
ਧਮਕੀਆਂ ਕਾਰਨ ਹਵਾਈ ਅੱਡਿਆਂ ਅਤੇ ਹੋਰ ਅਦਾਰਿਆਂ ’ਤੇ ਦਹਿਸ਼ਤ, ਉਡਾਣਾਂ ’ਚ ਦੇਰੀ ਅਤੇ ਸੁਰੱਖਿਆ ਵਿੱਚ ਵਾਧਾ
ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ’ਚ ਪੁਲਿਸ ਨੇ ਸੂਬੇ ਦੇ ਗੋਂਡੀਆ ਦੇ ਰਹਿਣ ਵਾਲੇ 35 ਸਾਲ ਦੇ ਇਕ ਵਿਅਕਤੀ ਦੀ ਪਛਾਣ ਉਸ ਵਿਅਕਤੀ ਦੇ ਰੂਪ ’ਚ ਕੀਤੀ ਹੈ, ਜਿਸ ਨੇ ਏਅਰਲਾਈਨਜ਼ ਦੇ ਜਹਾਜ਼ਾਂ ਨੂੰ ਉਡਾਉਣ ਦੀ ਝੂਠੀ ਧਮਕੀ ਦਿਤੀ ਸੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਹਾਲ ਹੀ ਦੀਆਂ ਧਮਕੀਆਂ ਕਾਰਨ ਹਵਾਈ ਅੱਡਿਆਂ ਅਤੇ ਹੋਰ ਅਦਾਰਿਆਂ ’ਤੇ ਦਹਿਸ਼ਤ, ਉਡਾਣਾਂ ’ਚ ਦੇਰੀ ਅਤੇ ਸੁਰੱਖਿਆ ਵਧਾ ਦਿਤੀ ਗਈ ਹੈ। ਨਾਗਪੁਰ ਸਿਟੀ ਸਪੈਸ਼ਲ ਸੈੱਲ ਨੇ ਵਿਅਕਤੀ ਦੀ ਪਛਾਣ ਜਗਦੀਸ਼ ਉਈਕੇ ਵਜੋਂ ਕੀਤੀ ਹੈ, ਜੋ ਅਤਿਵਾਦ ’ਤੇ ਇਕ ਕਿਤਾਬ ਦਾ ਲੇਖਕ ਹੈ। ਉਸ ਨੇ ਕਿਹਾ ਕਿ ਵਿਅਕਤੀ ਨੂੰ 2021 ’ਚ ਇਕ ਕੇਸ ’ਚ ਗ੍ਰਿਫਤਾਰ ਕੀਤਾ ਗਿਆ ਸੀ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਧਮਕੀ ਭਰੇ ਈਮੇਲ ’ਚ ਉਸ ਦੇ ਉਈਕੇ ਨਾਲ ਸਬੰਧ ਹੋਣ ਦਾ ਪਤਾ ਲੱਗਣ ਤੋਂ ਬਾਅਦ ਉਹ ਫਰਾਰ ਹੈ। ਪੁਲਿਸ ਡਿਪਟੀ ਕਮਿਸ਼ਨਰ (ਡੀ.ਸੀ.ਪੀ.) ਸ਼ਵੇਤਾ ਖੇਡਕਰ ਦੀ ਅਗਵਾਈ ’ਚ ਕੀਤੀ ਗਈ ਜਾਂਚ ’ਚ ਉਈਕੇ ਦੇ ਈਮੇਲ ਨਾਲ ਜੁੜੇ ਵਿਸਥਾਰਤ ਵੇਰਵੇ ਸਾਹਮਣੇ ਆਏ ਹਨ। ਅਧਿਕਾਰੀ ਨੇ ਦਸਿਆ ਕਿ ਉਈਕੇ ਨੇ ਪ੍ਰਧਾਨ ਮੰਤਰੀ ਦਫ਼ਤਰ, ਰੇਲ ਮੰਤਰੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ, ਏਅਰਲਾਈਨ ਕੰਪਨੀਆਂ ਦੇ ਦਫਤਰਾਂ, ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਅਤੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ.) ਸਮੇਤ ਵੱਖ-ਵੱਖ ਸਰਕਾਰੀ ਸੰਸਥਾਵਾਂ ਨੂੰ ਧਮਕੀ ਭਰੇ ਈਮੇਲ ਭੇਜੇ ਹਨ।
ਨਾਗਪੁਰ ਪੁਲਿਸ ਨੇ ਸੋਮਵਾਰ ਨੂੰ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਦੀ ਨਾਗਪੁਰ ਸਥਿਤ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾ ਦਿਤੀ ਸੀ ਕਿਉਂਕਿ ਉਈਕੇ ਨੇ ਈ-ਮੇਲ ਭੇਜ ਕੇ ਧਮਕੀ ਦਿਤੀ ਸੀ ਕਿ ਜੇਕਰ ਉਨ੍ਹਾਂ ਨੂੰ ਗੁਪਤ ਅਤਿਵਾਦੀ ਕੋਡ ਬਾਰੇ ਜਾਣਕਾਰੀ ਦੇਣ ਦਾ ਮੌਕਾ ਨਹੀਂ ਦਿਤਾ ਗਿਆ ਤਾਂ ਉਹ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਉਈਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਵੀ ਬੇਨਤੀ ਕੀਤੀ ਤਾਂ ਜੋ ਅਤਿਵਾਦੀ ਖਤਰਿਆਂ ਬਾਰੇ ਅਪਣੀ ਜਾਣਕਾਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ।
ਅਧਿਕਾਰੀ ਨੇ ਦਸਿਆ ਕਿ ਉਈਕੇ ਵਲੋਂ 21 ਅਕਤੂਬਰ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਭੇਜੀ ਗਈ ਈਮੇਲ ਅਤੇ ਡੀ.ਜੀ.ਪੀ. ਅਤੇ ਆਰ.ਪੀ.ਐਫ. ਨੂੰ ਭੇਜੇ ਈਮੇਲ ਦੇ ਆਧਾਰ ’ਤੇ ਰੇਲਵੇ ਸਟੇਸ਼ਨਾਂ ’ਤੇ ਸੁਰੱਖਿਆ ਉਪਾਅ ਕੀਤੇ ਗਏ ਹਨ। ਉਨ੍ਹਾਂ ਕਿਹਾ, ‘‘ਉਈਕੇ ਨੂੰ ਗ੍ਰਿਫਤਾਰ ਕਰਨ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਸਰਕਾਰੀ ਏਜੰਸੀਆਂ ਨੇ ਕਿਹਾ ਸੀ ਕਿ 26 ਅਕਤੂਬਰ ਤਕ 13 ਦਿਨਾਂ ’ਚ ਭਾਰਤੀ ਏਅਰਲਾਈਨਜ਼ ਵਲੋਂ ਸੰਚਾਲਿਤ 300 ਤੋਂ ਵੱਧ ਉਡਾਣਾਂ ਨੂੰ ਬੰਬ ਧਮਾਕੇ ਦੀਆਂ ਝੂਠੀਆਂ ਧਮਕੀਆਂ ਮਿਲੀਆਂ ਹਨ। ਜ਼ਿਆਦਾਤਰ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਦਿਤੀਆਂ ਗਈਆਂ ਸਨ। ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਇਕੱਲੇ 22 ਅਕਤੂਬਰ ਨੂੰ ਇੰਡੀਗੋ ਅਤੇ ਏਅਰ ਇੰਡੀਆ ਦੀਆਂ 13-13 ਉਡਾਣਾਂ ਸਮੇਤ ਲਗਭਗ 50 ਉਡਾਣਾਂ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਸੀ।