
ਅਦਾਲਤ ਨੇ ਸੰਭਲ ਮਸਜਿਦ ਵਿਵਾਦ ’ਚ ਹੇਠਲੀ ਅਦਾਲਤ ਦੀ ਕਾਰਵਾਈ ’ਤੇ ਰੋਕ ਲਾਈ, ਸਰਕਾਰ ਨੂੰ ਸ਼ਾਂਤੀ ਕਾਇਮ ਰੱਖਣ ਲਈ ਕਿਹਾ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਸੰਭਲ ਦੀ ਇਕ ਹੇਠਲੀ ਅਦਾਲਤ ਨੂੰ ਚੰਦੌਸੀ ਸਥਿਤ ਮੁਗਲਕਾਲੀਨ ਸ਼ਾਹੀ ਜਾਮਾ ਮਸਜਿਦ ਦੇ ਸਰਵੇਖਣ ਮਾਮਲੇ ’ਚ ਕਾਰਵਾਈ ਨੂੰ ਅਸਥਾਈ ਰੂਪ ਨਾਲ ਰੋਕਣ ਦਾ ਹੁਕਮ ਦਿਤਾ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਹਿੰਸਾ ਪ੍ਰਭਾਵਤ ਸ਼ਹਿਰ ’ਚ ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣ ਨੂੰ ਕਿਹਾ।
ਬੀਤੀ 19 ਨਵੰਬਰ ਨੂੰ ਸੰਭਲ ਦੇ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੀ ਅਦਾਲਤ ਨੇ ਹਿੰਦੂ ਪੱਖ ਦੀ ਅਪੀਲ ’ਤੇ ਧਿਆਨ ਦੇਣ ਤੋਂ ਬਾਅਦ ‘ਐਡਵੋਕੇਟ ਕਮਿਸ਼ਨਰ’ ਤੋਂ ਮਸਜਿਦ ਦਾ ਸਰਵੇਖਣ ਕਰਵਾਉਣ ਦਾ ਇਕਪਾਸੜ ਹੁਕਮ ਪਾਸ ਕੀਤਾ ਸੀ। ਅਪੀਲ ’ਚ ਦਾਅਵਾ ਕੀਤਾ ਗਿਆ ਸੀ ਕਿ ਮਸਜਿਦ ਦਾ ਨਿਰਮਾਣ ਮੁਗਲ ਸਮਰਾਟ ਬਾਬਰ ਨੇ 1526 ’ਚ ਇਕ ਮੰਦਰ ਨੂੰ ਤੋੜ ਕੇ ਕਰਵਾਇਆ ਸੀ। ਹੁਕਮ ਤੋਂ ਬਾਅਦ 24 ਨਵੰਬਰ ਨੂੰ ਇਲਾਕੇ ’ਚ ਹਿੰਸਾ ਹੋਈ ਜਿਸ ’ਚ ਚਾਰ ਲੋਕਾਂ ਦੀ ਜਾਨ ਚਲੀ ਗਈ।
ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਸੰਭਲ ਜ਼ਿਲ੍ਹੇ ’ਚ ਸ਼ਾਂਤੀ ਕਾਇਮ ਰੱਖਣ ਦੇ ਮਹੱਤਵ ’ਤੇ ਜ਼ੋਰ ਦਿਤਾ ਅਤੇ ਹੁਕਮ ਦਿਤਾ ਕਿ ਮਸਜਿਦ ਸਰਵੇਖਣ ਤੋਂ ਬਾਅਦ ‘ਕੋਰਟ ਕਮਿਸ਼ਨਰ’ ਵਲੋਂ ਤਿਆਰ ਕੀਤੀ ਗਈ ਰੀਪੋਰਟ ਨੂੰ ਸੀਲਬੰਦ ਕਰ ਦਿਤਾ ਜਾਵੇ ਅਤੇ ਇਸ ਤੋਂ ਅਗਲ ਹੁਕਮ ਤਕ ਨਾ ਖੋਲ੍ਹਿਆ ਜਾਵੇ। ਇਸ ’ਚ ਕਿਹਾ ਗਿਆ ਕਿ ਸਰਵੇਖਣ ਹੁਕਮ ਵਿਰੁਧ ਸ਼ਾਹੀ ਜਾਮਾ ਮਸਜਿਦ ਕਮੇਟੀ ਵਲੋਂ ਤਿਆਰ ਅਪੀਲ ਨੂੰ ਤਿੰਨ ਕੰਮਕਾਜੀ ਦਿਨਾਂ ਅੰਦਰ ਇਲਾਹਾਬਾਦ ਹਾਈ ਕੋਰਟ ਸਾਹਮਣੇ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ।
ਇਸ ਹੁਕਮ ਦਾ ਵਿਵਾਦ ਨਾਲ ਜੁੜੀਆਂ ਦੋਹਾਂ ਧਿਰਾਂ ਨੇ ਸਵਾਗਤ ਕੀਤਾ ਹੈ। ਮਸਜਿਦ ਕਮਟੀ ਦੇ ਵਕਲ ਸ਼ਕੀਲ ਅਹਿਮਦ ਵਾਰਸੀ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਹੁਕਮ ਬਿਹਤਰ ਹੈ। ਜਦਕਿ ਹਿੰਦੂ ਪੱਖ ਦੇ ਵਕਲ ਸ੍ਰੀਗੋਪਾਲ ਸ਼ਰਮਾ ਨੇ ਕਿਹਾ, ‘‘ਸਿਖਰਲੀ ਅਦਾਲਤ ਦਾ ਫੈਸਲਾ ਸਿਰ ਅੱਖਾਂ ’ਤੇ ਹੈ।’’ ਉਨ੍ਹਾਂ ਕਿਹਾ ਕਿ ਕਿਸੇ ਵੀ ਅਦਾਲਤ ਦਾ ਫੈਸਲਾ ਹੋਵੇ ਸਾਰਿਆਂ ਨੂੰ ਉਸ ਦਾ ਪਾਲਣ ਕਰਨਾ ਚਾਹੀਦਾ ਹੈ।
ਦੂਜੇ ਪਾਸੇ ਹਿੰਸਾ ਤੋਂ ਕਈ ਦਿਨ ਬਾਅਦ ਸੰਭਲ ’ਚ ਇੰਟਰਨੈੱਟ ਸੇਵਾ ਸ਼ੁਕਰਵਾਰ ਸ਼ਾਮ 4 ਵਜੇ ਬਹਾਲ ਕਰ ਦਿਤੀ ਗਈ। ਸਖ਼ਤ ਸੁਰੱਖਿਆ ਵਿਚਕਾਰ ਜ਼ਿਲ੍ਹੇ ’ਚ ਸ਼ਾਹੀ ਜਾਮਾ ਮਸਜਿਦ ਅਤੇ ਹੋਰ ਥਾਵਾਂ ’ਤੇ ਜੁਮੇ ਦੀ ਨਮਾਜ਼ ਸ਼ਾਂਤਮਈ ਤਰੀਕੇ ਨਾਲ ਅਦਾ ਕਰਨ ਤੋਂ ਬਾਅਦ ਇਹ ਕਦਮ ਚੁਕਿਆ ਗਿਆ। ਸਮਾਜਵਾਦੀ ਪਾਰਟੀ ਦਾ ਇਕ 15 ਮੈਂਬਰੀ ਵਫ਼ਦ ਹਿੰਸਾ ਨਾਲ ਸਬੰਧਤ ਜਾਣਕਾਰੀ ਲੈਣ ਲਈ ਸੰਭਲ ਜਾਵੇਗਾ ਅਤੇ ਉਥੋਂ ਦੀ ਵਿਸਤ੍ਰਿਤ ਰੀਪੋਰਟ ਲੈ ਕੇ ਪਾਰਟੀ ਪ੍ਰਧਾਨ ਨੂੰ ਸੌਂਪੇਗਾ।