
ਪੈਰੋਲ ਰੱਦ ਕਰਨ ਦੇ ਨਾਲ-ਨਾਲ ਨਵੇਂ ਗੀਤ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ
ਚੰਡੀਗੜ੍ਹ : ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਦੋਸ਼ੀ ਸੌਦਾ ਸਾਧ ਦੀ ਪੈਰੋਲ ਨੂੰ ਲੈ ਕੇ ਲਗਾਤਾਰ ਹੰਗਾਮੇ ਵਾਲੇ ਹਾਲਤ ਬਣੇ ਹੋਏ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਐਚ.ਸੀ. ਅਰੋੜਾ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਸੌਦਾ ਸਾਧ ਦੀ ਪੈਰੋਲ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।
ਇਸ ਤੋਂ ਇਲਾਵਾ ਸੌਦਾ ਸਾਧ ਦੇ ਦੀਵਾਲੀ 'ਤੇ ਰਿਲੀਜ਼ ਹੋਏ ਗੀਤ 'ਸਾਡੀ ਨਿੱਤ ਦੀਵਾਲੀ' 'ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ ਗਈ ਹੈ। ਵਕੀਲ ਐਚ.ਸੀ.ਅਰੋੜਾ ਨੇ ਕਿਹਾ ਕਿ ਪੈਰੋਲ 'ਤੇ ਬਾਹਰ ਆਏ ਡੇਰਾ ਮੁਖੀ ਨੂੰ ਪ੍ਰਸਿੱਧੀ ਹਾਸਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਚੰਡੀਗੜ੍ਹ ਦੇ ਵਕੀਲ ਐਚ.ਸੀ. ਅਰੋੜਾ ਨੇ ਹਰਿਆਣਾ ਦੇ ਸੀਐਸ ਨੂੰ ਭੇਜੇ ਨੋਟਿਸ ਵਿੱਚ ਸਤਿਸੰਗ ਉੱਤੇ ਵੀ ਸਵਾਲ ਚੁੱਕੇ ਹਨ ਕਿ ਉਕਤ ਸੌਦਾ ਸਾਧ ਨੂੰ ਸਾਧਵੀਆਂ ਦੇ ਜਿਸਮਾਨੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਹਰਿਆਣਾ ਸਰਕਾਰ ਨੇ ਉਸ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਸੀ, ਜਿਸ ਦੌਰਾਨ ਉਹ ਯੂਪੀ ਦੇ ਬਾਗਪਤ ਵਿੱਚ ਸਤਿਸੰਗ ਕਰ ਰਿਹਾ ਹੈ।
ਵਕੀਲ ਨੇ ਸੌਦਾ ਸਾਧ ਦੇ ਆਨਲਾਈਨ ਸਤਿਸੰਗ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਅਤੇ ਵਿਰੋਧੀ ਪਾਰਟੀਆਂ ਦੇ ਆਗੂ ਸੌਦਾ ਸਾਧ ਤੋਂ ਅਸ਼ੀਰਵਾਦ ਲੈ ਰਹੇ ਹਨ। ਇਸ ਕਾਰਨ ਪੰਚਾਇਤੀ ਚੋਣਾਂ ਅਤੇ ਆਦਮਪੁਰ ਉਪ ਚੋਣ ਦੀ ਨਿਰਪੱਖਤਾ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਸੌਦਾ ਸਾਧ ਦੇ ਨਵੇਂ ਗੀਤ 'ਸਾਡੀ ਨਿੱਤ ਦੀਵਾਲੀ' 'ਤੇ ਵੀ ਸਵਾਲ ਚੁੱਕੇ ਹਨ। ਸੀਐਸ ਸੰਜੀਵ ਕੌਸ਼ਲ ਨੂੰ ਭੇਜੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੇ ਉਨ੍ਹਾਂ ਦੇ ਗੀਤ ਨੂੰ ਯੂਟਿਊਬ ਤੋਂ ਹਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ। ਵਕੀਲ ਨੇ ਮੰਗ ਕੀਤੀ ਕਿ ਸੌਦਾ ਸਾਧ ਦੀ ਪੈਰੋਲ ਤੁਰੰਤ ਰੱਦ ਕੀਤੀ ਜਾਵੇ ਅਤੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਸੌਦਾ ਸਾਧ ਦੇ ਗੀਤ ਨੂੰ ਯੂਟਿਊਬ ਤੋਂ ਹਟਾਇਆ ਜਾਵੇ।