
ਉਹਨਾਂ ਕਿਹਾ ਕਿ ਇਸ ਸੰਸਥਾ ਦਾ ਕੋਈ ਮਤਲਬ ਨਹੀਂ ਹੈ। 'ਚੌਕੀਦਾਰ ਚੋਰ ਹੈ' ਦਾ ਨਾਅਰਾ ਰਾਹੁਲ ਗਾਂਧੀ ਦਾ ਹੀ ਸੀ।
ਨਵੀਂ ਦਿੱਲੀ: ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ ਗੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਬਹੁਤ ਸਖ਼ਤ ਇਨਸਾਨ ਸਮਝਦਾ ਸੀ ਪਰ ਉਹਨਾਂ ਵਿਚ ਇਨਸਾਨੀਅਤ ਹੈ। ਮੈਂ ਸੋਚਦਾ ਸੀ ਕਿ ਜੇਕਰ ਉਹਨਾਂ ਦੀ ਪਤਨੀ ਨਹੀਂ ਹੈ, ਜੇ ਉਹਨਾਂ ਦੇ ਬੱਚੇ ਨਹੀਂ ਹਨ, ਤਾਂ ਉਹਨਾਂ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਪਰ ਅਜਿਹਾ ਨਹੀਂ ਹੈ। ਆਜ਼ਾਦ ਨੇ ਕਾਂਗਰਸ ਵਰਕਿੰਗ ਕਮੇਟੀ 'ਤੇ ਵੀ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਇਸ ਸੰਸਥਾ ਦਾ ਕੋਈ ਮਤਲਬ ਨਹੀਂ ਹੈ। 'ਚੌਕੀਦਾਰ ਚੋਰ ਹੈ' ਦਾ ਨਾਅਰਾ ਰਾਹੁਲ ਗਾਂਧੀ ਦਾ ਹੀ ਸੀ। ਉਹਨਾਂ ਦੀ ਹਮਾਇਤ ਵਿਚ ਕੋਈ ਵੀ ਸੀਨੀਅਰ ਆਗੂ ਨਹੀਂ ਆਇਆ।
ਗ਼ੁਲਾਮ ਨਬੀ ਆਜ਼ਾਦ ਨੇ ਨਿਊਜ਼ ਏਜੰਸੀ ਨੂੰ ਦੱਸਿਆ, 'ਮੈਂ ਅਸਤੀਫ਼ੇ ਦੀ ਚਿੱਠੀ ਲਿਖਣ ਤੋਂ ਪਹਿਲਾਂ ਅਤੇ ਬਾਅਦ ਵਿਚ 6 ਦਿਨ ਤੱਕ ਨਹੀਂ ਸੁੱਤਾ। ਮੈਂ ਇਸ ਪਾਰਟੀ ਨੂੰ ਆਪਣੇ ਖੂਨ ਨਾਲ ਸਿੰਜਿਆ ਹੈ। ਇਸ ਵਿਚ ਪਤਾ ਨਹੀਂ ਕਿੱਥੋਂ-ਕਿੱਥੋਂ ਲੋਕ ਆ ਗਏ, ਜਿਨ੍ਹਾਂ ਦਾ ਕੋਈ ਫਾਇਦਾ ਨਹੀਂ। ਜਿਨ੍ਹਾਂ ਨੂੰ ਆਪਣੇ ਘਰ ਦਾ ਨਹੀਂ ਪਤਾ ਅਤੇ ਉਹ ਸਾਨੂੰ ਸਵਾਲ ਕਰ ਰਹੇ ਹਨ।
ਆਜ਼ਾਦ ਨੇ ਕਿਹਾ ਕਿ ਮੇਰੇ ਦਿਲ ਵਿਚ ਸੋਨੀਆ ਗਾਂਧੀ ਲਈ ਅੱਜ ਵੀ ਓਨਾ ਹੀ ਸਤਿਕਾਰ ਹੈ ਜਿੰਨਾ 30 ਸਾਲ ਪਹਿਲਾਂ ਸੀ। ਰਾਹੁਲ ਗਾਂਧੀ ਲਈ ਵੀ ਓਨਾ ਹੀ ਸਤਿਕਾਰ ਹੈ, ਉਹ ਰਾਜੀਵ-ਸੋਨੀਆ ਦੇ ਪੁੱਤਰ ਅਤੇ ਇੰਦਰਾ ਗਾਂਧੀ ਦਾ ਪਰਿਵਾਰ ਹੈ। ਨਿੱਜੀ ਤੌਰ 'ਤੇ ਮੈਂ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ। ਅਸੀਂ ਉਹਨਾਂ ਨੂੰ ਸਫ਼ਲ ਆਗੂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਰਾਜ਼ੀ ਨਹੀਂ ਹੋਏ।
