
ਉਹਨਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਆਜ਼ਾਦ ਨੂੰ ਦੁਬਾਰਾ ਰਾਜ ਸਭਾ ਮੈਂਬਰ ਬਣਾਇਆ ਜਾਂਦਾ ਤਾਂ ਉਹ ਅਸਤੀਫ਼ਾ ਨਹੀਂ ਦਿੰਦੇ।
ਰਾਏਪੁਰ: ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਉਹਨਾਂ ਨੂੰ ਪਾਰਟੀ ਤੋਂ ਗੁਲਾਮ ਨਬੀ ਆਜ਼ਾਦ ਦੇ ਅਸਤੀਫੇ ਤੋਂ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਇਹ ਸਪੱਸ਼ਟ ਹੈ ਕਿ ਜਦੋਂ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ 'ਚ ਉਹਨਾਂ ਲਈ ਹੰਝੂ ਵਹਾਏ ਸਨ ਤਾਂ ਉਹ ਉਹਨਾਂ ਦੇ ਚੱਕਰ ਵਿਚ ਫਸ ਗਏ ਸੀ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਆਜ਼ਾਦ ਨੂੰ ਦੁਬਾਰਾ ਰਾਜ ਸਭਾ ਮੈਂਬਰ ਬਣਾਇਆ ਜਾਂਦਾ ਤਾਂ ਉਹ ਅਸਤੀਫ਼ਾ ਨਹੀਂ ਦਿੰਦੇ।
ਚੌਧਰੀ ਲੋਕ ਸਭਾ ਦੀ ਲੋਕ ਲੇਖਾ ਕਮੇਟੀ (ਪੀਏਸੀ) ਦੇ ਚੇਅਰਮੈਨ ਵੀ ਹਨ। ਸ਼ੁੱਕਰਵਾਰ ਨੂੰ ਬਸਤਰ ਖੇਤਰ ਦਾ ਦੌਰਾ ਕਰਨ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਬਿਲਕੁਲ ਵੀ ਹੈਰਾਨ ਨਹੀਂ ਹਾਂ। ਮੈਂ (ਦਿੱਲੀ ਵਿਚ) ਉਹਨਾਂ ਦੀ ਰਿਹਾਇਸ਼ ਦੇ ਸਾਹਮਣੇ ਰਹਿੰਦਾ ਹਾਂ। ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਤੋਂ ਹੀ ਸਾਬਕਾ ਮੰਤਰੀਆਂ ਜਾਂ ਸਾਬਕਾ ਸੰਸਦ ਮੈਂਬਰਾਂ ਤੋਂ ਸਰਕਾਰੀ ਰਿਹਾਇਸ਼ ਦੀ ਸਹੂਲਤ ਵਾਪਸ ਲਈ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਗੁਲਾਮ ਨਬੀ ਆਜ਼ਾਦ ਨੂੰ ਕਦੇ ਵੀ ਆਪਣੀ ਸਰਕਾਰੀ ਰਿਹਾਇਸ਼ ਖਾਲੀ ਨਹੀਂ ਕਰਨੀ ਪਈ।
ਚੌਧਰੀ ਨੇ ਦਾਅਵਾ ਕੀਤਾ, ''ਕੀ ਕਿਸੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ 'ਚ ਕੋਰੋਨਾ ਵਾਇਰਸ ਕਾਰਨ 50 ਲੱਖ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਦੇਖਿਆ ਹੈ? ਪਰ ਉਹ (ਪ੍ਰਧਾਨ ਮੰਤਰੀ) ਉਦੋਂ ਰੋਏ ਜਦੋਂ ਆਜ਼ਾਦ ਦਾ ਰਾਜ ਸਭਾ ਵਿਚ ਕਾਰਜਕਾਲ (ਪਿਛਲੇ ਸਾਲ ਫਰਵਰੀ ਵਿਚ) ਖਤਮ ਹੋਇਆ। ਉਸ ਦਿਨ ਸਾਡੇ ਲਈ ਸਾਰੀ ਕਹਾਣੀ ਖਤਮ ਹੋ ਗਈ ਸੀ। ਮੈਂ ਸਮਝ ਗਿਆ ਅਤੇ ਇਹ ਸਪੱਸ਼ਟ ਹੋ ਗਿਆ ਸੀ ਕਿ ਉਹ (ਆਜ਼ਾਦ) ਮੋਦੀ ਜੀ ਦੇ ਚੱਕਰ ਵਿਚ ਪੈ ਗਏ ਹਨ”।
ਉਹਨਾਂ ਕਿਹਾ, “ਅਸੀਂ (ਕਾਂਗਰਸ) ਹਮੇਸ਼ਾ ਹਰ ਕਿਸੇ ਨੂੰ ਰਾਜ ਸਭਾ ਮੈਂਬਰ ਨਹੀਂ ਬਣਾ ਸਕਦੇ। ਜੇਕਰ ਉਹਨਾਂ (ਆਜ਼ਾਦ) ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾਂਦਾ ਤਾਂ ਉਹ (ਪਾਰਟੀ ਵਿਚ ਰਹਿਣ ਲਈ) ਸਹਿਮਤ ਹੋ ਜਾਂਦੇ। ਜਦੋਂ ਉਹਨਾਂ ਨੂੰ (ਐਮਪੀ ਦਾ ਅਹੁਦਾ) ਨਹੀਂ ਮਿਲਿਆ, ਤਾਂ ਉਹ ਗੁੱਸੇ ਵਿਚ ਆ ਗਏ। ਗੁਲਾਮ ਜੀ ਦਾ ਗੁੱਸਾ ਪਾਰਟੀ ਛੱਡਣ ਦੇ ਇਰਾਦੇ ਵਿਚ ਬਦਲ ਗਿਆ। ਕਾਂਗਰਸ ਨੇਤਾ ਚੌਧਰੀ ਨੇ ਕਿਹਾ, ''ਸਾਰੇ ਜਾਣਦੇ ਹਨ ਕਿ ਕਿਸ ਪਾਰਟੀ ਨੇ ਉਹਨਾਂ ਨੂੰ ਇੰਨਾ ਵੱਡਾ ਨੇਤਾ ਬਣਾਇਆ ਹੈ। ਉਹਨਾਂ ਦੀ ਤਰੱਕੀ ਪਿੱਛੇ ਕਾਂਗਰਸ ਦਾ ਹੱਥ ਸੀ। ਕਾਂਗਰਸ ਨੇ ਉਹਨਾਂ ਨੂੰ ਕੀ ਨਹੀਂ ਦਿੱਤਾ?...ਉਹਨਾਂ ਨੂੰ ਜੰਮੂ-ਕਸ਼ਮੀਰ ਦਾ ਮੁੱਖ ਮੰਤਰੀ ਅਤੇ ਸੰਸਦ ਵਿਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ। ਕਾਂਗਰਸ ਦੀ ਹਰ ਪੀੜ੍ਹੀ ਨੇ ਉਹਨਾਂ ਨੂੰ ਕੋਈ ਨਾ ਕੋਈ ਅਹੁਦਾ ਸੰਭਾਲਦਿਆਂ ਦੇਖਿਆ ਹੈ।”