
500 ਸਾਲ ਬਾਅਦ ਭਗਵਾਨ ਸ਼੍ਰੀ ਰਾਮ ਅਯੁੱਧਿਆ ਦੇ ਅਪਣੇ ਸ਼ਾਨਦਾਰ ਮੰਦਰ ’ਚ ਬਿਰਾਜਮਾਨ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸਾਲ ਦੀ ਦੀਵਾਲੀ ਇਤਿਹਾਸਕ ਹੋਵੇਗੀ ਕਿਉਂਕਿ 500 ਸਾਲਾਂ ਦੀ ਉਡੀਕ ਮਗਰੋਂ ਅਯੁੱਧਿਆ ’ਚ ਰਾਮ ਲਲਾ ਦੇ ਜਨਮ ਸਥਾਨ ’ਤੇ ਸਥਿਤ ਮੰਦਰ ’ਚ ਹਜ਼ਾਰਾਂ ਦੀਵੇ ਜਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਅਜਿਹੀ ਦੀਵਾਲੀ ਹੋਵੇਗੀ ਜਦੋਂ ਭਗਵਾਨ ਰਾਮ ਇਕ ਵਾਰ ਫਿਰ ਅਪਣੇ ਘਰ ਆਏ ਹਨ ਅਤੇ ਇਸ ਵਾਰ ਇਹ ਉਡੀਕ 14 ਸਾਲ ਬਾਅਦ ਨਹੀਂ, ਬਲਕਿ 500 ਸਾਲ ਬਾਅਦ ਪੂਰੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਇਹ ਟਿਪਣੀਆਂ ਸਿਹਤ ਖੇਤਰ ’ਚ ਲਗਭਗ 12,850 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਅਪਣੇ ਸੰਬੋਧਨ ’ਚ ਕੀਤੀਆਂ।
ਇਸ ਤੋਂ ਪਹਿਲਾਂ ਇਕ ਹੋਰ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸ ਸਾਲ ਦੀ ਦੀਵਾਲੀ ਬਹੁਤ ਖਾਸ ਹੈ। 500 ਸਾਲ ਬਾਅਦ ਭਗਵਾਨ ਸ਼੍ਰੀ ਰਾਮ ਅਯੁੱਧਿਆ ਦੇ ਅਪਣੇ ਸ਼ਾਨਦਾਰ ਮੰਦਰ ’ਚ ਬਿਰਾਜਮਾਨ ਹਨ। ਅਤੇ ਉਸ ਸ਼ਾਨਦਾਰ ਮੰਦਰ ’ਚ ਬੈਠਣ ਤੋਂ ਬਾਅਦ ਇਹ ਪਹਿਲੀ ਦੀਵਾਲੀ ਹੈ।’’ ਉਨ੍ਹਾਂ ਕਿਹਾ ਕਿ ਕਈ ਪੀੜ੍ਹੀਆਂ ਇਸ ਦੀਵਾਲੀ ਦੀ ਉਡੀਕ ਕਰ ਰਹੀਆਂ ਸਨ, ਲੱਖਾਂ ਲੋਕਾਂ ਨੇ ਕੁਰਬਾਨੀਆਂ ਦਿਤੀਆਂ ਅਤੇ ਤਸੀਹੇ ਝੱਲੇ। ਉਨ੍ਹਾਂ ਕਿਹਾ, ‘‘ਅਸੀਂ ਸਾਰੇ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਅਜਿਹੀ ਵਿਸ਼ੇਸ਼, ਸ਼ਾਨਦਾਰ ਦੀਵਾਲੀ ਵੇਖਣ ਦਾ ਮੌਕਾ ਮਿਲੇਗਾ।’’
ਇਸ ਸਾਲ ਜਨਵਰੀ ’ਚ ਅਯੁੱਧਿਆ ਮੰਦਰ ’ਚ ਰਾਮ ਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ। ਇਸ ਮੌਕੇ ਉਨ੍ਹਾਂ ਨੇ ਮੰਦਰ ਨਿਰਮਾਣ ਤੋਂ ਅੱਗੇ ਵਧਣ ਅਤੇ ਅਗਲੇ 1000 ਸਾਲਾਂ ਲਈ ਭਾਰਤ ਦੀ ਨੀਂਹ ਰੱਖਣ ਦਾ ਸੱਦਾ ਦਿਤਾ ਸੀ। ਉਨ੍ਹਾਂ ਕਿਹਾ ਸੀ ਕਿ ਰਾਮ ਦੇ ਵਿਚਾਰ ‘ਮਾਨਸ ਦੇ ਨਾਲ-ਨਾਲ ਜਨਮਾਸਨ’ ਦੇ ਵੀ ਹੋਣੇ ਚਾਹੀਦੇ ਹਨ, ਇਹ ਦੇਸ਼ ਦੇ ਨਿਰਮਾਣ ਦੀ ਪੌੜੀ ਹੈ।