ਆਜ਼ਾਦ ਨੇ ਕਿਹਾ ਕਿ ਉਹਨਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਨੇ ਪੀਐਮ ਮੋਦੀ ਨਾਲ ਨੇੜਤਾ ਕਾਰਨ ਕਾਂਗਰਸ ਤੋਂ ਅਸਤੀਫਾ ਦਿੱਤਾ ਹੈ। ਉਹਨਾਂ ਕਿਹਾ, 'ਮੋਦੀ ਸਿਰਫ਼ ਇਕ ਬਹਾਨਾ ਹੈ, ਜਦੋਂ ਤੋਂ ਜੀ-23 ਨੇ ਚਿੱਠੀ ਲਿਖ ਕੇ ਹਾਈਕਮਾਨ ਨੂੰ ਸੁਝਾਅ ਦਿੱਤੇ ਹਨ, ਉਦੋਂ ਤੋਂ ਕਾਂਗਰਸ ਲੀਡਰਸ਼ਿਪ ਨੂੰ ਮੇਰੇ ਨਾਲ ਪਰੇਸ਼ਾਨੀ ਹੈ। ਉਹ ਕਦੇ ਨਹੀਂ ਚਾਹੁੰਦੇ ਸਨ ਕਿ ਕੋਈ ਉਹਨਾਂ ਨੂੰ ਚਿੱਠੀਆਂ ਲਿਖੇ, ਉਹਨਾਂ ਤੋਂ ਸਵਾਲ ਪੁੱਛੇ। ਉਦੋਂ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕਦੇ ਕੋਈ ਸੁਝਾਅ ਨਹੀਂ ਮੰਨਿਆ ਗਿਆ।
ਉਹਨਾਂ ਕਿਹਾ, 'ਮੈਨੂੰ ਕਿਹਾ ਜਾ ਰਿਹਾ ਹੈ ਕਿ ਮੈਂ ਮੋਦੀ ਨਾਲ ਮਿਲਿਆ ਹੋਇਆ ਹਾਂ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੋਦੀ ਅਤੇ ਭਾਜਪਾ ਨਾਲ ਉਹ ਮਿਲੇ ਹਨ, ਜਿਨ੍ਹਾਂ ਨੇ ਉਹਨਾਂ ਦਾ ਸੁਪਨਾ ਪੂਰਾ ਕੀਤਾ ਹੈ। ਇੱਥੋਂ ਤੱਕ ਕਿ ਨਰਿੰਦਰ ਮੋਦੀ ਨੇ ਖੁਦ ਇਹ ਗੱਲ ਕਹੀ ਸੀ ਕਿ ਰਾਹੁਲ ਗਾਂਧੀ ਉਹਨਾਂ ਵਿਰੁੱਧ ਬਿਆਨਬਾਜ਼ੀ ਕਰਦੇ ਹਨ ਅਤੇ ਫਿਰ ਸੰਸਦ ਵਿਚ ਗਲੇ ਲਗਾ ਕੇ ਕਹਿੰਦੇ ਹਨ ਕਿ ਸਾਡਾ ਦਿਲ ਸਾਫ਼ ਹੈ। ਇਸ ਲਈ ਤੁਸੀਂ ਦੱਸੋ ਕਿ ਉਹ ਲੋਕ ਮੋਦੀ ਜੀ ਨੂੰ ਮਿਲੇ ਹਨ ਜਾਂ ਮੈਂ ਮਿਲਿਆ ਹਾਂ।'
ਆਜ਼ਾਦ ਨੇ ਕਿਹਾ, '1998 ਤੋਂ 2004 ਤੱਕ ਸੋਨੀਆ ਗਾਂਧੀ ਸੀਨੀਅਰ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕਰਦੇ ਰਹੇ। ਉਹਨਾਂ ਤੋਂ ਬਿਨ੍ਹਾਂ ਪੁੱਛੇ ਕੋਈ ਫੈਸਲਾ ਨਹੀਂ ਲਿਆ। ਉਹਨਾਂ ਨੇ ਮੈਨੂੰ 8 ਸੂਬਿਆਂ ਦੀ ਜ਼ਿੰਮੇਵਾਰੀ ਸੌਂਪੀ, ਜਿਨ੍ਹਾਂ ਵਿਚੋਂ ਮੈਂ ਸੱਤ ਸੂਬਿਆਂ ਵਿਚ ਜਿੱਤ ਹਾਸਲ ਕਰਵਾਈ, ਉਹਨਾਂ ਨੇ ਮੇਰੇ ਕੰਮ ਵਿਚ ਦਖਲ ਨਹੀਂ ਦਿੱਤਾ। ਪਰ ਜਦੋਂ ਰਾਹੁਲ ਗਾਂਧੀ ਆਏ ਤਾਂ 2004 ਤੋਂ ਬਾਅਦ ਸੋਨੀਆ ਗਾਂਧੀ ਨੇ ਸੀਨੀਅਰ ਆਗੂਆਂ ਦੀ ਬਜਾਏ ਰਾਹੁਲ ਗਾਂਧੀ ਦਾ ਕਹਿਣਾ ਮੰਨਣਾ ਸ਼ੁਰੂ ਕਰ ਦਿੱਤਾ। ਰਾਹੁਲ ਕੋਲ ਰਾਏ ਦੇਣ ਦਾ ਕੋਈ ਤਜਰਬਾ ਜਾਂ ਕਲਾ ਨਹੀਂ ਹੈ, ਫਿਰ ਵੀ ਸੋਨੀਆ ਗਾਂਧੀ ਚਾਹੁੰਦੇ ਸਨ ਕਿ ਸਾਰੇ ਆਗੂ ਰਾਹੁਲ ਦੇ ਅਨੁਸਾਰ ਕੰਮ ਕਰਨ।