
ਮਿਲਦੇ-ਜੁਲਦੇ ਸੀ ਮ੍ਰਿਤਕਾਂ ਦੇ ਨਾਂਅ ਤੇ ਉਮਰ, ਭੰਬਲ਼-ਭੂਸੇ 'ਚ ਪਏ ਦੋ ਪਰਿਵਾਰ
ਮੁੰਬਈ-ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ 'ਚ ਇੱਕੋ ਨਾਂਅ ਅਤੇ ਲਗਭਗ ਇੱਕੋ ਉਮਰ ਦੇ ਦੋ ਵਿਅਕਤੀਆਂ ਦੀਆਂ ਲਾਸ਼ਾਂ ਦੀ ਅਦਲਾ-ਬਦਲੀ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਅੰਤਿਮ ਸਸਕਾਰ ਤੋਂ ਪਹਿਲਾਂ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਮੁੱਛਾਂ 'ਚ ਫ਼ਰਕ ਜਾਪਿਆ, ਅਤੇ ਫ਼ਿਰ ਲਾਸ਼ਾਂ ਦੀ ਅਦਲਾ-ਬਦਲੀ ਕੀਤੀ ਗਈ।
ਅਲੀਬਾਗ ਤਹਿਸੀਲ ਦੇ ਪੇਜਾਰੀ ਪਿੰਡ ਦੇ ਵਸਨੀਕ ਰਮਾਕਾਂਤ ਪਾਟਿਲ (62) ਦੀ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਕਾਰਨ ਐਮਜੀਐਮ ਹਸਪਤਾਲ ਵਿੱਚ ਮੌਤ ਹੋ ਗਈ, ਜਦ ਕਿ ਉਸੇ ਹਸਪਤਾਲ 'ਚ ਪਨਵੇਲ ਤਹਿਸੀਲ ਦੇ ਦਹੀਵਲੀ ਪਿੰਡ ਦੇ ਵਸਨੀਕ ਰਾਮ ਪਾਟਿਲ (66) ਦੀ ਗੁਰਦੇ ਅਤੇ ਜਿਗਰ ਦੀਆਂ ਬਿਮਾਰੀਆਂ ਕਾਰਨ ਮੌਤ ਹੋ ਗਈ।
ਇੱਕ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ, "ਰਮਾਕਾਂਤ ਪਾਟਿਲ ਦੇ ਰਿਸ਼ਤੇਦਾਰਾਂ ਨੇ ਸਸਕਾਰ ਤੋਂ ਠੀਕ ਪਹਿਲਾਂ ਮਹਿਸੂਸ ਕੀਤਾ ਕਿ ਮ੍ਰਿਤਕ ਦੀ ਮੁੱਛ ਵੱਖਰੀ ਹੈ। ਹਸਪਤਾਲ ਨਾਲ ਸੰਪਰਕ ਕੀਤਾ ਗਿਆ ਸੀ, ਪਰ ਉੱਥੇ ਮੌਜੂਦ ਸਟਾਫ਼ ਨੇ ਕਿਸੇ ਗੜਬੜੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।"
ਦੂਜੇ ਪਾਸੇ ਰਾਮ ਪਾਟਿਲ ਦੇ ਪਰਿਵਾਰ ਵਾਲਿਆਂ ਨੂੰ ਵੀ ਲੱਗਿਆ ਕਿ ਕੁਝ ਗਲਤ ਹੈ ਅਤੇ ਦੋਵੇਂ ਧਿਰਾਂ ਐਮਜੀਐਮ ਹਸਪਤਾਲ ਪਹੁੰਚੀਆਂ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਲਾਸ਼ਾਂ ਦੀ ਅਦਲਾ-ਬਦਲੀ ਦੇ ਪ੍ਰਬੰਧ ਕੀਤੇ। ਹਾਲਾਂਕਿ ਹਸਪਤਾਲ ਪ੍ਰਬੰਧਨ ਨੇ ਇੱਕ ਬਿਆਨ ਰਾਹੀਂ ਆਪਣਾ ਬਚਾਅ ਕਰਦਿਆਂ ਕਿਹਾ ਕਿ ਦੋਵਾਂ ਪਰਿਵਾਰਾਂ ਨੇ ਲਾਸ਼ਾਂ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਦੇਖਿਆ ਸੀ।