
ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ ਸ਼ਿੰਦੇ ਸਿੱਧਾ ਜੱਦੀ ਪਿੰਡ ਪਹੁੰਚੇ
ਮੁੰਬਈ : ਸਾਬਕਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਅਪਣੇ ਜੱਦੀ ਪਿੰਡ ਦੇ ਦੌਰੇ ਕਾਰਨ ਸ਼ੁਕਰਵਾਰ ਨੂੰ ਹੋਣ ਵਾਲੀ ਮਹਾਯੁਤੀ ਦੀ ਅਹਿਮ ਬੈਠਕ ਮੁਲਤਵੀ ਕਰ ਦਿਤੀ ਗਈ, ਜਿਸ ਕਾਰਨ ਚੋਣ ਨਤੀਜਿਆਂ ਦੇ ਐਲਾਨ ਦੇ ਇਕ ਹਫ਼ਤੇ ਬਾਅਦ ਵੀ ਨਵੀਂ ਸਰਕਾਰ ਨਹੀਂ ਬਣ ਸਕੀ ਹੈ।
ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਸੂਤਰਾਂ ਨੇ ਦਸਿਆ ਕਿ ਹੁਣ ਮਹਾਯੁਤੀ ਦੀ ਬੈਠਕ ਐਤਵਾਰ ਨੂੰ ਮੁੰਬਈ ’ਚ ਹੋਣ ਦੀ ਉਮੀਦ ਹੈ। ਮਹਾਯੁਤੀ ਦੀ ਸੱਭ ਤੋਂ ਵੱਡੀ ਭਾਈਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਨੇ ਕਿਹਾ ਕਿ ਉਹ ਵਿਧਾਇਕ ਦਲ ਦੀ ਬੈਠਕ ਲਈ ਕੇਂਦਰੀ ਨਿਗਰਾਨਾਂ ਦੇ ਆਉਣ ਦੀ ਉਡੀਕ ਕਰ ਰਹੇ ਹਨ।
ਇਸ ਦੌਰਾਨ ਸ਼ਿਵ ਸੈਨਾ ਆਗੂ ਉਦੈ ਸਾਮੰਤ ਨੇ ਇਨ੍ਹਾਂ ਕਿਆਸਅਰਾਈਆਂ ਨੂੰ ਖਾਰਜ ਕਰ ਦਿਤਾ ਕਿ ਸ਼ਿੰਦੇ ਪਰੇਸ਼ਾਨ ਹਨ ਅਤੇ ਇਸ ਲਈ ਉਹ ਅਪਣੇ ਜੱਦੀ ਪਿੰਡ ਲਈ ਰਵਾਨਾ ਹੋ ਗਏ ਹਨ। ਸੂਤਰਾਂ ਨੇ ਦਸਿਆ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਅਗਲੇ ਹਫਤੇ ਹੋਣ ਦੀ ਸੰਭਾਵਨਾ ਹੈ।
ਸ਼ਿੰਦੇ ਨੇ ਵੀਰਵਾਰ ਰਾਤ ਨੂੰ ਨਵੀਂ ਦਿੱਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸਰਕਾਰ ਗਠਨ ’ਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਨਾਲ ਵਿਚਾਰ-ਵਟਾਂਦਰੇ ਸਕਾਰਾਤਮਕ ਰਹੇ ਅਤੇ ਅਗਲੇ ਦੌਰ ਦੀ ਚਰਚਾ ਸ਼ੁਕਰਵਾਰ ਨੂੰ ਮੁੰਬਈ ’ਚ ਹੋਵੇਗੀ। ਹਾਲਾਂਕਿ ਭਾਜਪਾ ਸੂਤਰਾਂ ਨੇ ਕਿਹਾ ਕਿ ਸ਼ੁਕਰਵਾਰ ਨੂੰ ਮਹਾਯੁਤੀ ਨੇਤਾਵਾਂ ਦੀ ਕੋਈ ਬੈਠਕ ਤੈਅ ਨਹੀਂ ਸੀ।
