ਪਹਿਲਾਂ ਤਾਂ ਜ਼ਿੰਦਗੀ ਦੀ ਉਮੀਦ ਛੱਡ ਦਿਤੀ ਸੀ, ਪਰ 70 ਘੰਟੇ ਮਗਰੋਂ ਬਾਹਰੀ ਲੋਕਾਂ ਨਾਲ ਸੰਪਰਕ ਹੋਣ ਮਗਰੋਂ ਜਾਗੀ ਉਮੀਦ
Uttarkashi Tunnel Rescue: ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਸਿਲਕਿਆਰਾ ਸੁਰੰਗ ਤੋਂ ਮੰਗਲਵਾਰ ਰਾਤ ਸੁਰਖਿਅਤ ਬਚਾਏ ਗਏ 41 ਮਜ਼ਦੂਰਾਂ ’ਚੋਂ ਇਕ ਮਜ਼ਦੂਰ ਅਨਿਲ ਬੇਦੀਆ ਨੇ ਦਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਅਪਣੀ ਪਿਆਸ ਬੁਝਾਉਣ ਲਈ ਚੱਟਾਨਾਂ ਤੋਂ ਟਪਕਦੇ ਪਾਣੀ ਨੂੰ ਚਟਿਆ ਅਤੇ ਸ਼ੁਰੂਆਤ ਦਸ ਦਿਨਾਂ ਤਕ ਮੁਰਮੁਰੇ ਖਾ ਕੇ ਜਿਊਂਦਾ ਰਹੇ।
ਝਾਰਖੰਡ ਵਾਸੀ 22 ਸਾਲਾਂ ਦੇ ਮਜ਼ਦੂਰ ਅਨਿਲ ਬੇਦੀਆ ਨੇ ਕਿਹਾ ਕਿ ਉਨ੍ਹਾਂ ਨੇ 12 ਨਵੰਬਰ ਨੂੰ ਸੁਰੰਗ ਦਾ ਹਿੱਸਾ ਢਹਿਣ ਤੋਂ ਬਾਅਦ ਮੌਤ ਨੂੰ ਬਹੁਤ ਕਰੀਬ ਤੋਂ ਵੇਖਿਆ। ਬੇਦੀਆ ਸਮੇਤ 41 ਮਜ਼ਦੂਰ ਮਲਬਾ ਢਹਿਣ ਤੋਂ ਬਾਅਦ 12 ਨਵੰਬਰ ਨੂੰ ਸੁਰੰਗ ’ਚ ਫਸ ਗਏ ਸਨ। ਉਨ੍ਹਾਂ ਨੇ ਬੁਧਵਾਰ ਨੂੰ ‘ਪੀ.ਟੀ.ਆਈ.-ਭਾਸ਼ਾ’ ਨਾਲ ਫ਼ੋਨ ’ਤੇ ਅਪਣੀ ਕਹਾਣੀ ਸਾਂਝੀ ਕੀਤੀ। ਬੇਦੀਆ ਨੇ ਕਿਹਾ, ‘‘ਮਲਬਾ ਢਹਿਣ ਤੋਂ ਬਾਅਦ ਤੇਜ਼ ਚੀਕਾਂ ਨਾਲ ਪੂਰਾ ਇਲਾਕਾ ਗੂੰਜ ਗਿਆ। ਅਸੀਂ ਸਾਰਿਆਂ ਨੇ ਸੋਚਿਆ ਕਿ ਸੁਰੰਗ ਅੰਦਰ ਹੀ ਦਫ਼ਨ ਹੋ ਜਾਵਾਂਗੇ। ਸ਼ੁਰੂਆਤੀ ਕੁਝ ਦਿਨਾਂ ’ਚ ਸਾਡੀਆਂ ਸਾਰੀਆਂ ਉਮੀਦਾਂ ਖ਼ਤਮ ਹੋ ਗਈਆਂ ਸਨ।’’
