
ਹਸਪਤਾਲ ’ਚ ਦਾਖ਼ਲ ਬੱਚੀ ਦੀ ਹਾਲਤ ’ਚ ਹੁਣ ਸੁਧਾਰ
ਪਾਨੀਪਤ- ਹਰਿਆਣਾ ਦੇ ਪਾਨੀਪਤ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ 8ਵੀਂ ਜਮਾਤ ’ਚ ਪੜ੍ਹਦੀ ਇਕ ਵਿਦਿਆਰਥਣ ਨੇ ਚਾਕੂ ਨਾਲ ਆਪਣਾ ਹੀ ਗ਼ਲ ਵੱਢ ਲਿਆ। ਦਰਅਸਲ ਉਹ ਪ੍ਰਾਈਵੇਟ ਸਕੂਲ ’ਚ ਪੜ੍ਹਨਾ ਚਾਹੁੰਦੀ ਸੀ ਪਰ ਪਿਤਾ ਨੇ ਗ਼ਰੀਬੀ ਤੇ ਘਰ ਦੀ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਸ ਦਾ ਸਰਕਾਰੀ ਸਕੂਲ ’ਚ ਦਾਖ਼ਲਾ ਕਰਵਾ ਦਿੱਤਾ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਧੀ ਨੇ ਚਾਕੂ ਨਾਲ ਆਪਣਾ ਗਲ਼ ਵੱਢ ਲਿਆ। ਅਜਿਹਾ ਖ਼ੌਫਨਾਕ ਕਦਮ ਉਸ ਨੇ ਉਸ ਸਮੇਂ ਚੁੱਕਿਆ ਜਦੋਂ ਘਰ ’ਚ ਕੋਈ ਨਹੀਂ ਸੀ।
ਵਿਦਿਆਰਥਣ ਦੇ ਰੌਲਾ ਪਾਉਣ ’ਤੇ ਗੁਆਂਢੀ ਉਸ ਦੇ ਘਰ ਪਹੁੰਚੇ। ਗੁਆਂਢੀ ਖੂਨ ਨਾਲ ਲਹੂ-ਲੁਹਾਨ ਬੱਚੀ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ। ਜਿੱਥੇ ਗੰਭੀਰ ਹਾਲਤ ਵੇਖਦੇ ਹੋਏ ਡਾਕਟਰਾਂ ਨੇ ਪੀ. ਜੀ. ਆਈ. ਰੋਹਤਕ ਰੈਫ਼ਰ ਕਰ ਦਿੱਤਾ ਪਰ ਮਾਪਿਆਂ ਨੇ ਉਸ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ। ਬੱਚੀ ਦੀ ਹਾਲਤ ’ਚ ਹੁਣ ਸੁਧਾਰ ਹੈ।
ਇਸ ਬਾਬਤ ਜਦੋਂ ਬੱਚੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਪੜ੍ਹਾਈ ’ਚ ਕਮਜ਼ੋਰ ਹੈ, ਜਦੋਂ ਉਹ ਪ੍ਰਾਈਵੇਟ ਸਕੂਲ ’ਚ ਪੜ੍ਹਦੀ ਸੀ ਤਾਂ ਉਸ ਨੂੰ ਅੰਗਰੇਜ਼ੀ ’ਚ ਵੀ ਗਿਣਤੀ ਆਉਂਦੀ ਸੀ। ਹੁਣ ਹਿੰਦੀ ’ਚ ਵੀ ਨਹੀਂ ਆਉਂਦੀ। ਉਹ ਪਿਤਾ ਤੋਂ ਪ੍ਰਾਈਵੇਟ ਸਕੂਲ ’ਚ ਦਾਖ਼ਲੇ ਲਈ ਆਖ ਰਹੀ ਸੀ ਪਰ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਨਾਹ ਕਰ ਦਿੱਤੀ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਅਜਿਹਾ ਖ਼ੌਫ਼ਨਾਕ ਕਦਮ ਚੁੱਕਿਆ
ਲੜਕੀ ਦੇ ਪਿਤਾ ਨੇ ਕਿਹਾ ਕਿ ਉਹ ਗਰੀਬ ਹਨ। ਉਸ ਦੀ ਧੀ ਸਰਕਾਰੀ ਸਕੂਲ ’ਚ ਪੜ੍ਹਦੀ ਹੈ। ਧੀ ਚਾਹੁੰਦੀ ਹੈ ਕਿ ਉਹ ਪ੍ਰਾਈਵੇਟ ਸਕੂਲ ’ਚ ਪੜ੍ਹੇ ਅਤੇ ਉਸ ਦੀ ਟਿਊਸ਼ਨ ਵੀ ਲੱਗੇ। ਗ਼ਰੀਬੀ ਕਾਰਨ ਉਹ ਉਸ ਨੂੰ ਪ੍ਰਾਈਵੇਟ ਸਕੂਲ ’ਚ ਦਾਖ਼ਲ ਕਰਵਾਉਣ ’ਚ ਅਸਮਰੱਥ ਹਨ। ਪਿਤਾ ਨੇ ਦੱਸਿਆ ਕਿ ਉਹ ਇਕ ਫ਼ੈਕਟਰੀ ’ਚ ਕੰਮ ਕਰਦਾ ਹੈ। ਪਰਿਵਾਰ ਦੀ ਆਰਥਿਕ ਹਾਲਤ ਬਿਹਤਰ ਨਾ ਹੋਣ ਕਾਰਨ ਉਹ ਆਪਣੀ ਬੱਚੀ ਨੂੰ ਪਿੰਡ ਦੇ ਹੀ ਸਰਕਾਰੀ ਸਕੂਲ ’ਚ ਪੜ੍ਹਾ ਰਿਹਾ ਹੈ।