
ਹੁਣ ਏਅਰਲਾਈਨਜ਼ ਮੁਸਾਫ਼ਰ ਮਹਿੰਗੀ ਕੈਬ ਸੇਵਾ ਦੀ ਥਾਂ ਸਸਤੀ ਬੱਸ ਸੇਵਾ ਲੈ ਸਕਣਗੇ
ਚੰਡੀਗੜ੍ਹ: CTU ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਚਕੂਲਾ ਲਈ ਸ਼ਟਲ ਬੱਸ ਸੇਵਾ ਅੱਜ ਤੋਂ ਸ਼ੁਰੂ ਕੀਤੀ ਗਈ ਹੈ। ਹੁਣ ਪੰਚਕੂਲਾ ਦੇ ਯਾਤਰੀ ਜੋ ਏਅਰਪੋਰਟ ਜਾਣਾ ਚਾਹੁੰਦੇ ਹਨ ਜਾਂ ਏਅਰਪੋਰਟ ਤੋਂ ਪੰਚਕੂਲਾ ਉਤਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਬੱਸ ਸੇਵਾ ਦਾ ਲਾਭ ਮਿਲੇਗਾ।
ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਪ੍ਰਦੁਮਨ ਸਿੰਘ ਨੇ ਦੱਸਿਆ ਕਿ ਸ਼ਟਲ ਬੱਸ ਸੇਵਾ ਸ਼ੁਰੂ ਕਰਨ ਦਾ ਮਕਸਦ ਚੰਡੀਗੜ੍ਹ, ਮੁਹਾਲੀ ਤੋਂ ਬਾਅਦ ਪੰਚਕੂਲਾ ਅਤੇ ਹਵਾਈ ਅੱਡੇ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਉਣਾ ਅਤੇ ਮੁਸਾਫ਼ਰਾਂ ਨੂੰ ਸਮੇਂ ਸਿਰ ਸੇਵਾ ਮੁਹੱਈਆ ਕਰਵਾਉਣਾ ਹੈ। ਹਵਾਈ ਅੱਡੇ ’ਤੇ ਹਰ ਉਤਰਨ ਵਾਲੀ ਫਲਾਈਟ ਦੇ ਸਮੇਂ ਬਾਹਰੀ ਬੱਸ ਸੇਵਾ ਉਪਲੱਬਧ ਹੋਵੇਗੀ। ਇਸ ਨਾਲ ਏਅਰਲਾਈਨਜ਼ ਦੇ ਮੁਸਾਫ਼ਰ ਮਹਿੰਗੀ ਕੈਬ ਸੇਵਾ ਦੀ ਥਾਂ ਸਸਤੀ ਬੱਸ ਸੇਵਾ ਲੈ ਸਕਣਗੇ।
ਸ਼ਟਲ ਬੱਸ ਸੇਵਾ ਪੰਚਕੂਲਾ ਬੱਸ ਸਟੈਂਡ ਤੋਂ ਰੋਜ਼ਾਨਾ ਸਵੇਰੇ 4.20 ਵਜੇ ਸ਼ੁਰੂ ਹੋਵੇਗੀ ਅਤੇ ਆਖ਼ਰੀ ਬੱਸ ਰਾਤ 9.00 ਵਜੇ ਚੱਲੇਗੀ। ਹਾਲਾਂਕਿ ISBT-17 ਅਤੇ ਹਵਾਈ ਅੱਡੇ ਤੋਂ ਦੇਰ ਰਾਤ ਤੱਕ ਬੱਸਾਂ ਚੱਲਦੀਆਂ ਰਹਿਣਗੀਆਂ। CTU ਵਲੋਂ ਦੱਸਿਆ ਗਿਆ ਹੈ ਕਿ ਹਰ 20 ਤੋਂ 40 ਮਿੰਟ ਬਾਅਦ ਬੱਸ ਸੇਵਾ ਉਪਲੱਬਧ ਹੋਵੇਗੀ।
CTU ਦੀ ਏ.ਸੀ ਬੱਸ ’ਚ ਜੋ ਲੋਕ ਯਾਤਰਾ ਕਰਨਗੇ ਉਨ੍ਹਾਂ ਨੂੰ ਕਿਸੇ ਵੀ ਸਟਾਪੇਜ ਲਈ 100 ਰੁਪਏ ਪ੍ਰਤੀ ਵਿਅਕਤੀ ਫਲੈਟ ਟਿਕਟ ਦੇਣੀ ਹੋਵੇਗੀ। ਹਵਾਈ ਅੱਡੇ ’ਤੇ ਇੱਕ CTU ਸਰਵਿਸ ਕਾਊਂਟਰ ਸਥਾਪਿਤ ਕੀਤਾ ਗਿਆ ਜੋ ਯਾਤਰੀਆਂ ਨੂੰ CTU ਦੀ ਸ਼ਟਲ ਬੱਸ ਸੇਵਾ ਅਤੇ ਹੋਰ ਲੰਬੀ ਦੂਰੀ ਦੀਆਂ ਇੰਟਰਸਿਟੀ ਬੱਸ ਸੇਵਾਵਾਂ ਸਬੰਧੀ ਜਾਣਕਾਰੀ ਦੇਵੇਗਾ। ਹਵਾਈ ਅੱਡੇ ’ਤੇ ਹਰ ਬੱਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਚਕੂਲਾ ਬੱਸ ਸਟੈਂਡ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।