ਅਪਣੀ ਦਿੱਲੀ ਯਾਤਰਾ ਦੌਰਾਨ ਸ਼ਿੰਦੇ ਨੇ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਸੂਬੇ ’ਚ ਅਗਲੀ ਸਰਕਾਰ ਦੇ ਗਠਨ ਬਾਰੇ ਵਿਚਾਰ-ਵਟਾਂਦਰੇ ਕੀਤੇ। ਸ਼ਿੰਦੇ ਦੇ ਸਹਿਯੋਗੀ ਦੇਵੇਂਦਰ ਫੜਨਵੀਸ (ਭਾਜਪਾ) ਅਤੇ ਅਜੀਤ ਪਵਾਰ (ਐਨ.ਸੀ.ਪੀ.) ਨੇ ਵੀ ਸ਼ਾਹ ਨਾਲ ਮੁਲਾਕਾਤ ਕੀਤੀ।
ਸ਼ਿੰਦੇ ਸ਼ੁਕਰਵਾਰ ਸਵੇਰੇ ਮੁੰਬਈ ਵਾਪਸ ਆਏ। ਸ਼ਿਵ ਸੈਨਾ ਦੇ ਸੂਤਰਾਂ ਮੁਤਾਬਕ ਉਹ ਸ਼ਾਮ ਨੂੰ ਪਛਮੀ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ’ਚ ਅਪਣੇ ਜੱਦੀ ਪਿੰਡ ਦਾਰੇ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਸ਼ਿੰਦੇ ਦਖਣੀ ਮੁੰਬਈ ’ਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਵਰਸ਼ਾ’ ’ਚ ਸਨ, ਜਿੱਥੇ ਉਨ੍ਹਾਂ ਨੇ ਪਾਰਟੀ ਆਗੂਆਂ ਅਤੇ ਵਿਧਾਇਕਾਂ ਸਮੇਤ ਕਈ ਮਹਿਮਾਨਾਂ ਨਾਲ ਮੁਲਾਕਾਤ ਕੀਤੀ।
ਸ਼ਿਵ ਸੈਨਾ ਆਗੂ ਸ਼ਿੰਦੇ ਨੇ ਵਾਰ-ਵਾਰ ਕਿਹਾ ਹੈ ਕਿ ਉਹ ਸਰਕਾਰ ਬਣਾਉਣ ਵਿਚ ਰੁਕਾਵਟ ਨਹੀਂ ਬਣਨਗੇ ਅਤੇ ਅਗਲੇ ਮੁੱਖ ਮੰਤਰੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹ ਦੇ ਫੈਸਲੇ ਦਾ ਪਾਲਣ ਕਰਨਗੇ।
ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਸ਼ਿਵ ਸੈਨਾ ’ਚ ਅਗਲੀ ਸਰਕਾਰ ’ਚ ਸ਼ਿੰਦੇ ਦੀ ਜਗ੍ਹਾ ਨੂੰ ਲੈ ਕੇ ਵੱਖ-ਵੱਖ ਵਿਚਾਰ ਉੱਭਰ ਰਹੇ ਹਨ। ਸ਼ਿਵ ਸੈਨਾ ਦੇ ਕਈ ਆਗੂ ਸ਼ਿੰਦੇ ਨੂੰ ਭਾਜਪਾ ਵਲੋਂ ਪੇਸ਼ ਕੀਤੇ ਗਏ ਉਪ ਮੁੱਖ ਮੰਤਰੀ ਦੇ ਅਹੁਦੇ ਨੂੰ ਮਨਜ਼ੂਰ ਕਰਨ ਲਈ ਕਹਿ ਰਹੇ ਹਨ।
ਸੂਤਰਾਂ ਨੇ ਦਸਿਆ ਕਿ ਹਾਲਾਂਕਿ ਇਕ ਹੋਰ ਵਰਗ ਦਾ ਮੰਨਣਾ ਹੈ ਕਿ ਢਾਈ ਸਾਲ ਤੋਂ ਵੱਧ ਸਮੇਂ ਤਕ ਮੁੱਖ ਮੰਤਰੀ ਰਹਿਣ ਤੋਂ ਬਾਅਦ ਉਪ ਮੁੱਖ ਮੰਤਰੀ ਦਾ ਅਹੁਦਾ ਮਨਜ਼ੂਰ ਕਰਨਾ ਉਨ੍ਹਾਂ ਲਈ ਸਹੀ ਨਹੀਂ ਹੋਵੇਗਾ। ਭਾਜਪਾ ਵਿਧਾਇਕਾਂ ਨੂੰ ਵਿਧਾਇਕ ਦਲ ਦੀ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਜਿਸ ’ਚ ਉਹ ਅਪਣਾ ਨੇਤਾ ਚੁਣਨਗੇ।
ਫੜਨਵੀਸ ਵੀ ਸਰਕਾਰ ਦੇ ਗਠਨ ਬਾਰੇ ਵਿਚਾਰ ਵਟਾਂਦਰੇ ਲਈ ਦਿੱਲੀ ’ਚ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਸ਼ੁਕਰਵਾਰ ਨੂੰ ਮੁੰਬਈ ਵਾਪਸ ਆਏ। ਸੂਤਰਾਂ ਨੇ ਦਸਿਆ ਕਿ ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਨੇਤਾਵਾਂ ਨੇ ਗੈਰ ਰਸਮੀ ਵਿਚਾਰ ਵਟਾਂਦਰੇ ਕੀਤੇ ਅਤੇ ਸੂਬਾ ਇਕਾਈ ਕੇਂਦਰੀ ਨਿਗਰਾਨਾਂ ਦੇ ਆਉਣ ਦੀ ਉਡੀਕ ਕਰ ਰਹੀ ਹੈ।
ਸ਼ਿੰਦੇ, ਫੜਨਵੀਸ ਅਤੇ ਪਵਾਰ ਨੇ ਵੀਰਵਾਰ ਦੇਰ ਰਾਤ ਭਾਜਪਾ ਪ੍ਰਧਾਨ ਜੇ.ਪੀ. ਨਰਸਿਮਹਾ ਰਾਓ ਨਾਲ ਮੁਲਾਕਾਤ ਕੀਤੀ ਅਤੇ ਮਹਾਰਾਸ਼ਟਰ ’ਚ ਅਗਲੀ ਸਰਕਾਰ ਲਈ ਸੱਤਾ ਦੀ ਵੰਡ ਲਈ ਦਬਾਅ ਪਾਇਆ। ਉਨ੍ਹਾਂ ਨੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਸ਼ਾਹ ਨਾਲ ਵੀ ਮੁਲਾਕਾਤ ਕੀਤੀ।
ਛਤਰਪਤੀ ਸੰਭਾਜੀਨਗਰ ’ਚ ਸ਼ਿਵ ਸੈਨਾ ਨੇਤਾ ਸੰਜੇ ਸ਼ਿਰਸਤ ਨੇ ਕਿਹਾ ਕਿ ਜੇਕਰ ਸ਼ਿੰਦੇ ਨਵੀਂ ਸਰਕਾਰ ’ਚ ਉਪ ਮੁੱਖ ਮੰਤਰੀ ਦਾ ਅਹੁਦਾ ਮਨਜ਼ੂਰ ਨਹੀਂ ਕਰਦੇ ਤਾਂ ਇਹ ਅਹੁਦਾ ਉਨ੍ਹਾਂ ਦੀ ਪਾਰਟੀ ਦੇ ਕਿਸੇ ਮੈਂਬਰ ਨੂੰ ਦਿਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਰਸਤ ਨੇ ਕਿਹਾ ਕਿ ਸ਼ਿੰਦੇ ਨਿਸ਼ਚਤ ਤੌਰ ’ਤੇ ਕੇਂਦਰੀ ਮੰਤਰੀ ਵਜੋਂ ਕੇਂਦਰ ਸਰਕਾਰ ਦਾ ਹਿੱਸਾ ਨਹੀਂ ਹੋਣਗੇ।
ਜ਼ਿਕਰਯੋਗ ਹੈ ਕਿ 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਲਈ ਹਾਲ ਹੀ ’ਚ ਹੋਈਆਂ ਚੋਣਾਂ ’ਚ ਭਾਜਪਾ ਨੇ 132, ਸ਼ਿਵ ਸੈਨਾ ਨੇ 57 ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ 41 ਸੀਟਾਂ ਜਿੱਤੀਆਂ ਸਨ।