ਨਾਬਾਲਗ ਨਾਲ ਜਬਰ ਜਨਾਹ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਆਸਾਰਾਮ
ਜੋਧਪੁਰ : ਰਾਜਸਥਾਨ ਹਾਈ ਕੋਰਟ ਨੇ ਨਾਬਾਲਗ ਨਾਲ ਜਬਰ ਜਨਾਹ ਦੇ ਮਾਮਲੇ ’ਚ ਉਮਰ ਕੈਦ ਕੱਟ ਰਹੇ ਆਸਾਰਾਮ ਨੂੰ ਛੇ ਮਹੀਨੇ ਦੀ ਅੰਤ੍ਰਿਮ ਜ਼ਮਾਨਤ ਦਿੱਤੀ ਹੈ ਅਤੇ ਇਸ ਵਾਰ ਉਨ੍ਹਾਂ ਦੇ ਨਾਲ ਪੁਲਿਸ ਕਰਮਚਾਰੀ ਮੌਜੂਦ ਨਹੀਂ ਰਹਿਣਗੇ। ਕਾਰਜਕਾਰੀ ਚੀਫ਼ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਸੰਗੀਤਾ ਸ਼ਰਮਾ ਦੀ ਡਿਵੀਜ਼ਨ ਬੈਂਚ ਨੇ ਮੰਗਲਵਾਰ ਨੂੰ ਇਹ ਫ਼ੈਸਲਾ ਸੁਣਾਇਆ।
ਜ਼ਿਕਰਯੋਗ ਹੈ ਕਿ ਆਸਾਰਾਮ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਅਦਾਲਤ ਵਿਚ ਜ਼ਮਾਲਤ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ’ਤੇ ਸੁਣਵਾਈ ਦੌਰਾਨ ਉਸ ਦੇ ਵਕੀਲ ਦੇਵਦੱਤ ਕਾਮਤ ਨੇ ਤਰਕ ਦਿੱਤਾ ਕਿ ਆਸਾਰਾਮ ਦੀ ਉਮਰ ਜ਼ਿਆਦਾ ਹੋ ਚੁੱਕੀ ਹੈ ਅਤੇ ਉਸ ਨੂੰ ਕਈ ਗੰਭੀਰ ਬਿਮਾਰੀਆਂ ਹਨ, ਜਿਸ ਦੇ ਲਈ ਲਗਾਤਾਰ ਇਲਾਜ ਦੀ ਜ਼ਰੂਰਤ ਹੈ।
ਰਾਜਸਥਾਨ ਸਰਕਾਰ ਵੱਲੋਂ ਐਡੀਸ਼ਨਲ ਐਡਵੋਕੇਟ ਜਨਰਲ ਦੀਪਕ ਚੌਧਰੀ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ। ਜਦਕਿ ਪੀੜਤਾ ਵੱਲੋਂ ਪੇਸ਼ ਹੋਏ ਐਡਵੋਕੇਟ ਪੀ.ਸੀ. ਸੋਲੰਕੀ ਨੇ ਕਿਹਾ ਕਿ ਦੋਸ਼ੀ ਵਿਅਕਤੀ ਨੂੰ ਰਾਹਤ ਦੇਣ ਨਿਆਂਇਕ ਸਿਧਾਂਤਾਂ ਦੇ ਖਿਲਾਫ਼ ਹੈ। ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਛੇ ਮਹੀਨੇ ਦੀ ਅਸਥਾਈ ਜ਼ਮਾਨਤ ਮਨਜ਼ੂਰ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਅਪ੍ਰੈਲ 2018 ’ਚ ਜੋਧਪੁਰ ਦੀ ਇਕ ਵਿਸ਼ੇਸ਼ ਅਦਾਲਤ ਨੇ ਆਸਾਰਾਮ ਨੂੰ ਇਕ ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਉਹ ਲਗਾਤਾਰ ਜੇਲ੍ਹ ਵਿਚ ਬੰਦ ਹੈ। ਲਗਭਗ 12 ਕੈਦ ਕੱਟਣ ਤੋਂ ਬਾਅਦ ਉਸ ਨੂੰ ਇਸ ਸਾਲ ਜਨਵਰੀ ਵਿਚ ਪਹਿਲੀ ਵਾਰ ਅੰਤ੍ਰਿਮ ਜ਼ਮਾਨਤ ਦਿੱਤੀ ਗਈ ਸੀ। ਜੋ ਛੇ ਮਹੀਨਿਆਂ ਬਾਅਦ ਖਤਮ ਹੋ ਗਈ ਸੀ ਅਤੇ ਉਸ ਨੇ 30 ਅਗਸਤ ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਹੁਣ ਹਾਈ ਕੋਰਟ ਨੇ ਉਸ ਨੂੰ ਛੇ ਮਹੀਨੇ ਦੀ ਹੋਰ ਜ਼ਮਾਨਤ ਦੇ ਦਿੱਤੀ ਹੈ।
