੁਲਾਸਾ ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਕੀਤਾ ਹੈ। ਰਾਹੁਲ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਇਸ ਗਠਜੋੜ ਨੂੰ ਲੋਕਤੰਤਰ ਲਈ ਗੰਭੀਰ ਖਤਰਾ ਦਸਿਆ ਹੈ। ਪਾਰਟੀ ਨੇ ਫ਼ੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੂੰ ਪੱਤਰ ਲਿਖ ਕੇ ਪੁੱਛਿਆ ਕਿ ਕੰਪਨੀ 'ਤੇ ਲੱਗੇ ਦੋਸ਼ਾਂ ਬਾਰੇ ਹਾਲੇ ਤਕ ਉਨ੍ਹਾਂ ਨੇ ਕੀ ਕਦਮ ਚੁੱਕੇ ਹਨ?
ਪਾਰਟੀ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨੇ ਅਪਣੀ ਸ਼ਿਕਾਇਤ 'ਚ ਕਿਹਾ ਕਿ ਇਹ ਮਿਲੀਭੁਗਤ ਭਾਰਤੀ ਲੋਕਤੰਤਰ ਲਈ ਗੰਭੀਰ ਚੁਣੌਤੀ ਪੈਦਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਫ਼ੇਸਬੁੱਕ ਅਤੇ ਭਾਜਪਾ ਦਰਮਿਆਨ ਮਿਲੀਭਗਤ ਦਾ ਖੁਲਾਸਾ ਅਮਰੀਕਾ ਤੋਂ ਪ੍ਰਕਾਸ਼ਿਤ ਵਾਲ ਸਟਰੀਟ ਜਨਰਲ 'ਚ ਹੋਇਆ ਸੀ ਅਤੇ ਇਸ ਦੀ 17 ਅਗੱਸਤ ਨੂੰ ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਪਰ ਹੁਣ ਅਮਰੀਕੀ ਮੈਗਜ਼ੀਨ ਟਾਈਮ ਨੇ ਭਾਜਪਾ ਵਟਸਐੱਪ ਦਰਮਿਆਨ ਮਿਲੀਭੁਗਤ ਦਾ ਖੁਲਾਸਾ ਕੀਤਾ ਹੈ ਅਤੇ ਇਸ ਮਾਮਲੇ ਦੀ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਰਾਹੁਲ ਨੇ ਟਵੀਟ ਕੀਤਾ,''ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਵਟਸਐੱਪ-ਭਾਜਪਾ ਦੀ ਮਿਲੀਭਗਤ ਦਾ ਖੁਲਾਸਾ ਕੀਤਾ ਹੈ। ਵਟਸਐੱਪ ਦਾ ਕਰੀਬ 40 ਕਰੋੜ ਭਾਰਤੀ ਵਰਤੋ ਕਰਦੇ ਹਨ ਅਤੇ ਹੁਣ ਭੁਗਤਾਨ ਕਰਨ ਲਈ ਇਸ ਦਾ ਇਸਤੇਮਾਲ ਕਰਨ ਦੀ ਤਾਕ 'ਚ ਹੈ, ਜਿਸ ਲਈ ਮੋਦੀ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਹੈ। ਅਜਿਹੇ 'ਚ ਵਟਸਐੱਪ ਭਾਜਪਾ ਦੀ ਗ੍ਰਿਫ਼ਤ 'ਚ ਹੈ।'' ਜ਼ਿਕਰਯੋਗ ਹੈ ਕਿ ਵਟਸਐੱਪ ਦੀ ਮਲਕੀਅਤ ਫ਼ੇਸਬੁੱਕ ਕੋਲ ਹੈ।
ਕਾਂਗਰਸ ਬੁਲਾਰੇ ਪਵਨ ਖੇੜਾ ਨੇ ਪੱਤਰਕਾਰਾਂ ਤੋਂ ਕਿਹਾ ਕਿ ਭਾਜਪਾ ਅਤੇ ਫ਼ੇਸਬੁੱਕ ਇੰਡੀਆ ਦੇ ਲੋਕਾਂ ਵਿਚਕਾਰ ਕਥਿਤ ਸੰਬੰਧ ਦੇ ਮਾਮਲੇ ਦੀ ਜਾਂਚ ਜੀਪੀਸੀ ਰਾਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫ਼ੇਸਬੁੱਕ ਵਲੋਂ ਅਪਣੀ ਭਾਰਤੀ ਸ਼ਾਖਾ ਦੀ ਜਿਸ ਜਾਂਚ ਦਾ ਆਦੇਸ਼ ਦਿਤਾ ਗਿਆ ਉਸ ਦੀ ਰੀਪੋਰਟ ਜਨਤਕ ਕੀਤੀ ਜਾਣੀ ਚਾਹੀਦੀ ਹੈ। (ਪੀਟੀਆਈ)
ਭਾਜਪਾ ਸੋਸ਼ਲ ਮੀਡੀਆ ਰਾਹੀਂ ਸਿਆਸੀ ਫ਼ਾਇਦਾ ਚੁਕ ਰਹੀ ਹੈ : ਵੇਨੂੰਗੋਪਾਲ
ਵੇਨੂੰਗੋਪਾਲ ਨੇ ਕਿਹਾ ਕਿ ਭਾਰਤ ਦੇ ਇਕ ਪ੍ਰਮੁੱਖ ਵਿਰੋਧੀ ਧਿਰ ਸਿਆਸੀ ਦਲ ਹੋਣ ਦੇ ਨਾਤੇ ਕਾਂਗਰਸ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਦੀ ਹਰ ਸਾਜਿਸ਼ ਨੂੰ ਮੂੰਹ ਤੋੜ ਜਵਾਬ ਦੇਣ। ਉਨ੍ਹਾਂ ਕਿਹਾ ਕਿ ਭਾਜਪਾ ਸੋਸ਼ਲ ਮੀਡੀਆ ਫੇਸਬੁੱਕ ਅਤੇ ਵਟਸਐੱਪ ਰਾਹੀਂ ਸਿਆਸੀ ਫਾਇਦਾ ਚੁੱਕ ਰਹੀ ਹੈ ਅਤੇ ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਭਾਰਤੀ ਲੋਕਤੰਤਰ ਦੀ ਰੱਖਿਆ ਲਈ ਕੰਮ ਕੀਤਾ ਹੈ ਅਤੇ ਉਹ ਕਿਸੇ ਵਿਦੇਸ਼ੀ ਕੰਪਨੀ ਨੂੰ ਇਸ ਨੂੰ ਕਮਜ਼ੋਰ ਕਰਨ ਲਈ ਆਪਣੇ ਪਲੇਟਫਾਰਮ ਦੇ ਇਸਤੇਮਾਲ ਦੀ ਮਨਜ਼ੂਰੀ ਨਹੀਂ ਦੇ ਸਕਦੀ।