
ਕੰਪਨੀ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ
ਨਵੀਂ ਦਿੱਲੀ : ਸਾਈਬਰ ਸੁਰੱਖਿਆ ਖੋਜ ਕੰਪਨੀ ਸਾਈਬਰਐਕਸ 9 ਨੇ ਇਕ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਟੈਲੀਕਾਮ ਆਪਰੇਟਰ ਵੋਡਾਫੋਨ ਆਈਡੀਆ-ਵੀ ਦੇ ਸਿਸਟਮ 'ਚ ਖਾਮੀਆਂ ਕਾਰਨ ਕਰੀਬ 2 ਕਰੋੜ ਪੋਸਟਪੇਡ ਗਾਹਕਾਂ ਦੇ ਕਾਲ ਡਾਟਾ ਰਿਕਾਰਡ ਜਨਤਕ ਹੋ ਗਏ ਹਨ। ਹਾਲਾਂਕਿ, ਕੰਪਨੀ ਨੇ ਇਸ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਡਾਟਾ ਵਿੱਚ ਕੋਈ ਉਲੰਘਣ ਨਹੀਂ ਹੋਇਆ ਹੈ।
ਕੰਪਨੀ ਮੁਤਾਬਕ ਬਿਲਿੰਗ ਸਿਸਟਮ 'ਚ ਖਾਮੀਆਂ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਨੂੰ ਠੀਕ ਕੀਤਾ ਗਿਆ। ਇਸ ਤੋਂ ਪਹਿਲਾਂ, ਸਾਈਬਰਐਕਸ 9 ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਵੋਡਾਫੋਨ ਆਈਡੀਆ ਦੇ ਲਗਭਗ 20 ਮਿਲੀਅਨ ਪੋਸਟਪੇਡ ਗਾਹਕਾਂ ਦੇ ਕਾਲ ਡਾਟਾ ਰਿਕਾਰਡ ਸਿਸਟਮਿਕ ਖਾਮੀਆਂ ਕਾਰਨ ਸਾਹਮਣੇ ਆਏ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ ਕਾਲ ਦਾ ਸਮਾਂ, ਕਾਲ ਦੀ ਮਿਆਦ, ਕਾਲ ਕਿੱਥੋਂ ਕੀਤੀ ਗਈ ਸੀ, ਗਾਹਕ ਦਾ ਪੂਰਾ ਨਾਮ ਅਤੇ ਪਤਾ, ਐਸਐਮਐਸ ਵੇਰਵੇ ਅਤੇ ਸੰਪਰਕ ਨੰਬਰਾਂ ਦਾ ਵੀ ਖੁਲਾਸਾ ਕੀਤਾ ਗਿਆ ਸੀ ਜਿਨ੍ਹਾਂ 'ਤੇ ਸੰਦੇਸ਼ ਭੇਜੇ ਗਏ ਸਨ।
CyberX9 ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਹਿਮਾਂਸ਼ੂ ਪਾਠਕ ਨੇ ਇਕ ਨਿਊਜ਼ ਏਜੰਸੀ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਕੰਪਨੀ ਨੇ ਇਸ ਬਾਰੇ ਵੋਡਾਫੋਨ ਆਈਡੀਆ ਨੂੰ ਸੂਚਿਤ ਕੀਤਾ ਸੀ ਅਤੇ ਕੰਪਨੀ ਦੇ ਇੱਕ ਅਧਿਕਾਰੀ ਨੇ 24 ਅਗਸਤ ਨੂੰ ਅਜਿਹੀ ਸਮੱਸਿਆ ਨੂੰ ਸਵੀਕਾਰ ਕੀਤਾ ਸੀ। ਇਸ 'ਤੇ ਵੋਡਾਫੋਨ ਆਈਡੀਆ ਨੇ ਆਪਣੇ ਜਵਾਬ 'ਚ ਕਿਹਾ, ''ਰਿਪੋਰਟ 'ਚ ਡਾਟਾ ਦੀ ਉਲੰਘਣਾ ਦਾ ਜ਼ਿਕਰ ਹੈ ਪਰ ਅਜਿਹਾ ਨਹੀਂ ਹੋਇਆ। ਇਹ ਰਿਪੋਰਟ ਝੂਠੀ ਹੈ। ਕੰਪਨੀ ਕੋਲ ਇੱਕ ਮਜ਼ਬੂਤ IT ਸੁਰੱਖਿਆ ਬੁਨਿਆਦੀ ਢਾਂਚਾ ਹੈ ਜੋ ਸਾਡੇ ਗਾਹਕਾਂ ਦੇ ਡਾਟਾ ਨੂੰ ਸੁਰੱਖਿਅਤ ਰੱਖਦਾ ਹੈ।
ਕੰਪਨੀ ਨੇ ਅੱਗੇ ਕਿਹਾ, “ਅਸੀਂ ਨਿਯਮਤ ਜਾਂਚ ਕਰਦੇ ਹਾਂ ਅਤੇ ਆਪਣੇ ਸੁਰੱਖਿਆ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹਾਂ। ਬਿਲਿੰਗ ਵਿੱਚ ਸੰਭਾਵੀ ਨੁਕਸ ਲੱਭੇ ਗਏ ਅਤੇ ਤੁਰੰਤ ਠੀਕ ਕੀਤੇ ਗਏ। ਕਿਸੇ ਵੀ ਡਾਟਾ ਦੀ ਉਲੰਘਣਾ ਦਾ ਪਤਾ ਲਗਾਉਣ ਲਈ ਫੋਰੈਂਸਿਕ ਵਿਸ਼ਲੇਸ਼ਣ ਵੀ ਕੀਤਾ ਗਿਆ ਸੀ।'' ਹਾਲਾਂਕਿ, CyberX9 ਦਾ ਕਹਿਣਾ ਹੈ ਕਿ ਕੰਪਨੀ ਨੇ ਲੱਖਾਂ ਗਾਹਕਾਂ ਦੇ ਘੱਟੋ-ਘੱਟ ਦੋ ਸਾਲਾਂ ਦੇ ਕਾਲ ਡਾਟਾ ਅਤੇ ਹੋਰ ਸੰਵੇਦਨਸ਼ੀਲ ਡਾਟਾ ਨੂੰ ਜਨਤਕ ਕੀਤਾ ਹੈ ਅਤੇ ਹੋ ਸਕਦਾ ਹੈ ਕਿ ਕਈ ਅਪਰਾਧਿਕ ਹੈਕਰਾਂ ਨੇ ਉਹ ਡਾਟਾ ਚੋਰੀ ਕੀਤਾ ਹੋਵੇ। ਸਾਈਬਰਐਕਸ 9 ਨੇ ਫੋਰੈਂਸਿਕ ਆਡਿਟ ਕਰਵਾਉਣ ਅਤੇ ਡਾਟਾ ਦੀ ਕੋਈ ਉਲੰਘਣਾ ਨਾ ਹੋਣ ਦੇ ਦਾਅਵੇ ਤੋਂ ਇਨਕਾਰ ਕੀਤਾ ਹੈ।