ਉਨ੍ਹਾਂ ਕਿਹਾ, ‘‘ਇਹ ਇਕ ਬੁਰੇ ਸੁਪਨੇ ਵਰਗਾ ਸੀ। ਅਸੀਂ ਅਪਣੀ ਪਿਆਸ ਬੁਝਾਉਣ ਲਈ ਚੱਟਾਨਾਂ ’ਚੋਂ ਟਪਕਦੇ ਪਾਣੀ ਨੂੰ ਚਟਿਆ ਅਤੇ ਪਹਿਲੇ ਦਸ ਦਿਨਾਂ ਤਕ ਮੁਰਮੁਰੇ ਖਾ ਕੇ ਜਿਊਂਦਾ ਰਹੇ।’’ ਬੇਦੀਆ ਰਾਂਚੀ ਦੇ ਬਾਹਰੀ ਖਿਰਾਬੇੜਾ ਪਿੰਡ ਦੇ ਰਹਿਣ ਵਾਲੇ ਹਨ, ਜਿੱਥੋਂ ਕੁਲ 13 ਲੋਕ 1 ਨਵੰਬਰ ਨੂੰ ਕੰਮ ਲਈ ਉੱਤਰਕਾਸ਼ੀ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕਿਸਮਤ ਨੇ ਉਨ੍ਹਾਂ ਲਈ ਕੀ ਲਿਖਿਆ ਹੈ। ਬੇਦੀਆ ਨੇ ਕਿਹਾ ਕਿ ਜਦੋਂ ਬਿਪਤਾ ਆਈ ਤਾਂ ਖ਼ੁਸ਼ਕਿਸਮਤੀ ਨਾਲ ਖਿਰਾਬੇੜਾ ਦੇ 13 ਲੋਕਾਂ ’ਚੋਂ ਸਿਰਫ਼ ਤਿੰਨ ਹੀ ਸੁਰੰਗ ਅੰਦਰ ਸਨ।
ਸੁਰੰਗ ਅੰਦਰ ਫਸੇ 41 ਮਜ਼ਦੂਰਾਂ ’ਚੋਂ 15 ਝਾਰਖੰਡ ਦੇ ਸਨ। ਇਹ ਰਾਂਚੀ, ਗਿਰੀਹੀਡ, ਖੂੰਟੀ ਅਤੇ ਪਛਮੀ ਸਿੰਘਭੂਮ ਦੇ ਰਹਿਣ ਵਾਲੇ ਹਨ। ਮੰਗਲਵਾਰ ਦੀ ਰਾਤ ਜਦੋਂ ਇਨ੍ਹਾਂ ਮਜ਼ਦੂਰਾਂ ਨੂੰ ਬਾਹਰ ਕਢਿਆ ਗਿਆ ਤਾਂ ਉਨ੍ਹਾਂ ਦੇ ਪਿੰਡਾਂ ’ਚ ਖ਼ੁਸ਼ੀ ਨਾਲ ਲੋਕ ਜਸ਼ਨ ਮਨਾਉਣ ਲੱਗੇ। ਬੇਦੀਆ ਨੇ ਕਿਹਾ, ‘‘ਸਾਡੇ ਜਿਊਂਦਾ ਰਹਿਣ ਦੀ ਪਹਿਲੀ ਉਮੀਦ ਉਦੋਂ ਜਾਗੀ ਜਦੋਂ ਅਧਿਕਾਰੀਆਂ ਨੇ ਲਗਭਗ 70 ਘੰਟਿਆਂ ਬਾਅਦ ਸਾਡੇ ਨਾਲ ਸੰਪਰਕ ਕੀਤਾ।’’ ਉਨ੍ਹਾਂ ਅਨੁਸਾਰ ਦੋ ਨਿਗਰਾਨਾਂ ਨੇ ਉਨ੍ਹਾਂ ਨੂੰ ਚੱਟਾਨਾਂ ’ਚੋਂ ਟਪਕਦਾ ਪਾਣੀ ਪੀਣ ਲਈ ਕਿਹਾ।
ਬੇਦੀਆ ਨੇ ਕਿਹਾ, ‘‘ਸਾਡੇ ਕੋਲ ਸੁਰੰਗ ਅੰਦਰ ਖ਼ੁਦ ਨੂੰ ਰਾਹਤ ਦੇਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਸੀ। ਅਖ਼ੀਰ ਜਦੋਂ ਅਸੀਂ ਬਾਹਰ ਤੋਂ ਸਾਡੇ ਨਾਲ ਗੱਲ ਕਰਨ ਵਾਲੇ ਲੋਕਾਂ ਦੀਆਂ ਆਵਾਜ਼ਾਂ ਸੁਣੀਆਂ, ਤਾਂ ਮਜ਼ਬੂਤ ਭਰੋਸਾ ਅਤੇ ਜਿਊਂਦਾ ਰਹਿਣ ਦੀ ਉਮੀਦ ਨੇ ਸਾਡੀ ਨਿਰਾਸ਼ਾ ਨੂੰ ਖ਼ਤਮ ਕੀਤਾ।’’ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦਸ ਦਿਨ ਚਿੰਤਾ ’ਚ ਬਿਤਾਉਣ ਮਗਰੋਂ ਪਾਣੀ ਦੀਆਂ ਬੋਤਲਾਂ, ਕੇਲੇ, ਸੇਬ ਅਤੇ ਸੰਤਰੇ ਵਰਗੇ ਫਲਾਂ ਤੋਂ ਇਲਾਵਾ ਚੌਲ, ਦਾਲ ਅਤੇ ਰੋਟੀ ਵਰਗੇ ਗਰਮ ਭੋਜਨ ਦੀ ਸਪਲਾਈ ਨਿਯਮਤ ਰੂਪ ’ਚ ਕੀਤੀ ਜਾਣ ਲੱਗੀ। ਉਨ੍ਹਾਂ ਕਿਹਾ, ‘‘ਅਸੀਂ ਛੇਤੀ ਤੋਂ ਛੇਤੀ ਸੁਰਖਿਅਤ ਬਾਹਰ ਨਿਕਲਣ ਦੀ ਅਰਦਾਸ ਕਰਦੇ ਸੀ। ਅਖ਼ੀਰ ਰੱਬ ਨੇ ਸਾਡੀ ਸੁਣ ਲਈ।’’
ਉਨ੍ਹਾਂ ਦੇ ਪਿੰਡ ਦੇ ਹੀ ਇਕ ਹੋਰ ਵਿਅਕਤੀ ਨੇ ਕਿਹਾ ਕਿ ਚਿੰਤਾ ਤੋਂ ਬੇਹਾਲ ਉਸ ਦੀ ਮਾਂ ਨੇ ਪਿਛਲੇ ਦੋ ਹਫ਼ਤਿਆਂ ਤੋਂ ਰੋਟੀ ਨਹੀਂ ਬਣਾਈ ਸੀ ਅਤੇ ਗੁਆਂਢੀਆਂ ਨੇ ਜੋ ਕੁੱਝ ਵੀ ਉਨ੍ਹਾਂ ਨੂੰ ਦਿਤਾ ਉਸ ਨਾਲ ਪਰਵਾਰ ਦਾ ਗੁਜ਼ਾਰਾ ਚਲ ਰਿਹਾ ਸੀ।
ਖਿਰਾਬੇੜਾ ਪਿੰਡ ਦੇ ਰਹਿਣ ਵਾਲੇ ਲਕਵਾ ਪੀੜਤ ਸ਼ਰਵਣ ਬੇਦੀਆ (55) ਦਾ ਇਕਲੌਤਾ ਪੁੱਤਰ ਰਜਿੰਦਰ (22) ਵੀ ਸਿਲਕਿਆਰਾ ਸੁਰੰਗ ਦਾ ਕੁਝ ਹਿੱਸਾ ਧਸਣ ਕਾਰਨ ਅੰਦਰ ਫਸੇ ਮਜ਼ਦੂਰਾਂ ’ਚ ਸ਼ਾਮਲ ਸੀ। ਮੰਗਲਵਾਰ ਸ਼ਾਮ ਨੂੰ ਅਪਣੇ ਪੁੱਤਰ ਨੂੰ ਬਾਹਰ ਕੱਢੇ ਜਾਣ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਨੂੰ ਵੀਲ੍ਹਚੇਅਰ ’ਤੇ ਜਸ਼ਨ ਮਨਾਉਂਦਿਆਂ ਵੇਖਿਆ ਗਿਆ ਸੀ।
ਰਜਿੰਦਰ ਤੋਂ ਇਲਾਵਾ ਪਿੰਡ ਦੇ ਦੋ ਹੋਰ ਲੋਕ, ਸੁਖਾਮ ਅਤੇ ਅਨਿਲ ਵੀ 17 ਦਿਨਾਂ ਤਕ ਸੁਰੰਗ ਅੰਦਰ ਫਸੇ ਰਹੇ। ਦੋਹਾਂ ਦੀ ਉਮਰ 20 ਸਾਲ ਦੇ ਆਸਪਾਸ ਹੈ। ਸੁਖਰਾਮ ਦੀ ਲਕਵਾ ਪੀੜਤ ਮਾਂ ਪਾਰਵਤੀ ਦੀ ਪੁੱਤਰ ਦੇ ਸੁਰੰਗ ’ਚ ਫਸੇ ਹੋਣ ਦੀ ਖ਼ਬਰ ਤੋਂ ਗ਼ਮਗੀਨ ਸੀ। ਉਨ੍ਹਾਂ ਦੇ ਸੁਰੰਗ ਤੋਂ ਬਾਹਰ ਨਿਕਲਣ ਮਗਰੋਂ ਉਨ੍ਹਾਂ ਨੇ ਖ਼ੁਸ਼ੀ ਜ਼ਾਹਰ ਕੀਤੀ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਮੰਡੀ ’ਚ ਰਹਿਣ ਵਾਲ ਮਜ਼ਦੂਰ ਵਿਸ਼ਾਲ ਨੇ ਸੁਰੰਗ ਦੇ ਬਾਹਰ ਬੇਸਬਰੀ ਨਾਲ ਉਡੀਕ ਕਰ ਰਹੇ ਅਪਣੇ ਪਰਵਾਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਜ਼ਰੀਏ ਹਸਪਤਾਲ ਲਿਆਂਦਾ ਗਿਆ।
ਮੁੱਖ ਮੰਤਰੀ ਧਾਮੀ ਨੇ ਮਜ਼ਦੂਰਾਂ ਨੂੰ ਇਕ-ਇਕ ਲੱਖ ਰੁਪਏ ਦੇ ਚੈੱਕ ਸੌਂਪੇ
ਮਲਬੇ ਤੋਂ ਬਾਹਰ ਕੱਢੇ ਜਾਦ ਮਗਰੋਂ ਮਜ਼ਦੂਰਾਂ ਦੀ ਸੁਰੰਗ ’ਚ ਹੀ ਮੁਢਲੀ ਡਾਕਟਰੀ ਜਾਂਚ ਕੀਤੀ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਸਿਲਕਿਆਰਾ ਤੋਂ 30 ਕਿਲੋਮੀਟਰ ਦੂਰ ਚਿਨਆਲੀਸੌੜ ਕਮਿਊਨਿਟੀ ਹੈਲਥ ਕੇਂਦਰ ਲਿਆਂਦਾ ਗਿਆ ਜਿੱਥੇ 41 ਬਿਸਤਰਿਆਂ ਦਾ ਇਕ ਵਿਸ਼ੇਸ਼ ਵਾਰਡ ਤਿਆਰ ਕੀਤਾ ਗਿਆ ਹੈ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਥੇ ਦਾਖਲ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁਛਿਆ। ਉਨ੍ਹਾਂ ਹਰ ਮਜ਼ਦੂਰ ਨੂੰ ਇਕ-ਇਕ ਲੱਖ ਰੁਪਏ ਦਾ ਚੈੱਕ ਵੀ ਸੌਂਪਿਆ। ਵਾਰਡ ਦੇ ਦੌਰੇ ਦੌਰਾਨ ਉਨ੍ਹਾਂ ਇਕ-ਇਕ ਕਰ ਕੇ ਹਰ ਮਜ਼ਦੂਰ ਦਾ ਹਾਲਚਾਲ ਪੁਛਿਆ ਅਤੇ ਪਿੱਠ ’ਤੇ ਥਾਪੜਾ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਚਿਨੂਕ ਹੈਲੀਕਾਪਟਰ ਰਾਹੀਂ ਚਿਨਿਆਲੀਸੌੜ ਦੇ ਏਮਜ਼ ਰਿਸ਼ੀਕੇਸ਼ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਸੰਭਾਵਤ ਸਿਹਤ ਪ੍ਰੇਸ਼ਾਨੀਆਂ ਬਾਰੇ ਉਨ੍ਹਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਵੀ ਮਜ਼ਦੂਰਾਂ ਨਾਲ ਫ਼ੋਨ ’ਤੇ ਗੱਲ ਕੀਤੀ, ਮਜ਼ਦੂਰਾਂ ਨੇ ਕਿਹਾ, ‘ਮਨੋਬਲ ਉੱਚਾ ਰੱਖਣ ਲਈ ਯੋਗਾ ਕੀਤਾ, ਸੈਰ ਕੀਤੀ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੰਗਲਵਾਰ ਦੇਰ ਰਾਤ ਮਜ਼ਦੂਰਾਂ ਨਾਲ ਟੈਲੀਫ਼ੋਨ ’ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਗੱਲਬਾਤ ਦਾ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ’ਚ ਪ੍ਰਧਾਨ ਮੰਤਰੀ ਵਰਕਰਾਂ ਨੂੰ ਕਹਿੰਦੇ ਨਜ਼ਰ ਆ ਰਹੇ ਹਨ, ‘‘17 ਦਿਨ ਘੱਟ ਸਮਾਂ ਨਹੀਂ ਹੈ। ਤੁਸੀਂ ਲੋਕਾਂ ਨੇ ਬਹੁਤ ਹਿੰਮਤ ਵਿਖਾਈ ਅਤੇ ਇਕ-ਦੂਜੇ ਨੂੰ ਹਿੰਮਤ ਦਿੰਦੇ ਰਹੇ।’’ ਬਿਹਾਰ ਦੇ ਇਕ ਮਜ਼ਦੂਰ ਸਬਾ ਅਹਿਮਦ ਨੇ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਹਾਲਾਂਕਿ ਉਹ ਕਈ ਦਿਨਾਂ ਤੋਂ ਸੁਰੰਗ ’ਚ ਫਸੇ ਹੋਏ ਸਨ, ਪਰ ਉਨ੍ਹਾਂ ਨੇ ਕਦੇ ਕੋਈ ਡਰ ਜਾਂ ਘਬਰਾਹਟ ਮਹਿਸੂਸ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਭਰਾਵਾਂ ਵਰਗੇ ਸੀ, ਅਸੀਂ ਇਕੱਠੇ ਸੀ। ਅਸੀਂ ਰਾਤ ਦੇ ਖਾਣੇ ਤੋਂ ਬਾਅਦ ਸੁਰੰਗ ’ਚ ਸੈਰ ਕਰਦੇ ਸੀ। ਮੈਂ ਉਨ੍ਹਾਂ ਨੂੰ ਸਵੇਰ ਦੀ ਸੈਰ ਕਰਨ ਅਤੇ ਯੋਗਾ ਕਰਨ ਲਈ ਕਹਿੰਦਾ ਸੀ। ਅਸੀਂ ਉਤਰਾਖੰਡ ਸਰਕਾਰ, ਖਾਸ ਕਰ ਕੇ ਮੁੱਖ ਮੰਤਰੀ ਧਾਮੀ ਅਤੇ ਵੀ.ਕੇ. (ਸਿੰਘ) ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।’’
ਉਨ੍ਹਾਂ ਫ਼ੋਨ ’ਤੇ ਦਸਿਆ, ‘‘ਅਸੀਂ ਕਦੀ ਉਮੀਦ ਨਹੀਂ ਛੱਡੀ। ਮੈਂ ਬਿਲਕੁਲ ਠੀਕ ਹਾਂ। ਅਸੀਂ ਸਾਰੇ ਠੀਕ ਹਾਂ ਅਤੇ ਮੈਂ ਉਨ੍ਹਾਂ ਸਾਰਿਆਂ ਦਾ ਧਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸੁਰਖਿਅਤ ਬਾਹਰ ਕਢਿਆ।’’ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਕੁਝ ਘੰਟੇ ਉਨ੍ਹਾਂ ਲਈ ਮੁਸ਼ਕਲ ਸਨ ਕਿਉਂਕਿ ਘੁਟਨ ਮਹਿਸੂਸ ਹੋ ਰਹੀ ਸੀ ਪਰ ਬਾਅਦ ’ਚ ਬਾਹਰ ਕੇ ਲੋਕਾਂ ਨਾਲ ਸੰਪਰਕ ਹੋਣ ’ਤੇ ਹੌਲੀ-ਹੌਲੀ ਸੱਭ ਠੀਕ ਹੋ ਗਿਆ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬੁਧਵਾਰ ਨੂੰ ਕਿਹਾ ਕਿ ਮੰਗਲਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਦੌਰਾਨ ਸਿਲਕਿਆਰਾ ਸੁਰੰਗ ਦੇ ਬਚਾਅ ਮੁਹਿੰਮ ਦਾ ਮੁੱਦਾ ਵੀ ਆਇਆ ਸੀ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਭਾਵੁਕ ਸਨ।
ਸਭ ਤੋਂ ਪਹਿਲਾਂ ਅਪਣੇ ਤਕ ਪੁੱਜਣ ਵਾਲੇ ‘ਰੈਟਹੋਲ ਮਾਈਨਿੰਗ’ ਬਚਾਅ ਮੁਲਾਜ਼ਮਾਂ ਨੂੰ ਮੋਢਿਆਂ ’ਤੇ ਚੁਕ ਕੇ ਪ੍ਰਗਟਾਈ ਖ਼ੁਸ਼ੀ
‘ਰੈਟਹੋਲ ਮਾਈਨਿੰਗ’ ਤਕਨਾਲੋਜੀ ਮਾਹਰ ਫਿਰੋਜ਼ ਕੁਰੈਸ਼ੀ ਅਤੇ ਮੋਨੂੰ ਕੁਮਾਰ ਨੇ ਸਭ ਤੋਂ ਪਹਿਲਾਂ ਉਤਰਾਖੰਡ ਦੀ ਸਿਲਕੀਆਰਾ ਸੁਰੰਗ ’ਚ ਫਸੇ 41 ਮਜ਼ਦੂਰਾਂ ਨਾਲ ਮਲਬਾ ਦਾ ਆਖਰੀ ਹਿੱਸਾ ਸਾਫ਼ ਕੀਤਾ। ਦਿੱਲੀ ਦੇ ਵਸਨੀਕ ਕੁਰੈਸ਼ੀ ਅਤੇ ਉੱਤਰ ਪ੍ਰਦੇਸ਼ ਦੇ ਕੁਮਾਰ ‘ਰੈਟਹੋਲ ਮਾਈਨਿੰਗ’ ਤਕਨਾਲੋਜੀ ਮਾਹਰਾਂ ਦੀ 12 ਮੈਂਬਰੀ ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੂੰ ਐਤਵਾਰ ਨੂੰ ਮਲਬਾ ਸਾਫ਼ ਕਰਨ ਦੌਰਾਨ ਅਮਰੀਕੀ ‘ਆਗਰ’ ਮਸ਼ੀਨ ’ਚ ਸਮੱਸਿਆਵਾਂ ਆਉਣ ਤੋਂ ਬਾਅਦ ਖੁਦਾਈ ਲਈ ਸਦਿਆ ਗਿਆ ਸੀ। ਦਿੱਲੀ ਦੇ ਖਜੂਰੀ ਖਾਸ ਦੇ ਵਸਨੀਕ ਕੁਰੈਸ਼ੀ ਨੇ ਦਸਿਆ, ‘‘ਜਦੋਂ ਅਸੀਂ ਮਲਬੇ ਦੇ ਆਖਰੀ ਹਿੱਸੇ ’ਤੇ ਪਹੁੰਚੇ ਤਾਂ ਉਹ (ਮਜ਼ਦੂਰ) ਸਾਡੀ ਗੱਲ ਸੁਣ ਸਕਦੇ ਸਨ। ਮਲਬਾ ਹਟਾਉਣ ਤੋਂ ਤੁਰਤ ਬਾਅਦ ਅਸੀਂ ਦੂਜੇ ਪਾਸੇ ਉਤਰ ਗਏ। ਵਰਕਰਾਂ ਨੇ ਮੇਰਾ ਧੰਨਵਾਦ ਕੀਤਾ ਅਤੇ ਮੈਨੂੰ ਗਲੇ ਲਗਾਇਆ। ਉਨ੍ਹਾਂ ਮੈਨੂੰ ਅਪਣੇ ਮੋਢਿਆਂ ’ਤੇ ਵੀ ਚੁੱਕ ਲਿਆ।’’ ਕੁਰੈਸ਼ੀ ਨੇ ਕਿਹਾ ਕਿ ਉਹ ਮਜ਼ਦੂਰਾਂ ਨਾਲੋਂ ਵੀ ਵੱਧ ਖੁਸ਼ੀ ਮਹਿਸੂਸ ਕਰ ਰਿਹਾ ਹੈ। ਕੁਰੈਸ਼ੀ ਦਿੱਲੀ ਸਥਿਤ ਰਾਕਵੈਲ ਐਂਟਰਪ੍ਰਾਈਜ਼ਜ਼ ਦਾ ਕਰਮਚਾਰੀ ਹੈ ਅਤੇ ਸੁਰੰਗ ਬਣਾਉਣ ਦੇ ਕੰਮ ਦਾ ਮਾਹਰ ਹੈ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਰਹਿਣ ਵਾਲੇ ਕੁਮਾਰ ਨੇ ਕਿਹਾ, ‘‘ਉਨ੍ਹਾਂ (ਮਜ਼ਦੂਰਾਂ) ਨੇ ਮੈਨੂੰ ਬਦਾਮ ਦਿਤੇ ਅਤੇ ਮੇਰਾ ਨਾਂ ਪੁਛਿਆ। ਇਸ ਤੋਂ ਬਾਅਦ ਸਾਡੇ ਹੋਰ ਸਾਥੀ ਵੀ ਸਾਡੇ ਨਾਲ ਜੁੜ ਗਏ ਅਤੇ ਅਸੀਂ ਲਗਭਗ ਅੱਧਾ ਘੰਟਾ ਉੱਥੇ ਰਹੇ।’’ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਬਾਅਦ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨ.ਡੀ.ਆਰ.ਐੱਫ.) ਦੇ ਜਵਾਨ ਸੁਰੰਗ ਦੇ ਅੰਦਰ ਗਏ। ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਦੇ ਜਵਾਨਾਂ ਦੇ ਪਹੁੰਚਣ ਤੋਂ ਬਾਅਦ ਹੀ ਉਹ ਵਾਪਸ ਆਏ। ਰਾਕਵੈਲ ਐਂਟਰਪ੍ਰਾਈਜ਼ਜ਼ ਦੀ 12 ਮੈਂਬਰੀ ਟੀਮ ਦੇ ਮੁਖੀ ਵਕੀਲ ਹਸਨ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਬਚਾਅ ਮੁਹਿੰਮ ਵਿਚ ਸ਼ਾਮਲ ਇਕ ਕੰਪਨੀ ਨੇ ਉਨ੍ਹਾਂ ਤੋਂ ਮਦਦ ਮੰਗੀ ਸੀ।
(For more news apart from Uttarkashi Tunnel Rescue, stay tuned to Rozana Spokesman)